ਟਿੱਡੀ ਦਲ ਤੇ ਕਾਬੂ ਪਾਉਣ ਪਾਇਆ ਭੜਥੂ -ਫਾਇਰ ਬ੍ਰਿਗੇਡ ਨਾਲ ਸਪਰੇਅ ਕੜਕੇ ਕਾਬੂ ਕਰਨ ਲਈ ਕੋਸ਼ਿਸ਼ਾਂ ਹਨ ਜਾਰੀ
ਸਟੇਟ ਪੱਧਰ ਦੇ ਅਧਿਕਾਰੀ ਪੁੱਜੇ ਹੋਏ ਹਨ ਪ੍ਰਭਾਵਿਤ ਖੇਤਰ ਵਿੱਚ
ਪਾਕਿਸਤਾਨ ਦੀ ਤਰਫ਼ੋਂ ਸਰਹੱਦੀ ਖੇਤਰ ਦੇ ਪਿੰਡਾਂ ਅੰਦਰ ਦਾਖਲ ਹੋਇਆ ਸੀ ਇਹ ਟਿੱਡੀ ਦਲ
ਹਾਲਤ ਕਾਬੂ ਹੇਠ - ਖੇਤੀ ਮਹਿਕਮਾ ਕਰ ਰਿਹੈ ਢੁਕਵੀਂ ਕਾਰਵਾਈ
ਜਗਦੀਸ਼ ਥਿੰਦ
ਫ਼ਾਜ਼ਿਲਕਾ 3 ਫਰਵਰੀ, 2020 : 2 ਅਤੇ 3 ਫਰਵਰੀ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਦੀ ਤਰਫ਼ੋਂ ਦਾਖ਼ਲ ਹੋਏ ਟਿੱਡੀ ਦਲ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ।
ਟਿੱਡੀ ਦਲ ਦਾ ਇਹ ਹਮਲਾ ਪਿੰਡ ਬਾਰੇ ਕੇ ਅਤੇ ਰੂਪਨਗਰ ਵਿੱਚ ਹੋਇਆ ।
ਇਹ ਪਿੰਡ ਭਾਰਤ - ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਅਤੇ ਰਾਜਸਥਾਨ ਦੀ ਸਰਹੱਦ ਦੇ ਬਿਲਕੁਲ ਨਾਲ ਲੱਗਦੇ ਹਨ ।
ਇਨ੍ਹਾਂ ਪਿੰਡਾਂ ਦੇ ਵਿੱਚ ਇੱਕ ਬੰਨ੍ਹ ਹੈ , ਜਿਸ ਉੱਪਰ ਦਰੱਖਤਾਂ ਦਾ ਝੁੰਡ ਹੈ ।
ਇਨ੍ਹਾਂ ਦਰੱਖਤਾਂ ਦੇ ਸਮੂਹ ਉੱਪਰ ਟਿੱਡੀ ਦਲ ਆ ਕੇ ਬੈਠਿਆ ਸੀ ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛਤਵਾਲ ਵੱਲੋਂ ਅੱਧੀ ਰਾਤ ਨੂੰ ( 11.30 ਵਜੇ ) ਸੱਦੀ ਮੀਟਿੰਗ ਤੋਂ ਬਾਅਦ ਖੇਤੀਬਾੜੀ ਵਿਭਾਗ , ਪੁਲਸ ਅਤੇ ਸਿਵਲ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ ।
ਰਾਤ ਕਰੀਬ 2 ਵਜੇ ਕੀਟਨਾਸ਼ਕਾਂ ਦਾ ਛਿੜਕਾਅ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ।
