ਆਮ ਆਦਮੀ ਪਾਰਟੀ 'ਚ ਹੋਣ ਲੱਗੇ ਧਮਾਕੇ - ਕੇਜਰੀਵਾਲ ਦੀ ਸੀਨੀਅਰ ਪੰਜਾਬ ਟੀਮ ਪੁੱਜੀ ਛੋਟੇਪੁਰ ਕੋਲ - ਮੁੜ ਪਾਰਟੀ ਚ ਲਿਆਉਣ ਦੇ ਯਤਨ
ਛੋਟੇਪੁਰ ਨੇ ਮੀਟਿੰਗ ਦੀ ਕੀਤੀ ਪੁਸ਼ਟੀ - ਅਜੇ ਨਹੀਂ ਦੂਰ ਹੋਇਆ ਗੁੱਸਾ ਅਤੇ ਨਾਰਾਜ਼ਗੀ
ਬਲਜੀਤ ਬੱਲੀ
ਚੰਡੀਗੜ੍ਹ, 17 ਸਤੰਬਰ , 2018 : ਵਾਰ-ਵਾਰ ਟੁੱਟ-ਫੁੱਟ ਅਤੇ ਗੁੱਟਬੰਦੀ ਦਾ ਸ਼ਿਕਾਰ ਹੋਕੇ ਖਿੰਡਾ ਵੱਲ ਜਾ ਰਹੀ ਆਮ ਆਦਮੀ ਆਦਮੀ ਪਾਰਟੀ ਨੌਂ ਮੁੜ ਇਕੱਠਾ ਕਰਨ ਲਈ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਨੂੰ ਮੁੜ ਇਕੱਠਾ ਕਰਨ ਲਈ ਧਮਾਕਾਖ਼ੇਜ਼ ਯਤਨ ਸ਼ੁਰੂ ਕੀਤੇ ਹਨ . ਦਿਲਚਸਪ ਅਤੇ ਹੈਰਾਨੀਜਨਕ ਇਹ ਹੈ ਕੇਜਰੀਵਾਲ ਦੀ ਤਰਫ਼ੋਂ ਆਪ ਦੀ ਇੱਕ ਉੱਚ ਪੱਧਰੀ ਪੰਜਾਬ ਟੀਮ ਨੇ ਆਪ ਦੇ ਸਾਬਕਾ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਤੱਕ ਪਹੁੰਚ ਕੀਤੀ ਹੈ . ਵਿਧਾਨਕਾਰ ਪਾਰਟੀ ਦੇ ਮੁਖੀ ਹਰਪਾਲ ਚੀਮਾ ਅਤੇ ਪੰਜਾਬ ਦੇ ਕੋ-ਪ੍ਰਧਾਨ ਡਾਕਟਰ ਬਲਬੀਰ ਸਿੰਘ ਦੀ ਅਗਵਾਈ ਹੇਠ ਪਾਰਟੀ ਦੇ ਕੁੱਝ ਨੇਤਾਵਾਂ ਨੇ 16 ਸਤੰਬਰ ਦੀ ਰਾਤ ਨੂੰ ਛੋਟੇਪੁਰ ਨਾਲ ਲੰਮੀ ਮੀਟਿੰਗ ਕੀਤੀ .
ਬਾਬੂਸ਼ਾਹੀ ਦੀ ਜਾਣਕਾਰੀ ਅਨੁਸਾਰ ਇਸ ਟੀਮ ਨੇ ਛੋਟੇਪੁਰ ਨੂੰ ਮੁੜ ਆਪ ਵਿਚ ਸਰਗਰਮ ਹੋਕੇ ਪਾਰਟੀ ਦੇ ਪੰਜਾਬ ਯੂਨਿਟ ਵਿਚ ਮੋਹਰੀ ਰੋਲ ਅਦਾ ਕਰਨ ਦੀ ਪੇਸ਼ਕਸ਼ ਕੀਤੀ . ਛੋਟੇਪੁਰ ਨੂੰ ਇਹ ਵੀ ਦੱਸਿਆ ਕਿ ਕੇਜਰੀਵਾਲ ਦੀਆਂ ਹਿਦਾਇਤਾਂ ਮੁਤਾਬਿਕ ਹੀ ਪਾਰਟੀ ਦੇ ਸਾਰੇ ਨੇਤਾਵਾਂ ਅਤੇ ਧੜਿਆਂ ਨੂੰ ਮੁੜ ਇੱਕ ਮੰਚ ਤੇ ਇਕੱਠੇ ਕਰਨ ਦੇ ਯਤਨ ਸ਼ੁਰੂ ਕੀਤੇ ਗਏ ਹਨ . ਇਹ ਮੀਟਿੰਗ ਛੋਟੇਪੁਰ ਦੀ ਮੁਹਾਲੀ ਰਿਹਾਇਸ਼ ਤੇ ਹੋਈ .
