- 69 ਕਰੋੜ ਰੁਪਏ ਦੇ ਘੁਟਾਲੇ ਲਈ ਸਾਧੂ ਸਿੰਘ ਧਰਮਸੋਤ ’ਤੇ ਕੇਸ ਦਰਜ ਕਰ ਕੇ ਉਸਨੂੰ ਗ੍ਰਿਫਤਾਰ ਕੀਤਾ ਜਾਵੇ : ਯੂਥ ਅਕਾਲੀ ਦਲ
- ਤਿੰਨ ਸਾਲਾਂ ’ਚ 811 ਕਰੋੜ ਰੁਪਏ ਕੇਂਦਰ ਤੋਂ ਆਏ ਜੋ ਐਸ ਸੀ ਵਿਦਿਆਰਥੀਆਂ ਲਈ ਦਿੱਤੇ ਨਹੀਂ ਗਏ : ਰੋਮਾਣਾ
- ਐਸ ਸੀ ਸਕਾਲਰਸ਼ਿਪ ਘੁਟਾਲੇ ਦੀ ਸੀ ਬੀ ਆਈ ਜਾਂਚ ਕਰਵਾਈ ਜਾਵੇ
ਚੰਡੀਗੜ੍ਹ, 28 ਅਗਸਤ 2020 - ਯੂਥ ਅਕਾਲੀ ਦਲ ਨੇ ਅੱਜ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਦੀ ਅਗਵਾਈ ਹੇਠ ਇਥੇ ਪੰਜਾਬ ਵਿਧਾਨ ਸਭਾ ਦੇ ਬਾਹਰ ਜ਼ੋਰਦਾਰ ਰੋਸ ਮੁਜ਼ਾਹਰਾ ਕਰਦਿਆਂ ਮੰਗ ਕੀਤੀ ਕਿ ਐਸ ਸੀ ਸਕਾਲਰਸ਼ਿਪ ਦੇ 69 ਕਰੋੜ ਰੁਪਏ ਦਾ ਘੁਟਾਲਾ ਕਰਨ ਲਈ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ’ਤੇ ਕੇਸ ਦਰਜ ਕਰ ਕੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।
ਇਥੇ ਰੋਸ ਮੁਜ਼ਾਹਰੇ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਰੋਮਾਣਾ ਨੇ ਕਿਹਾ ਕਿ ਜਿਸ ਮੰਤਰੀ ’ਤੇ ਅਨੁਸੂਚਿਤ ਜਾਤੀ ਤੇ ਪਛੜੀਆਂ ਸ਼੍ਰੇਣੀਆਂ ਦੀ ਭਲਾਈ ਦੀ ਜ਼ਿੰਮੇਵਾਰੀ ਹੈ, ਉਹ ਉਸੇ ਵਰਗ ਨੂੰ ਨੁਕਸਾਨ ਪਹੁੰਚਾਉਣ ਲੱਗ ਪਿਆ ਹੈ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਐਸ ਸੀ ਸਕਾਲਰਸ਼ਿਪ ਲਈ ਕੇਂਦਰ ਸਰਕਾਰ ਤੋਂ 811 ਕਰੋੜ ਰੁਪਏ ਆਏ ਹਨ ਪਰ ਸਰਕਾਰ ਨੇ ਇਹ ਵਿਦਿਆਰਥੀਆਂ ਦੇ ਲਾਭ ਵਾਸਤੇ ਕਾਲਜਾਂ ਨੂੰ ਨਹੀਂ ਵੰਡੇ ਜਿਸ ਕਾਰਨ 1 ਲੱਖ ਤੋਂ ਵੱਧ ਐਸ ਸੀ ਵਿਦਿਆਰਥੀ ਉਚੇਰੀ ਸਿੱਖਿਆ ਤੋਂ ਵਾਂਝੇ ਹੋ ਗਏ ਹਨ।
