ਜ਼ਿਲ੍ਹੇ ਵਿੱਚ ਅਜੈਵੀਰ ਸਿੰਘ ਲਾਲਪੁਰਾ ਵਲੋਂ 70 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਲਈ ਆਯੂਸ਼ਮਾਨ ਕਾਰਡ ਬਣਾਉਣ ਦੇ ਲੱਗਣਗੇ ਵਿਸ਼ੇਸ਼ ਕੈਂਪ
- ਪਹਿਲਾਂ ਕੈਂਪ 24 ਨਵੰਬਰ ਨੂੰ ਪਿੰਡ ਹਰੀਪੁਰ ਵਿਖੇ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ, 21 ਨਵੰਬਰ 2024: ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਵਲੋਂ ਕੇਂਦਰ ਸਰਕਾਰ ਦੇ ਆਯੂਸ਼ਮਾਨ ਕਾਰਡਾਂ ਨੂੰ ਬਣਾਉਣ ਦੇ ਕੈਂਪ ਲਗਾਏ ਜਾਣਗੇ। ਹਾਲ ਹੀ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਵਲੋਂ ਦੀਵਾਲੀ ਮੌਕੇ 70 ਜਾਂ 70 ਤੋਂ ਉੱਪਰ ਉਮਰ ਵਾਲੇ ਬਜ਼ੁਰਗਾਂ ਲਈ ਵੀ ਮੁਫ਼ਤ ਇਲਾਜ ਤਹਿਤ ਆਯੂਸ਼ਮਾਨ ਕਾਰਡਾਂ ਦੀ ਸਹੂਲਤ ਦਾ ਐਲਾਨ ਕੀਤਾ ਗਿਆ ਸੀ, ਜਿਸ ਤਹਿਤ ਇਹ ਕੈਂਪ ਲਗਾ ਕੇ ਹੁਣ ਬਜ਼ੁਰਗਾਂ ਦੇ ਕਾਰਡ ਬਣਾਏ ਜਾਣਗੇ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਜੈਵੀਰ ਸਿੰਘ ਲਾਲਪੁਰਾ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿਚ ਕੇਂਦਰ ਸਰਕਾਰ ਦੀਆਂ ਸਕੀਮਾਂ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਮੌਕੇ 'ਤੇ ਹੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ ਅਤੇ ਕਾਰਡ ਬਣਾ ਕੇ ਦਿੱਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਦੇ ਤਹਿਤ ਹੁਣ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਵੀ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸਹੂਲਤ ਮਿਲੇਗੀ। ਲਾਲਪੁਰਾ ਨੇ ਕਿਹਾ ਕਿ ਇਨ੍ਹਾਂ ਕੈਂਪਾਂ ਦੌਰਾਨ ਮੁਫ਼ਤ ਕੇਵਾਈਸੀ ਅਤੇ ਹੋਰ ਤਕਨੀਕੀ ਸਹਾਇਤਾ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਕੈਂਪ ਦੌਰਾਨ ਕਿਸਾਨਾਂ ਦੀ ਸਹੂਲਤ ਲਈ ਕਿਸਾਨ ਨਿਧੀ ਯੋਜਨਾ ਲਈ ਵੀ ਨਵੇਂ ਕਿਸਾਨਾਂ ਦੀ ਰਜਿਸਟ੍ਰੇਸ਼ਨ ਅਤੇ ਹੋਰ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲਾਂ ਕੈਂਪ 24 ਨਵੰਬਰ ਨੂੰ ਪਿੰਡ ਹਰੀਪੁਰ ਵਿਖੇ ਲਗਾਇਆ ਜਾ ਰਿਹਾ ਹੈ ਜਿਸ ਵਿਚ ਇਲਾਕੇ ਦੇ ਲੋਕਾਂ ਦੀ ਮੁਫ਼ਤ ਰਜਿਸਟ੍ਰੇਸ਼ਨ ਅਤੇ ਕੇਵਾਈਸੀ ਕੀਤੀ ਜਾਵੇਗੀ। ਲਾਲਪੁਰਾ ਨੇ ਜ਼ਿਲ੍ਹਾ ਵਾਸੀਆਂ ਨੂੰ ਇਨ੍ਹਾਂ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।