ਮਾਲਵੇ ਦੇ ਆਪ ਨੇਤਾ ਅਤੇ ਰਾਮਪੁਰਾ ਫੂਲ ਤੋਂ ਹਾਰੇ ਹੋਏ ਆਪ ਉਮੀਦਵਾਰ ਮਨਜੀਤ ਸਿੰਘ ਸਿੱਧੂ (ਬਿੱਟੀ ) ਦੇ ਯਤਨਾਂ ਅਤੇ ਪਹਿਲਕਦਮੀ ਨਾਲ ਹੋਈ ਇਸ ਮੀਟਿੰਗ ਵਿਚ ਸੁੱਚਾ ਸਿੰਘ ਛੋਟੇਪੁਰ ਨੇ ਟੀਮ ਨੂੰ ਬੇਸ਼ੱਕ ਜੀ ਆਇਆਂ ਕਿਹਾ ਪਰ ਨਾਲ ਆਪ ਨਾ ਓੜਕਾਂ ਦਾ ਗ਼ੁੱਸਾ ਵੀ ਜ਼ਾਹਰ ਕੀਤਾ . ਪਤਾ ਲੱਗਾ ਹੈ ਕਿ ਉਨ੍ਹਾਂ ਕਿਹਾ ਕਿ ਜੋ ਘਟੀਆ ਅਤੇ ਅਨੈਤਿਕ ਵਿਹਾਰ ਉਨ੍ਹਾਂ ਨਾਲ , ਆਪ ਦੀ ਲੀਡਰਸ਼ਿਪ ਨੇ ਕੀਤਾ ਸੀ ਉਸ ਨੂੰ ਉਹ ਭੁੱਲ ਨਹੀਂ ਸਕਦੇ . ਛੋਟੇਪੁਰ ਨੇ ਇੱਥੋਂ ਤੱਕ ਕਿ ਕਿਹਾ ਆਪ ਨੇਤਾਵਾਂ ਵੱਲੋਂ ਉਸਤੇ ਤੇ ਲਾਏ ਗਏ ਝੂਠੇ ਅਤੇ ਬੇਬੁਨਿਆਦ ਦੋਸ਼ਾਂ ਅਤੇ ਭੰਡੀ ਪ੍ਰਚਾਰ ਤੋਂ ਬੇਹੱਦ ਨਿਰਾਸ਼ ਅਤੇ ਉਚਾਟ ਹੋ ਗਏ ਸਨ . ਉਨ੍ਹਾਂ ਕਿਹਾ ਕੀ ਇਹ ਕੰਮ ਸੌਖਾ ਨਹੀਂ .ਛੋਟੇਪੁਰ ਨੇ ਸਵਾਲ ਕੀਤਾ ਕਿ ਕੀ ਪਾਰਟੀ ਲੀਡਰਸ਼ਿਪ ਉਸ ਨਾਲ ਕੀਤੇ ਵਿਹਾਰ ਬਾਰੇ ਆਪਣੀ ਗ਼ਲਤੀ ਸ਼ਰੇਆਮ ਮੰਨੇਗੀ ?
ਇਸ ਮੀਟਿੰਗ ਵਿਚ ਹਰਪਾਲ ਚੀਮਾ ਦੇ ਨਾਲ ਆਪ ਐਮ ਐਲ ਏ ਬਲਜਿੰਦਰ ਕੌਰ ਅਤੇ ਗਿਆਨ ਸਿੰਘ ਮੂੰਗੋ ਵੀ ਸ਼ਾਮਲ ਸਨ .ਟੀਮ ਵੱਲੋਂ ਇਹ ਵੀ ਦੱਸਿਆ ਗਿਆ ਕਿ ਪਾਰਟੀ ਦੇ ਬਾਹਰ ਹੋਏ ਬਾਕੀ ਨੇਤਾਵਾਂ ਨਾਲ ਵੀ ਤਾਲਮੇਲ ਕੀਤਾ ਜਾ ਰਿਹਾ ਹੈ .
ਸੁੱਚਾ ਸਿੰਘ ਸਿੰਘ ਛੋਟੇਪੁਰ ਨੂੰ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਮੀਟਿੰਗ ਦੀ ਪੁਸ਼ਟੀ ਕੀਤੀ. ਉਨ੍ਹਾਂ ਕਿਹਾ ਕਿ ਅਜੇ ਉਹ ਆਪਣਾ ਪ੍ਰਤੀਕਰਮ ਨਹੀਂ ਦੇਣਗੇ ਪਰ ਨਾਲ ਹੀ ਕਿਹਾ ਕਿ ਜੋ ਕੁਝ ਉਸ ਵੇਲੇ ਆਪ ਨੇਤਾਵਾਂ ਨੇ ਜੋ ਬੁਰਾ ਅਤੇ ਘਟੀਆ ਵਿਹਾਰ ਉਸ ਨਾਲ ਕੀਤਾ ਉਹ ਕਦੇ ਨਹੀਂ ਭੁੱਲ ਸਕਦੇ .
ਇਹ ਵੀ ਪਤਾ ਲੱਗਾ ਹੈ ਕਿ ਦੁਬਾਰਾ ਫੇਰ ਛੇਤੀ ਮੀਟਿੰਗ ਕਰਨ ਦਾ ਨਿਰਨਾ ਲਿਆ ਗਿਆ ਅਤੇ ਆਪ ਟੀਮ ਵੱਲੋਂ ਇਹ ਕਿਹਾ ਗਿਆ ਕਿ ਅਗਲੀ ਮੀਟਿੰਗ ਵਿਚ ਭਗਵੰਤ ਮਾਨ ਨੂੰ ਵੀ ਸ਼ਾਮਲ ਕੀਤੇ ਜਾਣ ਦੀ ਉਮੀਦ ਹੈ .
Read in English: