ਮੇਲੇ ਵਿੱਚ ਬਣਾਇਆ ਗਿਆ ਆਈਫਲ ਟਾਵਰ ਡਿੱਗਿਆ, ਟਾਵਰ ਹੇਠਾਂ ਆਉਣ ਕਾਰਨ ਚਾਰ ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਮੌਤ (ਵੀਡੀਓ ਵੀ ਦੇਖੋ)
ਰਿਪੋਰਟਰ ---ਰੋਹਿਤ ਗੁਪਤਾ
ਗੁਰਦਾਸਪੁਰ, 19 ਅਪ੍ਰੈਲ 2024 - ਗੁਰਦਾਸਪੁਰ ਦੇ ਹਰਦੋਛੱਨੀ ਰੋਡ ਤੇ ਚੱਲ ਰਹੇ ਦੁਬਈ ਕਰਾਫਟ ਮੇਲੇ ਵਿੱਚ ਇਕਦਮ ਚਲੀ ਤੇਜ਼ ਹਵਾ ਕਾਰਨ ਮੇਲੇ ਵਿੱਚ ਬਣਾਇਆ ਗਿਆ ਨਕਲੀ ਆਈਫਲ ਟਾਵਰ ਡਿੱਗ ਗਿਆ।ਇੱਕ 29 ਸਾਲਾ ਨੌਜਵਾਨ ਰਵਿੰਦਰ ਕੁਮਾਰ ਦੀ ਟਾਵਰ ਹੇਠਾਂ ਆਉਣ ਦੇ ਨਾਲ ਮੌਤ ਹੋ ਗਈ ਅਤੇ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/1234108897436843
ਟਾਵਰ ਦਾ ਮਾਡਲ ਡਿੱਗਣ ਦੇ ਨਾਲ ਪੂਰੇ ਮੇਲੇ ਵਿੱਚ ਹਫੜਾ ਦਫੜੀ ਮੱਚ ਗਈ ਅਤੇ ਮੇਲੇ ਨੂੰ ਬੰਦ ਕਰਾ ਦਿੱਤਾ ਗਿਆ। ਫਿਲਹਾਲ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ। ਦੱਸ ਦਈਏ ਕਿ ਮੇਲੇ ਵਿੱਚ ਲੋਕਾਂ ਨੂੰ ਖਿੱਚਣ ਲਈ ਮੇਲੇ ਦੇ ਪ੍ਰਬੰਧਕਾਂ ਵੱਲੋਂ ਬੁਰਜ ਖਲੀਫਾ ਅਤੇ ਆਈਫਲ ਟਾਵਰ ਦੇ ਮਾਡਲ ਬਣਾਏ ਗਏ ਸਨ ਜੋ ਰਾਤ ਨੂੰ ਜਗਮਗ ਕਰਦੇ ਸੀ।
ਮ੍ਰਿਤਕ ਦੇ ਦੋਸਤ ਗਗਨ ਸ਼ਰਮਾਂ ਨੇ ਦੱਸਿਆ ਕਿ ਉਹ ਮੇਲਾ ਦੇਖਣ ਦੇ ਲਈ ਕਲੀਚਪੁਰ ਪਿੰਡ ਤੋਂ ਆਏ ਸਨ ਅਚਾਨਕ ਤੇਜ਼ ਹਵਾਵਾਂ ਚੱਲਣ ਦੇ ਨਾਲ ਆਈਫਲ ਟਾਵਰ ਡਿੱਗ ਗਿਆ।ਉਨਾਂ ਨੇ ਦੌੜਨ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਟਾਵਰ ਡਿੱਗ ਚੁੱਕਾ ਸੀ ਅਤੇ ਉਸਦਾ ਦੋਸਤ ਟਾਵਰ ਦੀ ਚਪੇਟ ਵਿੱਚ ਆ ਚੁੱਕਿਆ ਸੀ। ਜਿਸ ਕਾਰਨ ਉਸ ਦਾ ਸਾਥੀ ਪਿੰਡ ਕਲੀਚਪੁਰ ਦਾ ਰਹਿਣ ਵਾਲਾ ਰਵਿੰਦਰ ਕੁਮਾਰ ਨਾਮਕ ਨੌਜਵਾਨ ਉਸਦੇ ਹੇਠਾਂ ਦੱਬ ਗਿਆ ਜਿਸ ਨੂੰ ਬੜੀ ਮੁਸ਼ਕਿਲ ਦੇ ਨਾਲ ਬਾਹਰ ਕੱਢਿਆ ਗਿਆ ਜਦੋਂ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਉਸ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ ਚਾਰ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਹ ਬੇਹਦ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ।
ਮੌਕੇ ਤੇ ਖੜੇ ਇੱਕ ਮਜ਼ਦੂਰ ਮੋਨਿਸ਼ ਨੇ ਦੱਸਿਆ ਕਿ ਹਵਾ ਚੱਲਣ ਦੇ ਕਾਰਨ ਇਹ ਟਾਵਰ ਡਿੱਗਿਆ ਹੈ। ਜਿਸ ਦੇ ਨਾਲ ਮੇਲੇ ਵਿੱਚ ਹਫ਼ੜਾ ਦਫੜੀ ਮੱਚ ਗਈ ਅਤੇ ਟਾਵਰ ਹੇਠਾਂ ਇੱਕ ਨੌਜਵਾਨ ਬੁਰੀ ਤਰ੍ਹਾਂ ਦੇ ਨਾਲ ਫਸ ਗਿਆ ਅਤੇ ਇੱਕ ਨੌਜਵਾਨ ਮਾਮੂਲੀ ਜਖਮੀ ਹੋਇਆ ਹੈ। ਟਾਵਰ ਹੇਠਾਂ ਫਸੇ ਨੌਜਵਾਨ ਦੀ ਮੌਤ ਹੋ ਚੁੱਕੀ ਹੈ।
ਮੌਕੇ ਤੇ ਪਹੁੰਚੇ ਐਸਐਚਓ ਸਦਰ ਅਮਨਦੀਪ ਸਿੰਘ ਨੇ ਦੱਸਿਆ ਕਿ ਟਾਵਰ ਡਿੱਗਣ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋਈ ਹੈ ਅਤੇ ਇੱਕ ਜਖਮੀ ਹੋਇਆ ਹੈ। ਜ਼ਖਮੀ ਦਾ ਇਲਾਜ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਖੇ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੇਲਾ 5 ਵਜੇ ਤੋਂ ਬਾਅਦ ਸ਼ੁਰੂ ਹੁੰਦਾ ਹੈ ਪਰ ਇਹ ਕੁਝ ਨੌਜਵਾਨ ਪਹਿਲਾਂ ਹੀ ਮੇਲੇ ਅੰਦਰ ਦਾਖਲ ਹੋ ਗਏ ਸਨ। ਮੇਲੇ ਵਿੱਚ ਕੋਈ ਮੁੱਡਲੀ ਸਹਾਇਤਾ ਹੈ ਸੀ ਜਾਂ ਨਹੀ ਇਸ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ। ਅਤੇ ਇਸ ਸਬੰਧੀ ਮੇਲੇ ਦੇ ਪ੍ਰਬੰਧਕ ਨਾਲ ਵੀ ਗੱਲ ਕੀਤੀ ਜਾਵੇਗੀ। ਜੇਕਰ ਕੋਈ ਦੋਸ਼ੀ ਹੋਵੇਗਾ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।