ਰਾਜਵੰਤ ਸਿੰਘ
- ਖੇਤੀ ਸਬੰਧੀ ਜਾਰੀ ਕੀਤੇ ਆਰਡੀਨੈਸਾਂ ਨੂੰ ਲੈ ਕੇ ਕਿਸਾਨਾਂ ਨੇ ਸਰਕਾਰ ਨਾਲ ਆਰ-ਪਾਰ ਦੀ ਲੜਾਈ ਵਿੱਢੀ
- ਪਿੰਡ ਬਾਦਲ ਵਿਖੇ ਲਗਾਤਾਰ ਜਾਰੀ ਹੈ ਕਿਸਾਨ ਜਥੇਬੰਦੀਆਂ ਦਾ ਪੱਕਾ ਮੋਰਚਾ
ਸ੍ਰੀ ਮੁਕਤਸਰ ਸਾਹਿਬ, 17 ਸਤੰਬਰ 2020-ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਤਿੰਨ ਖੇਤੀ ਆਰਡੀਨੈਂਸਾਂ ਖ਼ਿਲਾਫ਼ ਕਿਸਾਨਾਂ ਨੇ ਝੰਡਾ ਚੁੱਕਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਰਾਂ ਅੱਗੇ ਪੱਕਾ ਮੋਰਚਾ ਗੱਡਿਆ ਹੋਇਆ ਹੈ। ਦੇਸ਼, ਪੰਜਾਬ ਦੇ ਮਾੜੇ ਸਿਸਟਮ ਖ਼ਿਲਾਫ਼ ਅਵਾਜ਼ ਬੁਲੰਦ ਕਰਦਿਆਂ ਪੰਜਾਬ ਦੇ ਅੰਨਦਾਤੇ ਨੇ ਹੁਣ ਸਰਕਾਰ ਨਾਲ ਆਰ-ਪਾਰ ਦੀ ਲੜਾਈ ਵਿੱਢ ਦਿੱਤੀ ਹੈ। ਇਸ ਵੇਲੇ ਸਰਕਾਰਾਂ ਦੀਆਂ ਮਾੜੀਆਂ ਖੇਤੀ ਨੀਤੀਆਂ ਦੇ ਕਾਰਨ ਦੇਸ਼ ਦਾ ਅੰਨਦਾਤਾ ਕਿਸਾਨ ਸੜਕਾਂ ’ਤੇ ਰੁਲ ਰਿਹਾ ਹੈ ਤੇ ਧਰਨੇ-ਮੁਜਾਹਰੇ ਕਰਨ ਲਈ ਮਜਬੂਰ ਹੈ। ਜਿੱਥੇ ਇਕ ਪਾਸੇ ਕਿਸਾਨਾਂ ਦੇ ਹਿੱਤਾਂ ਖਾਤਰ ਸੰਘਰਸ਼ ਕਰਨ ਵਾਲੀਆਂ ਕਿਸਾਨ ਜਥੇਬੰਦੀਆਂ ਨੇ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪਿੰਡ ਬਾਦਲ ਵਿਖੇ 6 ਦਿਨਾ ਰੋਸ ਧਰਨਾ ਲਗਾਇਆ ਹੋਇਆ ਹੈ, ਉਥੇ ਦੂਜੇ ਪਾਸੇ ਕਿਸਾਨਾਂ ਨੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਖੇ ਲੜੀਵਾਰ ਰੋਸ ਧਰਨਾ ਲਗਾਇਆ ਹੋਇਆ ਹੈ। ਵੱਡੀ ਗਿਣਤੀ ਵਿਚ ਕਿਸਾਨਾਂ ਨੇ ਇਹਨਾਂ ਰੋਸ ਧਰਨਿਆਂ ਵਿਚ ਸ਼ਮੂਲੀਅਤ ਕੀਤੀ ਹੈ। ਜਦਕਿ ਇਸ ਤੋਂ ਇਲਾਵਾ ਸੂਬੇ ਅੰਦਰ ਥਾਂ-ਥਾਂ ’ਤੇ ਕਿਸਾਨਾਂ ਨੇ ਸੜਕਾਂ ਜਾਮ ਕਰਕੇ ਰੋਸ ਧਰਨੇ ਲਗਾਏ ਹਨ। ਆਖਰ ਇਹਨਾਂ ਕਿਸਾਨਾਂ ਨੂੰ ਅਜਿਹਾ ਕਰਨ ਲਈ ਕੀ ਨੌਬਤ ਆਈ। ਇਸ ਬਾਰੇ ਜਾਂਚ-ਪੜਤਾਲ ਕਰਨ ਦੀ ਲੋੜ ਹੈ। ਕਿੳਂੁਕਿ ਦੇਸ਼ ਨੂੰ ਅਜਾਦ ਹੋਇਆ ਭਾਵੇਂ 74 ਸਾਲ ਲੰਘ ਚੁੱਕੇ ਹਨ, ਪਰ ਏਨਾ ਲੰਮਾ ਸਮਾਂ ਬੀਤਣ ਦੇ ਬਾਵਜੂਦ ਵੀ ਸਮੇਂ ਦੀਆਂ ਸਰਕਾਰਾਂ ਨੇ ਖੇਤੀ ਸਬੰਧੀ ਤੇ ਕਿਸਾਨਾਂ ਨੂੰ ਲਾਭ ਦੇਣ ਲਈ ਕੋਈ ਠੋਸ ਖੇਤੀ ਨੀਤੀ ਨਹੀਂ ਬਣਾਈ। ਜਿਸ ਕਰਕੇ ਕਿਸਾਨੀ ਡੋਲ ਗਈ, ਕਿਉਂਕਿ ਕੁਦਰਤੀ ਆਫ਼ਤਾਂ ਤੇ ਹੋਰ ਬਹੁਤ ਸਾਰੀਆਂ ਮਾਰਾਂ ਨੂੰ ਕਿਸਾਨਾਂ ਨੂੰ ਆਪਣੇ ਪਿੰਡੇ ਤੇ ਹੰਡਾਉਣਾ ਪੈਦਾ ਹੈ। ਸਰਕਾਰਾਂ ਅਤੇ ਰਾਜਨੀਤਿਕ ਪਾਰਟੀਆਂ ਨੂੰ ਕਿਸਾਨਾਂ ਦਾ ਕੋਈ ਫਿਕਰ ਨਹੀਂ। ਸਿਰਫ਼ ਵੋਟ ਬੈਂਕ ਵਧਾਉਣ ਲਈ ਕਿਸਾਨਾਂ ਦੇ ਕਰਜੇ ਮੁਆਫ਼ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਜਦ ਕਿ ਲੋੜ ਹੈ ਕਿਸਾਨਾਂ ਦੇ ਅੰਦਰਲੇ ਦਰਦ ਨੂੰ ਜਾਨਣ ਦੀ, ਉਹਨਾਂ ਦੀ ਬਾਂਹ ਫੜਨ ਦੀ ਤੇ ਸਹਾਰਾ ਦੇਣ ਲਈ, ਕਿਉਂਕਿ ਖੇਤੀ ਧੰਦਾ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਘਾਟੇ ਵਾਲਾ ਸੋਦਾ ਹੀ ਬਣ ਗਿਆ ਹੈ। ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਮਾਰਨ ਵਾਲੇ ਜੋ ਤਿੰਨ ਬਿੱਲ ਤਿਆਰ ਕੀਤੇ ਹਨ, ਉਸ ਨੂੰ ਲੈ ਕੇ ਸਮੁੱਚੇ ਕਿਸਾਨ ਵਰਗ ਵਿਚ ਕੇਂਦਰ ਸਰਕਾਰ ਅਤੇ ਉਹਨਾਂ ਦੀਆਂ ਭਾਈਵਾਲ ਸਿਆਸੀ ਪਾਰਟੀਆਂ ਪ੍ਰਤੀ ਭਾਰੀ ਰੋਸ ਤੇ ਨਿਰਾਸ਼ਾ ਪਾਈ ਜਾ ਰਹੀ ਹੈ। ਕਿਉਕਿ ਇਹ ਖਤਰਨਾਕ ਬਿੱਲ ਕਿਸਾਨਾਂ ਨੂੰ ਰੋਲ ਕੇ ਰੱਖ ਦੇਣਗੇ। ਕਿਸਾਨ ਆਪਣੀਆਂ ਜਮੀਨਾ ਗਵਾ ਲੈਣਗੇ, ਦਾਣਾ ਮੰਡੀਆਂ ਖਤਮ ਹੋ ਜਾਣਗੀਆਂ ਤੇ ਹੋਰ ਕਈ ਕੁਝ ਕਿਸਾਨਾਂ ਲਈ ਘਾਟੇ ਵਾਲਾ ਸੌਦਾ ਹੀ ਹੈ। ਜਿਸ ਕਰਕੇ ਕਿਸਾਨਾਂ ਨੇ ਇਹਨਾਂ ਬਿੱਲਾਂ ਨੂੰ ਰੱਦ ਕਰਵਾਉਣ ਲਈ ਆਰ-ਪਾਰ ਦੀ ਲੜਾਈ ਸਰਕਾਰ ਨਾਲ ਵਿੱਢ ਲਈ ਹੈ। ਜਿਸ ਕਰਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੀ ਪੂਰੀਆਂ ਭਾਜੜਾਂ ਪੈ ਰਹੀਆਂ ਹਨ। ਕਿਉਕਿ ਕਿਸਾਨ ਪੂਰੇ ਗੁੱਸੇ ਦੇ ਰੌਅ ਵਿਚ ਹਨ ਤੇ ਮਰੋ-ਮਰਾਓ ਦੀ ਨੀਤੀ ‘ਤੇ ਉਤਰੇ ਹੋਏ ਹਨ।
ਕੇਂਦਰ ਸਰਕਾਰ ਕਿਸਾਨ ਵਿਰੋਧੀ ਬਿੱਲਾਂ ਨੂੰ ਤੁਰੰਤ ਰੱਦ ਕਰੇ- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ...
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਪੂਰਨ ਸਿੰਘ ਦੋਦਾ, ਗੁਰਭਗਤ ਸਿੰਘ ਭਲਾਈਆਣਾ, ਗੁਰਾਂਦਿੱਤਾ ਸਿੰਘ ਭਾਗਸਰ, ਰਾਜਾ ਸਿੰਘ ਮਹਾਂਬੱਧਰ, ਸ਼ਿਵਰਾਜ ਸਿੰਘ ਰਹੂੜਿਆਂਵਾਲੀ, ਹਰਵਿੰਦਰ ਸਿੰਘ ਮਹਾਂਬੱਧਰ ਤੇ ਕਾਮਰੇਡ ਜਗਦੇਵ ਸਿੰਘ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਬਿੱਲਾਂ ਨੂੰ ਤੁਰੰਤ ਰੱਦ ਕਰੇ। ਜੇਕਰ ਅਜਿਹਾ ਨਾ ਹੋਇਆ ਤਾਂ ਕਿਸਾਨ ਜਥੇਬੰਦੀਆਂ ਸਿਆਸੀ ਆਗੂਆਂ ਨੂੰ ਪਿੰਡਾਂ ਵਿਚ ਨਹੀ ਵੜਨ ਦੇਣਗੀਆਂ। ਉਹਨਾਂ ਇਹ ਵੀ ਕਿਹਾ ਕਿ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਵੇ।
ਅਨੇਕਾਂ ਕਿਸਾਨ ਪਹਿਲਾਂ ਹੀ ਹਨ ਕਰਜੇ ਦੀ ਮਾਰ ਹੇਠ ਤੇ ਤੁਰੇ ਹੋਏ ਹਨ ਖੁਦਕੁਸ਼ੀਆਂ ਦੇ ਰਾਹ...