ਸ੍ਰੀ ਰੋਮਾਣਾ ਨੇ ਕਿਹਾ ਕਿ ਮੌਜੂਦਾ ਮਾਮਲੇ ਵਿਚ ਵਿਭਾਗ ਦੇ ਐਡੀਸ਼ਨਲ ਚੀਫ ਸੈਕਟਰੀ ਨੇ ਕੀਤੀ ਜਾਂਚ ਵਿਚ ਮੰਤਰੀ ਨੂੰ ਖੁਦ ਇਸ ਗਬਨ ਦਾ ਜ਼ਿੰਮੇਵਾਰ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਧਰਮਸੋਤ ਨੂੰ ਕੇਂਦਰ ਸਰਕਾਰ ਤੋਂ ਐਸ ਸੀ ਵਿਦਿਆਰਥੀਆਂ ਦੀ ਸਕਾਲਰਸ਼ਿਪ ਲਈ ਮਿਲੇ 39 ਕਰੋੜ ਰੁਪਏ ਅਯੋਗ ਪ੍ਰਾਈਵੇਟ ਸੰਸਥਾਵਾਂ ਨੂੰ ਦੇਣ ਦਾ ਦੋਸ਼ੀ ਪਾਇਆ ਗਿਆ ਹੈ। ਉਹਨਾਂ ਕਿਹਾ ਕਿ ਰਿਪੋਰਟ ਜੋ ਵਿਭਾਗ ਦੇ ਪ੍ਰਮੁੱਖ ਸਕੱਤਰ ਕਿਰਪਾ ਸ਼ੰਕਰ ਸਰੋਜ ਨੇ ਤਿਆਰ ਕੀਤੀ ਹੈ, ਵਿਚ ਦੱਸਿਆ ਗਿਆ ਹੈ ਕਿ ਕੇਂਦਰ ਸਰਕਾਰ ਤੋਂ ਐਸ ਸੀ ਵਿਦਿਆਰਥੀਆਂ ਵਾਸਤੇ 24.91 ਕਰੋੜ ਰੁਪਏ ਪ੍ਰਾਪਤ ਹੋਏ ਸਨ ਜੋ ਇਕ ਗੈਰ ਕਾਨੂੰਨੀ ਰੀ ਆਡਿਟ ਮਗਰੋਂ ਪ੍ਰਾਈਵੇਟ ਸੰਸਥਾਵਾਂ ਨੂੰ ਦੇ ਦਿੱਤੇ ਗਏ।
ਸ੍ਰੀ ਰੋਮਾਣਾ ਨੇ ਕਿਹਾ ਕਿ ਇਹ ਮੰਤਰੀ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਿਹਾ ਹੈ ਤੇ ਯੂਥ ਅਕਾਲੀ ਦਲ ਕਦੇ ਵੀ ਨੌਜਵਾਨ ਵਰਗ ਦਾ ਨੁਕਸਾਨ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਹੈਰਾਨੀ ਹੈ ਕਿ ਇਸ ਪੈਸੇ ਦੇ ਗਬਨ ਵਾਸਤੇ ਮੰਤਰੀ ਨੇ ਆਪ ਹੀ ਫਾਈਲਾਂ ’ਤੇ ਹਸਤਾਖ਼ਰ ਕੀਤੇ ਅਤੇ ਫਾਈਲ ਤੋਂ ਪ੍ਰਮੁੱਖ ਸਕੱਤਰ ਵੱਲੋਂ ਲਗਾਏ ਇਤਰਾਜ਼ ਵੀ ਹਟਾ ਦਿੱਤੇ। ਉਹਨਾਂ ਕਿਹਾ ਕਿ ਮੰਤਰੀ ਦੇ ਚਹੇਤੇ ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਗਿੱਲ ਨੂੰ ਭਾਵੇਂ ਪਿਛਲੇ ਸਾਲ ਐਸ ਸੀ ਸਕਾਲਰਸ਼ਿਪ ਵਿਚ ਬੇਨਿਯਮੀਆਂ ਲਏ ਦੋਸ਼ੀ ਪਾਏ ਜਾਣ ਮਗਰੋਂ ਸਸਪੈਂਡ ਕੀਤਾ ਗਿਆ ਸੀ ਪਰ ਮੰਤਰੀ ਦੇ ਇਸ਼ਾਰੇ ਉਸਨੰੂੰ ਮੁੜ ਬਹਾਲ ਕਰ ਦਿੱਤਾ ਗਿਆ।
