ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਤਰ੍ਹਾਂ ਸ਼੍ਰੀ ਨਨਕਾਣਾ ਸਾਹਿਬ ਕੋਰੀਡੋਰ ਵੀ ਬਣਾਇਆ ਜਾਵੇ, ਰਾਘਵ ਚੱਢਾ ਨੇ ਰਾਜ ਸਭਾ 'ਚ ਕੀਤੀ ਮੰਗ (ਵੀਡੀਓ ਵੀ ਦੇਖੋ)
- 'ਆਪ' ਸੰਸਦ ਮੈਂਬਰ ਰਾਘਵ ਚੱਢਾ ਨੇ ਕੇਂਦਰ ਸਰਕਾਰ ਨੂੰ ਸ੍ਰੀ ਨਨਕਾਣਾ ਸਾਹਿਬ ਤੱਕ ਕੋਰੀਡੋਰ ਬਣਾਉਣ ਲਈ ਪਾਕਿਸਤਾਨ ਨਾਲ ਗੱਲ ਕਰਨ ਦੀ ਕੀਤੀ ਅਪੀਲ
- ਭਾਰਤ ਸਰਕਾਰ ਨੂੰ ਸ੍ਰੀ ਕਰਤਾਰਪੁਰ ਕੋਰੀਡੋਰ ਵਾਂਗ ਸ੍ਰੀ ਨਨਕਾਣਾ ਸਾਹਿਬ ਕੋਰੀਡੋਰ ਨੂੰ ਬਣਾਉਣ ਲਈ ਕੂਟਨੀਤੀ ਵਰਤਣੀ ਚਾਹੀਦੀ ਹੈ- ਰਾਘਵ ਚੱਢਾ
- ਸ਼ਰਧਾਲੂਆਂ ਲਈ ਪਾਸਪੋਰਟ, ਵੀਜ਼ਾ ਅਤੇ ਗੁੰਝਲਦਾਰ ਫਾਰਮ ਭਰਨ ਦੀ ਸ਼ਰਤ ਖਤਮ ਕੀਤੀ ਜਾਵੇ ਅਤੇ ਉਨ੍ਹਾਂ ਤੋਂ ਕੋਈ ਚਾਰਜ ਨਾ ਲਿਆ ਜਾਵੇ - ਰਾਘਵ ਚੱਢਾ
- ਅੰਮ੍ਰਿਤਸਰ (ਅਟਾਰੀ ਵਾਹਗਾ ਬਾਰਡਰ) ਤੋਂ ਸ਼ੁਰੂ ਹੋਕੇ ਪਾਕਿਸਤਾਨ ਦੇ ਸ੍ਰੀ ਨਨਕਾਣਾ ਸਾਹਿਬ ਤੱਕ ਸੁਰੱਖਿਅਤ ਸੜਕੀ ਰਸਤਾ ਬਣਾਉਣਾ ਚਾਹੀਦਾ ਹੈ - ਰਾਘਵ ਚੱਢਾ
- ਇਹ ਕਰੋੜਾਂ ਪੰਜਾਬੀਆਂ ਦੀ ਆਸਥਾ ਨਾਲ ਜੁੜਿਆ ਮਾਮਲਾ ਹੈ, ਵੰਡ ਵੇਲੇ ਅਣਗਿਣਤ ਪੰਜਾਬੀਆਂ ਨੂੰ ਦੁੱਖ ਝੱਲਣੇ ਪਏ, ਉਹ ਵਿਛੜ ਗਏ ਤੇ ਸਾਡੇ ਗੁਰਦੁਆਰੇ ਸਾਡੇ ਕੋਲੋਂ ਖੋਹ ਲਏ ਗਏ - ਰਾਘਵ ਚੱਢਾ
ਨਵੀਂ ਦਿੱਲੀ, 07 ਅਗਸਤ 2024 - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਬੁੱਧਵਾਰ ਨੂੰ ਰਾਜ ਸਭਾ ਵਿੱਚ ਸ੍ਰੀ ਨਨਕਾਣਾ ਸਾਹਿਬ ਕੋਰੀਡੋਰ ਦਾ ਮੁੱਦਾ ਉਠਾਇਆ। ਰਾਘਵ ਚੱਢਾ ਨੇ ਕੇਂਦਰ ਸਰਕਾਰ ਨੂੰ ਸ੍ਰੀ ਨਨਕਾਣਾ ਸਾਹਿਬ ਕੋਰੀਡੋਰ ਲਈ ਸ੍ਰੀ ਕਰਤਾਰਪੁਰ ਕੋਰੀਡੋਰ ਵਾਂਗ ਸੁਰੱਖਿਅਤ ਕੋਰੀਡੋਰ ਬਣਾਉਣ ਲਈ ਪਾਕਿਸਤਾਨ ਸਰਕਾਰ ਨਾਲ ਗੱਲ ਕਰਨ ਦੀ ਅਪੀਲ ਕੀਤੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/845130844221352
‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ ਵਿੱਚ ਕੇਂਦਰ ਸਰਕਾਰ ਨੂੰ ਸ੍ਰੀ ਨਨਕਾਣਾ ਸਾਹਿਬ ਲਈ ਕੋਰੀਡੋਰ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਮੁੱਦਾ ਕਰੋੜਾਂ ਪੰਜਾਬੀਆਂ ਦੀ ਆਸਥਾ ਨਾਲ ਜੁੜਿਆ ਹੋਇਆ ਹੈ। ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਇਸ ਸਦਨ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਹੈ। ਪੰਜਾਬ ਇੱਕ ਅਜਿਹਾ ਸੂਬਾ ਹੈ ਜਿਸ ਦੀ ਧਰਤੀ ਗੁਰੂ ਸਾਹਿਬਾਨ ਦੀ ਕਿਰਪਾ ਨਾਲ ਪਵਿੱਤਰ ਹੈ। 1947 ਵਿੱਚ ਜਦੋਂ ਦੇਸ਼ ਦੀ ਵੰਡ ਹੋਈ ਤਾਂ ਦੇਸ਼ ਹੀ ਨਹੀਂ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸਗੋਂ ਸਾਡਾ ਪੰਜਾਬ ਵੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਇੱਕ ਪੰਜਾਬ ਪਾਕਿਸਤਾਨ ਵਿੱਚ ਰਿਹਾ ਅਤੇ ਦੂਜਾ ਭਾਰਤ ਵਿੱਚ ਸ਼ਾਮਲ ਹੋ ਗਿਆ।
ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਪੰਜਾਬ ਤੋਂ ‘ਆਪ’ ਸੰਸਦ ਮੈਂਬਰ ਨੇ ਕਿਹਾ ਕਿ ਜਦੋਂ ਦੇਸ਼ ਦੀ ਵੰਡ ਹੋਈ ਤਾਂ ਮੇਰੇ ਪਰਿਵਾਰ ਸਮੇਤ ਲੱਖਾਂ ਪੰਜਾਬੀ ਪਰਿਵਾਰਾਂ ਦਾ ਖੂਨ ਵਹਾਇਆ ਗਿਆ। ਸਾਡੇ ਬਹੁਤ ਸਾਰੇ ਦੋਸਤ ਅਤੇ ਰਿਸ਼ਤੇਦਾਰ ਸਾਡੇ ਤੋਂ ਵਿਛੜ ਗਏ ਪਰ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਸਾਡਾ ਗੁਰਦੁਆਰਾ ਸਾਹਿਬ ਸਾਡੇ ਤੋਂ ਵਿਛੜ ਗਿਆ।
ਰਾਘਵ ਚੱਢਾ ਨੇ ਦੱਸਿਆ ਕਿ ਅੱਜ ਪਾਕਿਸਤਾਨ ਵਿੱਚ ਸ੍ਰੀ ਕਰਤਾਰਪੁਰ ਸਾਹਿਬ, ਸ੍ਰੀ ਪੰਜਾ ਸਾਹਿਬ ਅਤੇ ਸ੍ਰੀ ਨਨਕਾਣਾ ਸਾਹਿਬ ਵਰਗੇ ਬਹੁਤ ਸਾਰੇ ਗੁਰਦੁਆਰੇ ਹਨ। ਇਨ੍ਹਾਂ ਵਿੱਚੋਂ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਨਨਕਾਣਾ ਸਾਹਿਬ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ, ਜੋ ਲਾਹੌਰ ਤੋਂ ਲਗਭਗ 90 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।
