ਰੂਪਨਗਰ ਵਿਖੇ ਇਮਾਰਤ ਡਿੱਗਣ ਸੰਬੰਧੀ ਬਚਾਅ ਓਪਰੇਸ਼ਨ ਹੋਇਆ ਪੂਰਾ
•2 ਦਿਨ ਦੀ ਮੁਸ਼ੱਕਤ ਤੋਂ ਬਾਅਦ ਮਿਲੀ 5ਵੇ ਮਜ਼ਦੂਰ ਅਭੀਸ਼ੇਕ ਦੀ ਮ੍ਰਿਤਕ ਦੇਹ
ਬਚਾਅ ਓਪਰੇਸ਼ਨ ਵਿਚ ਐਨ.ਡੀ.ਆਰ.ਐਫ ਦੀਆਂ 3 ਟੀਮਾਂ ਨਾਲਾਗੜ੍ਹ ਟੀਮ, ਲਾਡੋਵਾਲ (ਲੁਧਿਆਣਾ ਟੀਮ) ਅਤੇ ਬਠਿੰਡਾ ਦੀਆਂ ਟੀਮਾਂ ਨੇ ਅਸਿਸਟੈਂਟ ਕਮਾਂਡਰ ਸ਼੍ਰੀ ਦਵਿੰਦਰ ਪ੍ਰਕਾਸ਼ ਦੀ ਅਗਵਾਈ ਵਿਚ ਕੰਮ ਕੀਤਾ
5 ਸਬ ਇੰਸਪੈਕਟਰ ਅਤੇ 90 ਰੇਸਕਿਊ ਕਰਮੀ ਸ਼ਾਮਿਲ
ਓਪਰੇਸ਼ਨ ਨੂੰ ਲਗਭਗ 44 ਘੰਟੇ ਲਗਾਤਾਰ ਚਲਾਇਆ ਗਿਆ
ਕਿਸੇ ਵੀ ਇਮਾਰਤ ਦੀ ਮੁਰੰਮਤ ਅਤੇ ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਨਕਸ਼ਾ ਤੇ ਕੰਮ ਦੀ ਪ੍ਰਵਾਨਗੀ ਨਗਰ ਕੌਂਸਿਲ ਤੋਂ ਲੈਣਾ ਲਾਜ਼ਮੀ
ਰੂਪਨਗਰ, 20 ਅਪ੍ਰੈਲ 2024: ਰੂਪਨਗਰ ਦੀ ਪ੍ਰੀਤ ਕਲੋਨੀ ਵਿਖੇ ਇਮਾਰਤ ਡਿੱਗਣ ਕਾਰਨ 5 ਮਜ਼ਦੂਰ ਦੱਬੇ ਗਏ ਸਨ ਜਿਸ ਉਪਰੰਤ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਐੱਸ.ਐੱਸ.ਪੀ. ਸ. ਗੁਲਨੀਤ ਸਿੰਘ ਖੁਰਾਨਾ ਦੀ ਅਗਵਾਈ ਹੇਠ ਐਨ.ਡੀ.ਆਰ.ਐਫ., ਐਸ.ਡੀ.ਆਰ.ਐਫ. ਅਤੇ ਆਈ.ਟੀ.ਬੀ.ਪੀ. ਦੀਆਂ ਟੀਮਾਂ ਵੱਲੋਂ ਮੌਕੇ ਉੱਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਸੀ ਜਿਸ ਦੌਰਾਨ 4 ਮਜ਼ਦੂਰਾਂ ਨੂੰ ਕੱਢ ਲਿਆ ਗਿਆ ਸੀ ਪਰ ਬਦਕਿਸਮਤੀ ਨਾਲ ਉਨ੍ਹਾਂ ਵਿਚੋਂ ਇੱਕ ਨੂੰ ਬਚਾਇਆ ਦਾ ਸਕਿਆ ਅਤੇ ਇੱਕ ਅਭਿਸ਼ੇਕ ਨਾਂ ਦੇ ਮਜ਼ਦੂਰ ਨੂੰ 2 ਦਿਨ ਦੇ ਅਣਥੱਕ ਮਿਹਨਤ ਨਾਲ ਲੱਭਿਆ ਜਾ ਰਿਹਾ ਸੀ ਜਿਸ ਨੂੰ ਡਿਟੇਕਸ਼ਨ ਡਾਗ ਦੀ ਮੱਦਦ ਨਾਲ ਅੱਜ ਲੱਭ ਲਿਆ ਗਿਆ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/1098628158107883
