ਫਾਈਲ ਫੋਟੋ
ਲੋਕੇਸ਼ ਰਿਸ਼ੀ
ਗੁਰਦਾਸਪੁਰ, 21 ਦਸੰਬਰ 2019- ਮੁਸਲਿਮ ਭਾਈਚਾਰੇ ਵੱਲੋਂ ਸੀ.ਏ.ਏ ਅਤੇ ਸੀ.ਏ.ਬੀ ਬਿੱਲ ਸਬੰਧੀ ਆਪਣੀ ਖ਼ਿਲਾਫ਼ਤ ਦਾ ਪ੍ਰਗਟਾਵਾ ਕਰਦਿਆਂ ਜਿੱਥੇ ਦਿੱਲੀ, ਉੱਤਰ ਪ੍ਰਦੇਸ਼ ਅਤੇ ਬਿਹਾਰ ਸਮੇਤ ਪੂਰੇ ਦੇਸ਼ ਅੰਦਰ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਇਸ ਸਬ ਦੇ ਦਰਮਿਆਨ ਅਹਿਮਦੀਆ ਮੁਸਲਿਮ ਜਮਾਤ ਵੱਲੋਂ ਆਪਣਾ ਇਸ ਵਾਰ ਹੋਣ ਵਾਲਾ ਸਲਾਨਾ ਇੰਟਰਨੈਸ਼ਨਲ ਜਲਸਾ ਰੱਦ ਕਰ ਦਿੱਤਾ ਗਿਆ ਹੈ। ਹਾਲਾਂ ਕਿ ਅਹਿਮਦੀਆ ਜਮਾਤ ਦੇ ਨੁਮਾਇੰਦਿਆਂ ਵੱਲੋਂ ਜਲਸਾ ਰੱਦ ਕਰਨ ਦੀ ਪੁਸ਼ਟੀ ਕੀਤੀ ਜਾ ਰਹੀ ਹੈ।
ਪਰ ਹੁਣ ਤੱਕ ਇਸ ਸਮਾਗਮ ਨੂੰ ਰੱਦ ਕਰਨ ਦੇ ਅਸਲ ਕਾਰਨਾਂ ਬਾਰੇ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ।
ਪਿਛਲੇ 125 ਸਾਲਾਂ ਤੋਂ ਅਹਿਮਦੀਆ ਮੁਸਲਿਮ ਭਾਈਚਾਰੇ ਦੇ ਇੰਟਰਨੈਸ਼ਨਲ ਹੈੱਡਕੁਆਟਰ ਕਾਦੀਆਂ (ਜ਼ਿਲ੍ਹਾ ਗੁਰਦਾਸਪੁਰ) ਵਿਖੇ ਹੁੰਦਾ ਆਇਆ ਇਹ ਜਲਸਾ ਇਸ ਵਾਰ 27,28 ਅਤੇ 29 ਦਸੰਬਰ ਨੂੰ ਕਰਵਾਇਆ ਜਾਣਾ ਸੀ। ਜਿਸ ਵਿੱਚ ਭਾਗ ਲੈਣ ਲਈ ਪੂਰੀ ਦੁਨੀਆ ਦੇ ਵੱਖ ਵੱਖ ਦੇਸ਼ਾਂ ਤੋਂ ਮੁਸਲਿਮ ਭਾਈਚਾਰੇ ਦੇ ਲੋਕ ਪਹੁੰਚਦੇ ਹਨ। ਇਸ ਵਾਰ ਵੀ ਭਾਰਤ ਸਰਕਾਰ ਵੱਲੋਂ ਲਗਭਗ 5 ਹਜ਼ਾਰ 600 ਵਿਦੇਸ਼ੀ ਨਾਗਰਿਕਾਂ ਨੂੰ ਜਲਸੇ ਵਿੱਚ ਸ਼ਾਮਿਲ ਹੋਣ ਲਈ ਵੀਜ਼ਾ ਦਿੱਤਾ ਗਿਆ ਸੀ। ਜਿਸ ਵਿੱਚ ਭਾਰੀ ਸੰਖਿਆ 'ਚ ਪਾਕਿਸਤਾਨੀ ਨਾਗਰਿਕ ਵੀ ਸ਼ਾਮਿਲ ਸਨ। ਪਰ ਹੁਣ ਇਹ ਸਾਰੇ ਵੀਜ਼ਾ ਰੱਦ ਕਰ ਦਿੱਤੇ ਗਏ ਹਨ ਅਤੇ ਅਹਿਮਦੀਆ ਮੁਸਲਿਮ ਭਾਈਚਾਰੇ ਵੱਲੋਂ ਇਸ ਵਾਰ ਕਰਵਾਇਆ ਜਾਣ ਵਾਲਾ 3 ਦਿਨਾ 126 ਵਾਂ ਜਲਸਾ ਰੱਦ ਕਰ ਦਿੱਤਾ ਗਿਆ ਹੈ।
ਹਾਲਾਂ ਕਿ ਜਮਾਤ ਦੇ ਨੁਮਾਇੰਦਿਆਂ ਵੱਲੋਂ ਹੱਲੇ ਤੱਕ ਇਸ ਜਲਸੇ ਨੂੰ ਰੱਦ ਕੀਤੇ ਜਾਣ ਦੇ ਮੁੱਖ ਕਾਰਨਾਂ ਬਾਰੇ ਕੁੱਝ ਨਹੀਂ ਦੱਸਿਆ ਗਿਆ। ਪਰ ਸੂਤਰਾਂ ਮੁਤਾਬਿਕ ਇਸ ਨੂੰ ਸੀ.ਏ.ਏ ਅਤੇ ਸੀ.ਏ.ਬੀ ਸਬੰਧੀ ਪੂਰੇ ਦੇਸ਼ ਅੰਦਰ ਮੁਸਲਿਮ ਭਾਈਚਾਰੇ ਵੱਲੋਂ ਕੀਤੇ ਜਾ ਰਹੇ ਜ਼ਬਰਦਸਤ ਵਿਰੋਧ ਪ੍ਰਦਰਸ਼ਨਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।