ਉਹਨਾਂ ਕਿਹਾ ਕਿ ਐਡੀਸ਼ਨਲ ਚੀਫ ਸੈਕਟਰੀ ਵੱਲੋਂ ਕੀਤੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਮੰਤਰੀ ਵੱਲੋਂ ਆਪਣੀ ਮਰਜ਼ੀ ਦੀਆਂ ਸੰਸਥਾਵਾਂ ਨੂੰ ਚੁਣਨ ਦਾ ਤਰੀਕਾ ਵਰਤਿਆ ਗਿਆ ਅਤੇ ਫੰਡਾਂ ਦੀ ਵੰਡ ਲਈ ਪ੍ਰਵਾਨਗੀ ਵੀ ਸਿਰਫ ਮੰਤਰੀ ਤੇ ਡਿਪਟੀ ਡਾਇਰੈਕਟਰ ਹੀ ਦਿੰਦੇ ਰਹੇ। ਉਹਨਾਂ ਕਿਹਾ ਕਿ ਧਰਮਸੋਤ ਨੇ ਬਹੁਤ ਵੱਡੀ ਪੱਧਰ ’ਤੇ ਭ੍ਰਿਸ਼ਟਾਚਾਰ ਕੀਤਾ ਹੈ ਅਤੇ ਉਹਨਾਂ ਨੂੰ ਤੁਰੰਤ ਬਰਖ਼ਾਸਤ ਕਰ ਕੇ ਉਹਨਾਂ ਖਿਲਾਫ ਫੌਜਦਾਰੀ ਕੇਸ ਦਰਜ ਹੋਣਾ ਚਾਹੀਦਾ ਹੈ।
ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਪ੍ਰਾਈਵੇਟ ਵਿਦਿਅਕ ਅਦਾਰਿਆਂ ਦੀ ਵਿਭਾਗੀ ਆਡਿਟ ਮਗਰੋਂ ਇਕ ਸੰਸਥਾ ਤੋਂ 8 ਕਰੋੜ ਰੁਪਏ ਮੁੜ ਵਸੂਲੇ ਗਏ ਹਨ। ਉਹਨਾਂ ਕਿਹਾ ਕਿ ਪਰ ਧਰਮਸੋਤ ਦੇ ਇਸ਼ਾਰੇ ’ਤੇ ਇਕ ਗੈਰ ਕਾਨੂੰਨੀ ਆਡਿਟ ਕੀਤਾ ਗਿਆ ਤੇ ਇਸੇੇ ਵਿਦਿਅਕ ਅਦਾਰੇ ਨੂੰ 16.91 ਕਰੋੜ ਰੁਪਏ ਦੇ ਦਿੱਤੇ ਗਏ। ਉਹਨਾਂ ਕਿਹਾ ਕਿ ਇਸ ਨਾਲ ਸੂਬੇ ਦੇ ਖ਼ਜ਼ਾਨੇ ਨੂੰ ਕੁੱਲ 24.91 ਕਰੋੜ ਰੁਪਏ ਦਾ ਘਾਟਾ ਪਿਆ।
ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਧਰਮਸੋਤ ਖਿਲਫਾ ਕਾਰਵਾਈ ਨਾ ਕੀਤੀ ਤਾਂ ਫਿਰ ਯੂਥ ਅਕਾਲੀ ਦਲ ਮੁੱਖ ਮੰਤਰੀ ਦਾ ਘਿਰਾਓ ਕਰੇਗਾ।