ਖਾਲਿਸਤਾਨ ਮੰਗ ਲੈਕੇ ਲੰਡਨ ਸੈਂਕੜੇ ਸਿੱਖ ਹੋਏ ਇਕੱਠੇ , ਪ੍ਰੋ-ਇੰਡੀਆ ਪਰਦੇਸੀਆਂ ਨੇ ਵੀ ਵਿਰੋਧ 'ਚ ਕੀਤੀ ਨਾਅਰੇਬਾਜ਼ੀ
ਲੰਡਨ , 12 ਅਗਸਤ , 2018 :
ਰੈਫਰੈਂਡਮ 2020 ਲਈ ਲੰਦਨ ਦੇ ਟ੍ਰਫਲਗਰ ਮੈਦਾਨ 'ਚ ਅੱਜ ਸਿੱਖਸ ਫਾਰ ਜਸਟਿਸ ਵੱਲੋਂ ਕੀਤੀ ਗਈ ਰੈਲੀ ਵਿਚ ਵੱਖ ਵੱਖ ਖਾਲਿਸਤਾਨੀ ਬੁਲਾਰਿਆਂ ਨੇ ਭਾਰਤੀ ਸੰਵਿਧਾਨ ਨੂੰ ਨਕਾਰਦੀਆਂ ਖਾਲਿਸਤਾਨ ਕਾਇਮ ਕਰਨ ਦੀ ਮੰਗ ਰੈਫਰੈਂਡਮ ਕਰਾਏ ਜਾਣ ਦੀ ਮੰਗ ਉਠਾਈ। ਇਸ ਰੈਲੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਕੁਝ ਭਾਰਤੀ ਹਿਮਾਇਤੀਆਂ ਨੇ ਇਸ ਰੈਲੀ ਦੇ ਵਿਰੋਧ ਵਿਚ ਨਾਅਰੇਬਾਜ਼ੀ ਵੀ ਕੀਤੀ ਸੀ। ਪਰ ਇਸਦੇ ਬਾਵਜੂਦ ਵੀ ਖਾਲਿਸਤਾਨ ਦੀ ਮੰਗ ਕਰ ਰਹੇ ਸਿਖਾਂ ਵੱਲੋਂ ਸ਼ਾਂਤਮਈ ਢੰਗ ਨਾਲ ਰੈਲੀ ਨੇਪਰੇ ਚਾੜ੍ਹਨ ਦੀ ਅਵਾਜ਼ ਸੁਣਾਈ ਦਿੱਤੀ। ਇਸ ਮੌਕੇ ਭਾਰਤ ਵਿਚ ਵਾਂਟੇਡ ਪਰਮਜੀਤ ਸਿੰਘ ਪੰਮਾ, ਸਾਬ੍ਹੀ ਕੈਲੀਫੋਰਨੀਆ ਤੇ ਗੁਰਪਤਵੰਤ ਪੰਨੂੰ ਨੇ ਰੈਲੀ ਨੂੰ ਸੰਬੋਧਨ ਕੀਤਾ। ਇੰਨ੍ਹਾਂ ਤੋਂ ਇਲਾਵਾ, ਸਿੱਖਸ ਫਾਰ ਜਸਟਿਸ ਦੇ ਫਾਉਂਡਰ ਤੇ ਇਸ ਕੈਂਪੇਨ ਦੇ ਫਾਉਂਡਰ ਅਵਤਾਰ ਸਿੰਘ ਪੰਨੂ, ਪਾਕਿਸਤਾਨ ਲੇਬਰ ਪਾਰਟੀ ਦਾ ਲੀਡਰ ਜਨਾਬ ਨਜ਼ੀਰ ਅਹਿਮਦ, ਬਿਕਰਮਜੀਤ ਸਿੰਘ ਅਮਰੀਕਾ, ਯੂ.ਕੇ ਸਿੱਖਸ ਫਾਰ ਜਸਟਿਸ ਦੇ ਵਲੰਟੀਅਰ ਜੁਪਿੰਦਰਜੀਤ ਸਿੰਘ, ਜਤਿੰਦਰ ਸਿੰਘ ਗਰੇਵਾਲ ਕੈਨੇਡਾ ਤੋਂ ਇਲਾਵਾ ਅੰਤਰ-ਰਾਸ਼ਟਰੀ ਮਨੁੱਖੀ ਅਧੀਕਾਰਾਂ ਦੇ ਵਕੀਲ ਐਂਡਰੀਊ, ਰਿਚਰਡ ਰੋਜ਼ਰ, ਜੈਮੀ ਬੈਟਨ ਨੇ ਰੈਲੀ 'ਚ ਪੁੱਜੇ ਲੋਕਾਂ ਨੂੰ ਰੈਫਰੈਂਡਮ 2020 ਦਾ ਮਕਸਦ ਬਿਆਨ ਕੀਤਾ।
ਸਿਖਾਂ ਦੇ ਇਸ ਇਕੱਠ ਵਿਚ ਯੂ ਕੇ ਦਾ ਕੋਈ ਨਾਮੀ ਸਿੱਖ ਨੇਤਾ ਜਾਂ ਚੁਣਿਆ ਹੋਇਆ ਸਿੱਖ ਨੁਮਾਇੰਦਾ ਸ਼ਾਮਲ ਨਹੀਂ ਹੋਇਆ। ਯੂ ਕੇ ਵਿਚ ਚੁਣਿਆ ਹੋਇਆ ਕੋਈ ਭਾਰਤੀ ਐਮ ਪੀ ਜਾਂ ਹੋਰ ਕਿਸੇ ਅਦਾਰੇ ਦਾ ਚੁਣਿਆ ਹੋਇਆ ਪ੍ਰਤੀਨਿਧ ਵੀ ਇਸ ਵਿਚ ਸ਼ਾਮਲ ਨਹੀਂ ਹੋਇਆ।
ਇਸ ਇਕੱਠ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਦਾਅਵਾ ਕੀਤਾ ਕਿ 10 ਹਜ਼ਾਰ ਤੋਂ ਵੱਧ ਸਿੱਖ ਇਸ ਮੌਕੇ ਮੌਜੂਦ ਸਨ ਜਦੋਂ ਕਿ ਯੂ ਕੇ ਦੇ ਸਿੱਖ ਨੇਤਾ ਜਸਵੰਤ ਸਿੰਘ ਠੇਕੇਦਾਰ ਨੇ ਕਿਹਾ ਕਿ ਸਿਰਫ ਢਾਈ ਹਜ਼ਾਰ ਸਿਖਾਂ ਦਾ ਇਹ ਇਕੱਠ ਸੀ ਅਤੇ 300 ਦੇ ਕਰੀਬ ਕਸ਼ਮੀਰੀ ਵੀ ਇਸ ਵਿਚ ਸ਼ਾਮਲ ਸਨ।