ਰਾਜ ਸਭਾ ਅੱਗੇ ਆਪਣੀ ਮੰਗ ਰੱਖਦਿਆਂ ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਅੱਜ ਮੈਂ ਇਸ ਸਦਨ ਅੱਗੇ ਮੰਗ ਲੈ ਕੇ ਆਇਆ ਹਾਂ। ਸੰਗਤ ਸ੍ਰੀ ਨਨਕਾਣਾ ਸਾਹਿਬ ਜੀ ਦੇ ਦਰਸ਼ਨਾਂ ਲਈ ਅਰਦਾਸ ਕਰਦੀ ਹੈ, ਇਸੇ ਸੰਦਰਭ ਵਿੱਚ ਮੈਂ ਅੱਜ ਸਦਨ ਰਾਹੀਂ ਸਰਕਾਰ ਅੱਗੇ ਤਿੰਨ ਛੋਟੀਆਂ ਮੰਗਾਂ ਰੱਖਣੀਆਂ ਚਾਹੁੰਦਾ ਹਾਂ।
ਰਾਘਵ ਚੱਢਾ ਨੇ ਕਿਹਾ ਕਿ ਮੇਰੀ ਪਹਿਲੀ ਮੰਗ ਹੈ ਕਿ ਜਿਸ ਤਰ੍ਹਾਂ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਬਣਾ ਕੇ ਸੰਗਤਾਂ ਨੂੰ ਦਰਸ਼ਨਾਂ ਦਾ ਮੌਕਾ ਮਿਲਿਆ ਅਤੇ ਮੱਥਾ ਟੇਕਣ ਦਾ ਪ੍ਰਬੰਧ ਕੀਤਾ ਗਿਆ, ਉਸੇ ਤਰ੍ਹਾਂ ਸ੍ਰੀ ਨਨਕਾਣਾ ਸਾਹਿਬ ਕੋਰੀਡੋਰ 'ਤੇ ਵੀ ਕੰਮ ਕੀਤਾ ਜਾਵੇ। ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਮਿਲ ਕੇ ਇੱਕ ਗਲਿਆਰਾ ਬਣਾਉਣਾ ਚਾਹੀਦਾ ਹੈ ਤਾਂ ਜੋ ਭਾਰਤ ਤੋਂ ਸ਼ਰਧਾਲੂ ਸ੍ਰੀ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰ ਸਕਣ। ਮੇਰੀ ਦੂਸਰੀ ਮੰਗ ਹੈ ਕਿ ਸ੍ਰੀ ਨਨਕਾਣਾ ਸਾਹਿਬ ਜੀ ਦੇ ਦਰਸ਼ਨਾਂ ਲਈ ਵੀਜ਼ਾ, ਪਾਸਪੋਰਟ, ਫੀਸ ਜਾਂ ਕਿਸੇ ਵੀ ਗੁੰਝਲਦਾਰ ਫਾਰਮ ਦੀ ਲੋੜ ਨਹੀਂ ਹੋਣੀ ਚਾਹੀਦੀ, ਸਗੋਂ ਇਸਦੀ ਇੱਕ ਸਰਲ ਪ੍ਰਕਿਰਿਆ ਹੋਣੀ ਚਾਹੀਦੀ ਹੈ।
