ਵੱਖ ਵੱਖ ਅਧਿਕਾਰੀਆਂ ਦੀ ਮੀਟਿੰਗ ਲੈਂਦੇ ਹੋਏ ਡਿਪਟੀ ਕਮਿਸ਼ਨਰ ਫਾਜ਼ਿਲਕਾ
ਜਗਦੀਸ਼ ਥਿੰਦ
ਫਾਜ਼ਿਲਕਾ, 3 ਫਰਵਰੀ
ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡਾਂ ਅੰਦਰ ਟਿੱਡੀ ਦਲ ਦੇ ਵੱਡੇ ਝੁੰਡਾਂ ਵੱਲੋਂ ਫ਼ਸਲਾਂ ਉੱਪਰ ਹਮਲਾ ਕੀਤਾ ਗਿਆ ਹੈ । ਇਸ ਸਬੰਧੀ ਬਚਾਅ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫੌਰੀ ਐਕਸ਼ਨ ਲੈਂਦਿਆਂ ਰਾਤ ਸਮੇਂ ਹੀ ਪ੍ਰਭਾਵਿਤ ਪਿੰਡਾਂ ਵੱਲ ਬਚਾਅ ਟੀਮਾਂ ਰਵਾਨਾ ਕੀਤੀਆਂ ਹਨ ।
ਬਲਾਕ ਖੂਈਆਂ ਸਰਵਰ ਦੇ ਪਿੰਡ ਬਕੈਣ ਵਾਲਾ ਤੇ ਰੂਪਨਗਰ ਵਿਖੇ ਟਿੱਡੀ ਦਲ ਦੇ ਆਏ ਝੁੰਡਾਂ ਦੀ ਸੂਚਨਾ ਮਿਲਦੇ ਹੀ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛੱਤਵਾਲ ਨੇ ਦੇਰ ਰਾਤ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨਾਲ ਹੰਗਾਮੀ ਮੀਟਿੰਗ ਕੀਤੀ । ਉਨ੍ਹਾਂ ਟਿੱਡੀ ਦਲ ਦੀ ਫ਼ਾਜ਼ਿਲਕਾ ਦੇ ਪਿੰਡਾਂ ਅੰਦਰ ਆਮਦ ਦੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ।
ਖੇਤੀਬਾੜੀ ਅਤੇ ਹੋਰ ਵਿਭਾਗਾਂ ਨਾਲ ਸਬੰਧਤ ਟੀਮਾਂ ਨੂੰ ਤੁਰੰਤ ਪ੍ਰਭਾਵਿਤ ਖੇਤਰਾਂ ਵੱਲ ਰਵਾਨਾ ਕੀਤਾ ਤਾਂ ਜੋ ਟਿੱਡੀ ਦਲ ਫ਼ਸਲਾਂ ਦਾ ਨੁਕਸਾਨ ਨਾ ਕਰ ਸਕੇ।
ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਜਿਥੇ ਟਿੱਡੀਆਂ ਦੇ ਹਮਲਾ ਕਰਨ ਦਾ ਖਦਸ਼ਾ ਹੈ ਉਥੇ ਦੇ ਕਿਸਾਨਾਂ ਨੂੰ ਤੁਰੰਤ ਸੂਚਿਤ ਕਰਕੇ ਚੌਕਸ ਰਹਿਣ ਲਈ ਆਖਿਆ ਜਾਵੇ ਤਾਂ ਜੋ ਕਿਸਾਨਾਂ ਦੀਆਂ ਕੀਮਤੀ ਫਸਲਾਂ ਦਾ ਨੁਕਸਾਨ ਨਾ ਹੋ ਸਕੇ।
ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਜ਼ਿਲ੍ਹੇ ਅੰਦਰ ਟਿੱਡੀ ਦਲ ਤਾਂ ਦਿਖਾਈ ਦਿੱਤਾ ਸੀ ਪਰ ਟਿੱਡੀਆਂ ਦੀ ਗਿਣਤੀ ਘੱਟ ਹੋਣ ਕਾਰਨ ਫ਼ਸਲਾਂ ਦਾ ਵੱਡਾ ਨੁਕਸਾਨ ਨਹੀਂ ਸੀ ਹੋਇਆ , ਪਰ ਟਿੱਡੀ ਦਲ ਦੇ ਝੁੰਡ ਦਿਖਾਈ ਦੇਣ ਸਬੰਧੀ ਕਿਸਾਨਾਂ ਨੂੰ ਚੌਕਸ ਕੀਤਾ ਗਿਆ ਹੋਇਆ ਸੀ ।
ਅਧਿਕਾਰੀਆਂ ਦੀ ਮੀਟਿੰਗ ਦੌਰਾਨ ਡਿਪਟੀ ਕਮਿਸਨਰ
ਨੇ ਕਿਹਾ ਕਿ ਟਿੱਡੀਆਂ ਵੱਲੋਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਜਿਸ ਨੂੰ ਸਮੇਂ ਨਾਲ ਕੰਟਰੋਲ ਕਰਨਾ ਬੇਹਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਨੂੰ ਪੂਰੀ ਜਿੰਮੇਵਾਰੀ ਨਾਲ ਨਜਿਠਣ ਲਈ ਹਰੇਕ ਸਾਜੋ ਸਮਾਨ, ਲੋੜੀਂਦੀਆਂ ਦਵਾਈਆਂ ਜਿਸ ਦੇ ਨਾਲ ਟਿੱਡੀਆਂ ’ਤੇ ਕਾਬੂ ਪਾਇਆ ਜਾ ਸਕੇ, ਨਾਲ ਲੈ ਕੇ ਤੁਰੰਤ ਮੌਕੇ ’ਤੇ ਪਹੁੰਚ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਟਿੱਡੀ ਦਲ ਦੇ ਹਮਲੇ ਨੂੰ ਰੋਕਣ ਲਈ ਦਵਾਈਆਂ ਤੇ ਸਪਰੇਅ ਪੰਪਾਂ ਦੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਹਰੇਕ ਵਿਭਾਗੀ ਅਧਿਕਾਰੀ ਅਤੇ ਕਿਸਾਨਾਂ ਨੂੰ ਅਜਿਹੇ ਗੰਭੀਰ ਮਾਮਲਿਆਂ ਵਿੱਚ ਮਿਲ ਕੇ ਲੋੜੀਂਦੇ ਪ੍ਰਬੰਧ ਕਰਨੇ ਚਾਹੀਦੇ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿ) ਨਵਲ ਰਾਮ, ਐਸ.ਡੀ.ਐਮ. ਸੁਭਾਸ਼ ਖੱਟਕ, ਡੀ.ਐਸ.ਪੀ. ਫ਼ਾਜ਼ਿਲਕਾ ਜਗਦੀਸ਼ ਕੁਮਾਰ, ਡਿਪਟੀ ਡਾਇਰੈਕਟਰ ਬਾਗਬਾਨੀ ਜਸਪਾਲ ਸਿੰਘ ਤੋਂ ਇਲਾਵਾ ਬੀ.ਐਸ.ਐਫ ਦੇ ਅਧਿਕਾਰੀ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।