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੱਸਿਆ ਕਿ ਦੁਰਘਟਨਾ ਹੋਣ ਤੋਂ ਤੁਰੰਤ ਬਾਅਦ ਹੀ ਐਨ.ਡੀ.ਆਰ.ਐਫ., ਐਸ.ਡੀ.ਆਰ.ਐਫ. ਅਤੇ ਆਈ.ਟੀ.ਬੀ.ਪੀ. ਦੀਆਂ ਟੀਮਾਂ ਵੱਲੋਂ ਬਚਾਅ ਮੁਹਿੰਮ ਸ਼ੁਰੂ ਕਰ ਦਿੱਤਾ ਗਿਆ ਸੀ, ਤਕਨੀਕੀ ਸਲਾਹਕਾਰਾਂ ਦੀ ਸਲਾਹ ਨਾਲ ਪੜਾਅ ਵਾਰ ਮਜ਼ਦੂਰਾਂ ਨੂੰ ਕੱਢਿਆ ਗਿਆ ਅਤੇ 2 ਮਰੀਜ਼ ਨੂੰ ਜਿਉਂਦੇ ਬਾਹਰ ਕੱਢਿਆ ਗਿਆ ਹੈ ਜਿਨ੍ਹਾਂ ਨੂੰ ਐਮਰਜੈਂਸੀ ਸੇਵਾਵਾਂ ਦੇ ਕੇ ਪੀ ਜੀ ਆਈ ਚੰਡੀਗੜ੍ਹ ਭੇਜਿਆ ਗਿਆ ਸੀ ਉਨ੍ਹਾਂ ਵਿਚੋਂ ਇਕ ਮਜ਼ਦੂਰ ਦੀ ਮੌਤ ਹੋ ਗਈ ਸੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਘਟਨਾ ਉਸ ਸਮੇ ਵਾਪਰੀ ਜਦੋਂ ਘਰ ਦੀਆਂ ਕੰਧਾਂ ਦੇ ਉੱਤੇ ਪੁਰਾਣੇ ਲੈਂਟਰ ਨੂੰ ਜੈਕ ਰਾਹੀਂ ਚੱਕ ਕੇ ਉੱਚਾ ਕੀਤਾ ਜਾ ਰਿਹਾ ਸੀ ਅਤੇ ਅਚਾਨਕ ਇਹ ਪੁਰਾਣੀ ਇਮਾਰਤ ਢਹਿ ਗਈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਐਕਸਪ੍ਰਰਟ ਤੇ ਤਕਨੀਕੀ ਸਲਾਹਕਾਰਾਂ ਦੀ ਕਮੇਟੀ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਸ ਦੀ ਰਿਪੋਰਟ ਜਲਦ ਹੀ ਆ ਜਾਵੇਗੀ ਜਿਸ ਤੋਂ ਬਾਅਦ ਹੀ ਦੁਰਘਟਨਾ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।
ਉਨ੍ਹਾਂ ਕਿਹਾ ਕਿ ਹੁਣ ਤੱਕ ਦੀ ਹੋਈ ਤਕਨੀਕੀ ਜਾਂਚ ਦੀ ਜਾਣਕਾਰੀ ਅਨੁਸਾਰ ਇਹ ਪਤਾ ਲੱਗਿਆ ਹੈ ਕਿ ਇਹ ਇਮਾਰਤ ਕਾਫੀ ਪੁਰਾਣੀ ਸੀ ਅਤੇ ਇਮਾਰਤ ਦਾ ਲੈਂਟਰ ਚੁੱਕਣਾ ਸਹੀ ਨਹੀਂ ਸੀ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਇਸ ਸਾਰੇ ਬਚਾਅ ਕਾਰਜ ਨੂੰ ਬਿਨ੍ਹਾਂ ਕਿਸੇ ਜੇ.ਸੀ.ਬੀ. ਤੇ ਹੋਰ ਵੱਡੀ ਮਸ਼ੀਨਰੀ ਦੀ ਮੱਦਦ ਨਾਲ ਕੀਤਾ ਗਿਆ ਕਿਉਂ ਕਿ ਇਸ ਦੇ ਨਾਲ ਹੀ ਤੰਗ ਗਲੀਆਂ ਅਤੇ ਲੋਕਾਂ ਦੀਆਂ ਰਿਹਾਇਸ਼ੀ ਇਮਾਰਤਾਂ ਸਨ। ਕਿਸੇ ਵੀ ਤਰ੍ਹਾਂ ਦੇ ਖਤਰੇ ਤੋਂ ਬੱਚਦੇ ਹੋਏ ਇਹ ਓਪਰੇਸ਼ਨ ਐਨ.ਡੀ.ਆਰ.ਐਫ ਤੇ ਐਸ.ਡੀ.ਆਰ.ਐਫ ਦੀਆਂ ਟੀਮਾਂ ਵਲੋਂ ਧਿਆਨਪੂਰਵਕ ਹੱਥੀ ਅੰਜ਼ਾਮ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਬਚਾਅ ਓਪਰੇਸ਼ਨ ਵਿਚ ਐਨ.ਡੀ.ਆਰ.ਐਫ ਦੀਆਂ 3 ਟੀਮਾਂ ਨਾਲਾਗੜ੍ਹ ਟੀਮ, ਲਾਡੋਵਾਲ (ਲੁਧਿਆਣਾ ਟੀਮ) ਅਤੇ ਬਠਿੰਡਾ ਦੀਆਂ ਟੀਮਾਂ ਨੇ ਅਸਿਸਟੈਂਟ ਕਮਾਂਡਰ ਸ਼੍ਰੀ ਦਵਿੰਦਰ ਪ੍ਰਕਾਸ਼ ਦੀ ਅਗਵਾਈ ਵਿਚ ਕੰਮ ਕੀਤਾ। ਇਸ ਵਿਚ 5 ਸਬ ਇੰਸਪੈਕਟਰ ਅਤੇ 90 ਰੇਸਕਿਊ ਕਰਮੀ ਸ਼ਾਮਿਲ ਸਨ। ਇਸ ਓਪਰੇਸ਼ਨ ਨੂੰ ਲਗਭਗ 44 ਘੰਟੇ ਲਗਾਤਾਰ ਚਲਾਇਆ ਗਿਆ।
ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਇਮਾਰਤ ਦੀ ਮੁਰੰਮਤ ਤੇ ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਸ ਦਾ ਨਕਸ਼ਾ ਅਤੇ ਕੰਮ ਸ਼ੁਰੂ ਕਰਨ ਦੀ ਪ੍ਰਵਾਨਗੀ ਨਗਰ ਕੌਂਸਿਲ ਤੋਂ ਲਾਜ਼ਮੀ ਲਈ ਜਾਵੇ ਅਤੇ ਜਿਸ ਠੇਕੇਦਾਰ ਤੋਂ ਕੰਮ ਕਰਵਾਉਣਾ ਹੋਵੇ ਉਸ ਦਾ ਰਜਿਸਟ੍ਰੇਸ਼ਨ ਤੇ ਮਜ਼ਦੂਰਾਂ ਦਾ ਰਜਿਸਟ੍ਰੇਸ਼ਨ ਜ਼ਰੂਰ ਚੈੱਕ ਕੀਤਾ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਜਿਹੀ ਦੁਰਘਟਨਾ ਤੋਂ ਬਚਿਆ ਜਾ ਸਕੇ।