ਆਪਣੀ ਤੀਜੀ ਮੰਗ ਨੂੰ ਅੱਗੇ ਰੱਖਦਿਆਂ ਰਾਘਵ ਚੱਢਾ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਾਹਗਾ-ਅਟਾਰੀ ਬਾਰਡਰ ਤੋਂ ਸ੍ਰੀ ਨਨਕਾਣਾ ਸਾਹਿਬ ਜੀ ਦੀ ਦੂਰੀ 104 ਕਿਲੋਮੀਟਰ ਹੈ, ਇਹ ਦੂਰੀ ਕਾਰ ਜਾਂ ਬੱਸ ਰਾਹੀਂ ਢਾਈ ਘੰਟੇ ਵਿੱਚ ਆਸਾਨੀ ਨਾਲ ਪੂਰੀ ਕੀਤੀ ਜਾ ਸਕਦੀ ਹੈ। ਮੈਂ ਇਸ ਸੜਕ ਨੂੰ ਸੁਰੱਖਿਅਤ ਰੂਟ ਬਣਾਉਣ ਦੀ ਮੰਗ ਕਰਦਾ ਹਾਂ, ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਮਿਲ ਕੇ ਅੰਮ੍ਰਿਤਸਰ ਤੋਂ ਲਾਹੌਰ ਵਾਇਆ ਨਨਕਾਣਾ ਸਾਹਿਬ ਤੱਕ ਦਾ ਰਸਤਾ ਸੁਰੱਖਿਅਤ ਬਣਾਉਣਾ ਚਾਹੀਦਾ ਹੈ ਤਾਂ ਜੋ ਸ਼ਰਧਾਲੂ ਉਥੇ ਜਾ ਕੇ ਖੁੱਲ੍ਹੇ ਦਰਸ਼ਨ ਕਰ ਸਕਣ।
ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਜੇਕਰ ਇਹ ਮੰਗ ਪੂਰੀ ਹੋ ਜਾਂਦੀ ਹੈ ਤਾਂ ਪੂਰੀ ਦੁਨੀਆ 'ਚ ਸ਼ਾਂਤੀ ਅਤੇ ਸਦਭਾਵਨਾ ਦਾ ਵੱਡਾ ਸੰਦੇਸ਼ ਜਾਵੇਗਾ। ਨਾਲ ਹੀ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਕਰੋੜਾਂ ਸ਼ਰਧਾਲੂਆਂ ਦਾ ਆਸ਼ੀਰਵਾਦ ਮਿਲੇਗਾ। ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੀ ਇਸ ਸਬੰਧੀ ਭਾਰਤ ਸਰਕਾਰ ਨੂੰ ਪੂਰਾ ਸਹਿਯੋਗ ਦੇਵੇਗੀ।
'ਆਪ' ਸੰਸਦ ਮੈਂਬਰ ਰਾਘਵ ਚੱਢਾ ਨੇ ਇਹ ਤਿੰਨ ਮੰਗਾਂ ਉਠਾਈਆਂ
1. ਭਾਰਤ ਸਰਕਾਰ ਨੂੰ ਸ੍ਰੀ ਨਨਕਾਣਾ ਸਾਹਿਬ ਕੋਰੀਡੋਰ ਦੀ ਸਥਾਪਨਾ ਲਈ ਕੂਟਨੀਤੀ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਵੇਂ ਕਿ ਇਸਨੇ ਪਹਿਲਾਂ ਸ੍ਰੀ ਕਰਤਾਰਪੁਰ ਕੋਰੀਡੋਰ ਦੀ ਸਥਾਪਨਾ ਲਈ ਕੀਤੀ ਸੀ।
2. ਸ਼ਰਧਾਲੂਆਂ ਲਈ ਪਾਸਪੋਰਟ, ਵੀਜ਼ਾ ਅਤੇ ਗੁੰਝਲਦਾਰ ਫਾਰਮ ਭਰਨ ਦੀ ਸ਼ਰਤ ਖਤਮ ਕੀਤੀ ਜਾਵੇ। ਇਸ ਦੇ ਨਾਲ ਹੀ ਸ਼ਰਧਾਲੂਆਂ ਤੋਂ ਕੋਈ ਫੀਸ ਨਹੀਂ ਲਈ ਜਾਵੇ।
3. ਅੰਮ੍ਰਿਤਸਰ (ਅਟਾਰੀ ਵਾਹਗਾ ਬਾਰਡਰ) ਤੋਂ ਪਾਕਿਸਤਾਨ ਦੇ ਸ੍ਰੀ ਨਨਕਾਣਾ ਸਾਹਿਬ ਤੱਕ ਇੱਕ ਸੁਰੱਖਿਅਤ ਸੜਕ ਮਾਰਗ ਬਣਾਇਆ ਜਾਣਾ ਚਾਹੀਦਾ ਹੈ।