ਇਸ ਵੇਲੇ ਬਹਤੇ ਕਿਸਾਨਾਂ ਦੇ ਆਰਥਿਕ ਹਾਲਾਤ ਮਾੜੇ ਹੋ ਚੁੱਕੇ ਹਨ। ਕਰਜੇ ਦੀਆਂ ਪੰਡਾਂ ਨੇ ਉਹਨਾਂ ਨੂੰ ਦੱਬ ਲਿਆ ਤੇ ਹੁਣ ਸਿਰ ਚੁੱਕਣਾ ਔਖਾ ਹੋ ਗਿਆ। ਕਈਆਂ ਕਿਸਾਨਾਂ ਦੀਆਂ ਜਮੀਨਾਂ, ਘਰ, ਖੇਤੀ ਸੰਦ ਤੇ ਹੋਰ ਕਈ ਕੁਝ ਵਿਕ ਗਿਆ। ਕਈ ਕਿਸਾਨਾਂ ਦੇ ਸਿਰ ਉਪਰੋ ਪਾਣੀ ਟੱਪ ਗਿਆ ਤੇ ਜਲਾਲਤ ਭਰੀ ਜਿੰਦਗੀ ਤੋਂ ਤੰਗ ਪ੍ਰੇਸ਼ਾਨ ਹੋ ਕੇ ਉਹਨਾਂ ਨੇ ਆਪਣੇ ਆਪ ਨੂੰ ਖਤਮ ਕਰਨ ਲਈ ਖੁਦਕਸ਼ੀਆ ਕਰਨ ਦਾ ਰਾਹ ਅਖਤਿਆਰ ਕਰ ਲਿਆ। ਜੇਕਰ ਨਜ਼ਰ ਮਾਰੀਏ ਤਾਂ ਖੁਸ਼ਹਾਲ ਕਹੇ ਜਾਣ ਵਾਲੇ ਸੂਬੇ ਪੰਜਾਬ ਵਿਚ ਪਿਛਲੇਂ ਦੋ ਦਹਾਕਿਆ ਤੋਂ ਹਜਾਰਾਂ ਕਿਸਾਨ ਖੁਦਕਸ਼ੀਆ ਕਰ ਚੁੱਕੇ ਹਨ। ਸਰਕਾਰਾਂ ਦਾ ਇਹ ਫਰਜ ਬਣਦਾ ਹੈ ਕਿ ਕਿਸਾਨੀ ਧੰਦੇ ਨੂੰ ਪ੍ਰਫੁਲਿਤ ਕਰਨ ਲਈ ਤੇ ਮੁੜ ਗੱਡੀ ਲੀਂਹ ’ਤੇ ਲਿਆਉਣ ਲਈ ਕਿਸਾਨਾਂ ਦੀ ਮੱਦਦ ਕਰਕੇ ਉਹਨਾਂ ਨੂੰ ਪੈਰਾ ਸਿਰ ਖੜਾ ਕੀਤਾ ਜਾਵੇ।
ਸਰਕਾਰ ਦੀ ਨਜ਼ਰਅੰਦਾਜ਼ੀ ਦਾ ਵੱਡੇ ਪੱਧਰ ’ਤੇ ਸ਼ਿਕਾਰ ਹੋਇਆ ਦੇਸ਼ ਦਾ ਅੰਨਦਾਤਾ...
ਕਿਸਾਨਾਂ ਨੂੰ ਆਪਣੇ ਖੇਤਾਂ ਵਿਚ ਵਾਹੀ ਕਰਨ ਸਮੇਂ ਬਹੁਤ ਸਾਰੀਆਂ ਸਮੱਸਿਆਵਾਂ ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ। ਕੁਦਰਤੀ ਆਫ਼ਤਾਂ ਦੀ ਕਿਸਾਨਾਂ ਨੂੰ ਵੱਡੀ ਮਾਰ ਝੱਲਣੀ ਪੈਦੀ ਹੇ। ਕਦੇ ਮੀਂਹ ਦੇ ਕਾਰਨ ਫ਼ਸਲਾਂ ਦਾ ਨੁਕਸਾਨ, ਕਦੇ ਤੇਜ ਹਵਾਵਾਂ, ਝੱਖੜ, ਤੂਫਾਨ ਅਤੇ ਕਦੇ ਪੱਕੀਆ ਪਕਾਈਆ ਫ਼ਸਲਾਂ ਤੇ ਗੜੇਮਾਰੀ ਹੋ ਜਾਂਦੀ ਹੈ। ਫਸਲ ਬੀਜਣ ਤੋਂ ਲੈ ਕੇ ਪੱਕਣ ਤਾਂ ਕਿਸਾਨਾਂ ਦਾ ਹਜਾਰਾਂ ਰੁਪਏ ਖਰਚਾ ਹੋ ਜਾਂਦਾ ਹੈ। ਤਕਰੀਬਨ ਹਰ ਸਾਲ ਹੀ ਕਿਸਾਨਾਂ ਤੇ ਅਜਿਹੀਆ ਮਾਰਾਂ ਪੈਦੀਆਂ ਹਨ। ਇਸ ਤੋਂ ਇਲਾਵਾ ਫ਼ਸਲਾਂ ਨੂੰ ਸੁੰਡੀ ਖਾਹ ਜਾਂਦੀ ਹੈ, ਇਸ ਤੋਂ ਇਲਾਵਾ ਡਾ : ਸਵਾਮੀ ਨਾਥਨ ਦੀਆਂ ਰਿਪੋਰਟਾਂ ਨੂੰ ਅੱਜ ਤੱਕ ਲਾਗੂ ਨਹੀਂ ਕੀਤਾ ਗਿਆ ਤੇ ਸੂਚਕ ਅੰਕ ਅਤੇ ਵਧੀ ਹੋਈ ਮਹਿੰਗਾਈ ਦੇ ਹਿਸਾਬ ਨਾਲ ਕਿਸਾਨਾਂ ਨੂੰ ਉਹਨਾਂ ਦੀਆਂ ਫ਼ਸਲਾਂ ਦੇ ਪੂਰੇ ਭਾਅ ਨਹੀਂ ਮਿਲ ਰਹੇ। ਮਿਹਨਤ ਕਿਸਾਨ ਕਰਦੇ ਹਨ। ਮਿੱਟੀ ਨਾਲ ਮਿੱਟੀ ਹੁੰਦੇ ਹਨ। ਪਰ ਉਹਨਾਂ ਦੀਆਂ ਫ਼ਸਲਾਂ ਦੇ ਭਾਅ ਆਪਣੀ ਮਨਮਰਜੀ ਨਾਲ ਕੋਈ ਹੋਰ ਤਹਿ ਕਰਦਾ ਹੈ। ਕਿਸਾਨ ਮੰਡੀਆਂ ਵਿਚ ਰੁਲਦੇ ਹਨ। ਫ਼ਸਲਾਂ ਰੁਲਦੀਆਂ ਹਨ। ਕਿਸਾਨਾਂ ਦੀ ਲੁੱਟ ਕੀਤੀ ਜਾਂਦੀ ਹੈ, ਜਦ ਕਿ ਉਹਨਾਂ ਨੂੰ ਫ਼ਸਲਾਂ ਦੇ ਪੂਰੇ ਭਾਅ ਮਿਲਣੇ ਚਾਹੀਦੇ ਹਨ। ਖੇਤੀ ਧੰਦੇ ਵਿਚ ਵਰਤੋਂ ਆਉਣ ਵਾਲੀਆਂ ਹਰ ਚੀਜਾਂ ਬੀਜਾਂ, ਖਾਦਾਂ, ਕੀਟਨਾਸ਼ਕ ਦਵਾਈਆ, ਡੀਜਲ ਆਦਿ ਤੋਂ ਲੈ ਕੇ ਟਰੈਕਟਰ ਟਰਾਲੀਆਂ, ਕੰਬਾਈਨਾਂ ਤੇ ਹਰ ਤਰਾਂ ਦੇ ਖੇਤੀ ਸੰਦਾਂ ਤੇ ਮਸ਼ੀਨਾਂ ਦੇ ਭਾਅ ਅਸਮਾਨੀ ਚੜੇ ਹੋਏ ਹਨ। ਲੇਬਰ ਵੀ ਬਹੁਤ ਮਹਿੰਗੀ ਮਿਲਦੀ ਹੈ। ਭਾਵੇਂ ਹੋਰ ਸਭ ਚੀਜਾਂ ਦਾ ਸਰਕਾਰ ਵੱਲੋਂ ਬੀਮਾਂ ਕੀਤਾ ਜਾਂਦਾ ਹੈ ਤੇ ਹਰ ਵੱਡੇ ਛੋਟੇ ਵਪਾਰੀ ਨੂੰ ਲਾਭ ਦਿੱਤਾ ਜਾਂਦਾ ਹੈ। ਪਰ ਕਿਸਾਨਾਂ ਦੀਆਂ ਫ਼ਸਲਾਂ ਦਾ ਬੀਮਾ ਕਰਨ ਵਾਰੀ ਸਰਕਾਰ ਆਪਣਾ ਹੱਥ ਪਿੱਛੇ ਖਿੱਚ ਰਹੀ ਹੈ।