ਹਰਦਮ ਮਾਨ
ਸਰੀ, 18 ਅਕਤੂਬਰ 2020 - ਬੀਸੀ ਲਿਬਰਲ ਲੀਡਰ ਐਂਡਰਿਊ ਵਿਲਕਿਨਸਨ ਨੇ ਕਿਹਾ ਹੈ ਕਿ ਜੇਕਰ ਲਿਬਰਲ ਸਰਕਾਰ ਬਣਦੀ ਹੈ ਤਾਂ ਰਿਹਾਇਸ਼ੀ ਯੋਜਨਾ ਲਈ 1.75 ਬਿਲੀਅਨ ਡਾਲਰ ਦੀ ਰਾਸ਼ੀ ਖਰਚ ਕੀਤੀ ਜਾਵੇਗੀ ਜਿਸ ਨਾਲ ਨਵੇਂ ਰਿਹਾਇਸ਼ੀ ਵਿਕਾਸ ਵਿਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕੀਤਾ ਜਾਵੇਗਾ। ਇਸ ਨਾਲ ਬ੍ਰਿਟਿਸ਼ ਕੋਲੰਬੀਅਨਾਂ ਲਈ ਕਿਰਾਏ ਅਤੇ ਘਰ ਮਾਲਕੀਅਤ ਵਧੇਰੇ ਕਿਫਾਇਤੀ ਬਣੇਗੀ।
ਲਿਬਰਲ ਆਗੂ ਨੇ ਕਿਹਾ ਕਿ ਜੌਨ ਹੋਰਗਨ ਅਤੇ ਐਨਡੀਪੀ ਦੀ ਸਰਕਾਰ ਦੇ ਕਾਰਜ ਕਾਲ ਦੌਰਾਨ ਔਸਤਨ ਕਿਰਾਏ ਅਤੇ ਪ੍ਰਾਪਰਟੀ ਟੈਕਸਾਂ ਵਿਚ ਵਾਧਾ ਜਾਰੀ ਰਿਹਾ ਜਿਸ ਕਾਰਨ ਬਹੁਤ ਘੱਟ ਲੋਕ ਮਕਾਨ ਖਰੀਦਣ ਦੇ ਸਮਰੱਥ ਹੋ ਸਕੇ ਹਨ। ਜੌਨ ਹੋਰਗਨ ਨੇ ਪਿਛਲੀਆਂ ਚੋਣਾਂ ਵਿਚ 114,000 ਹੋਰ ਕਿਫਾਇਤੀ ਘਰ ਬਣਾਉਣ ਦਾ ਵਾਅਦਾ ਕੀਤਾ ਸੀ ਅਤੇ ਹੁਣ ਤੱਕ ਸਿਰਫ 2,963 ਅਸਥਾਈ ਇਕਾਈਆਂ ਖੋਲ੍ਹੀਆਂ ਹਨ। ਜਿਸ ਹਿਸਾਬ ਨਾਲ ਹੌਰਗਨ ਕੰਮ ਕਰ ਰਹੇ ਹਨ ਇਸ ਨਾਲ ਤਾਂ ਆਪਣਾ ਵਾਅਦਾ ਪੂਰਾ ਕਰਨ ਲਈ ਉਨ੍ਹਾਂ ਨੂੰ 100 ਸਾਲ ਤੋਂ ਵੱਧ ਦਾ ਸਮਾਂ ਲੱਗੇਗਾ।
ਵਿਲਕਿਨਸਨ ਨੇ ਕਿਹਾ ਕਿ ਸਾਡੀ ਹਾਊਸਿੰਗ ਯੋਜਨਾ ਸਟਰਾਟਾ ਸੰਕਟ ਤੋਂ ਪ੍ਰਭਾਵਿਤ ਕੰਡੋ ਅਤੇ ਟਾਊਨਹੋਮ ਮਾਲਕਾਂ ਨੂੰ ਸਹੀ ਅਰਥਾਂ ਵਿਚ ਰਾਹਤ ਪ੍ਰਦਾਨ ਕਰੇਗੀ, ਕੈਨੇਡਾ ਦੇ ਗੈਰ-ਵਸਨੀਕਾਂ ਉਪਰ ਵਧੇਰੇ ਜਾਇਦਾਦ-ਟੈਕਸ ਲਾਗੂ ਕਰੇਗੀ ਅਤੇ ਪੁਰਾਣੀ ਪ੍ਰਣਾਲੀ ਨੂੰ ਆਧੁਨਿਕ ਕਰੇਗੀ। ਇਸ ਵੇਲੇ ਬੀਸੀ ਦੀ ਹਾਊਸਿੰਗ ਮਾਰਕੀਟ ਵਿਚ ਵਿਸ਼ਵਾਸ ਮੁੜ ਬਹਾਲ ਕਰਨ ਅਤੇ ਬੀ.ਸੀ. ਨੂੰ ਨਵਿਆਉਣ ਦੀ ਜ਼ਰੂਰਤ ਹੈ ਤਾਂ ਕਿ ਹਰ ਕਿਸੇ ਕੋਲ ਰਹਿਣ ਲਈ ਇੱਕ ਕਿਫਾਇਤੀ ਜਗ੍ਹਾ ਹੋਵੇ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com