ਇਸ ਤੋਂ ਬਾਅਦ ਕਿਸਾਨਾਂ ਦੇ ਟਰੈਕਟਰਾਂ ਵਾਲੇ ਸਪਰੇਅ ਪੰਪ , ਯੂ ਪੀ ਐੱਲ ਪੰਪ ਨਾਲ ਛਿੜਕਾਅ ਕੀਤਾ ਜਾਣ ਲੱਗਿਆ ।
ਇਸ ਦੌਰਾਨ ਮੁਕਤਸਰ , ਅਬੋਹਰ ਅਤੇ ਫ਼ਾਜ਼ਿਲਕਾ ਦੀਆਂ ਫਾਇਰ ਬ੍ਰਿਗੇਡ ਟੀਮਾਂ ਮੌਕੇ ਤੇ ਪੁੱਜ ਗਈਆਂ ਹਨ ।
ਇਨ੍ਹਾਂ ਬਚਾਅ ਪ੍ਰਬੰਧਾਂ ਦੀ ਅਗਵਾਈ ਡਾਇਰੈਕਟਰ ਖੇਤੀਬਾੜੀ ਚੰਡੀਗੜ੍ਹ ਏ ਕੇ ਆਹਰੀ ,
ਜੁਆਇੰਟ ਡਾਇਰੈਕਟਰ ਖੇਤੀਬਾੜੀ ਗੁਰਿੰਦਰ ਸਿੰਘ , ਏ ਡੀ ਸੀ ਫ਼ਾਜ਼ਿਲਕਾ ਜਨਰਲ ਡਾ ਆਰ ਪੀ ਸਿੰਘ , ਏ ਡੀ ਸੀ ਵਿਕਾਸ ਫ਼ਾਜ਼ਿਲਕਾ ਨਵਲ ਰਾਮ ,
ਐੱਸ ਡੀ ਐੱਮ ਫ਼ਾਜ਼ਿਲਕਾ ਸੁਭਾਸ਼ ਖਟਕ , ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਮਨਜੀਤ ਸਿੰਘ ,
ਬਲਾਕ ਖੇਤੀਬਾੜੀ ਅਧਿਕਾਰੀ ਸਰਵਨ ਸਿੰਘ , ਬਲਾਕ ਖੇਤੀਬਾੜੀ ਅਧਿਕਾਰੀ ਫ਼ਾਜ਼ਿਲਕਾ ਗੁਰਮੀਤ ਸਿੰਘ ਚੀਮਾ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਕਰ ਰਹੇ ਹਨ ।
ਇਸੇ ਦੌਰਾਨ ਐਡੀਸ਼ਨਲ ਮੁੱਖ ਸਕੱਤਰ ਕਮ- ਐਫ ਸੀ ਡੀ ਵਿਸ਼ਵਜੀਤ ਖੰਨਾ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ
ਟਿੱਡੀ ਦਲ ਦੇ ਇੱਕ ਝੁੰਡ ਦੇ ਫ਼ਾਜ਼ਿਲਕਾ ਦੇ ਇਸ ਪਿੰਡ 'ਚ ਪੁੱਜਣ ਦੇ ਤੁਰੰਤ ਬਾਅਦ ਹੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਮਹਿਕਮਾ ਹਰਕਤ ਵਿਚ ਆ ਗਿਆ ਸੀ ਅਤੇ ਅੱਧੀ ਰਾਤ ਨੂੰ 300 ਰੁੱਖਾਂ ਤੇ ਸਪਰੇ ਕਰ ਕੇ ਉਨ੍ਹਾਂ ਕਾਰਵਾਈ ਕਰਕੇ ਇਸ ਤੇ ਕਾਬੂ ਪਾ ਲਿਆ ਸੀ .ਉਨ੍ਹਾਂ ਦੱਸਿਆ ਕਿ ਸੀਨੀਅਰ ਅਫ਼ਸਰ ਮੌਕੇ ਤੇ ਪੁੱਜੇ ਹੋਏ ਹਨ ਅਤੇ ਹਰ ਲੋੜੀਂਦੀ ਕਾਰਵਾਈ ਲਈ ਤਿਆਰ ਹਨ .