ਚੰਡੀਗੜ੍ਹ,27 ਨਵੰਬਰ,2020: ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਪ੍ਰਧਾਨ ਚੁਣੇ ਗਏ ਬੀਬੀ ਜਗੀਰ ਕੌਰ ਇਸ ਤੋਂ ਪਹਿਲਾਂ ਵੀ ਤਿੰਨ ਵਾਰ ਇਸ ਵਕਾਰੀ ਅਹੁਦੇ ‘ਤੇ ਸੇਵਾ ਨਿਭਾ ਚੁੱਕੇ ਹਨ। ਉਹ ਪਹਿਲੀ ਵਾਰ 16 ਮਾਰਚ 1999 ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਬਣੇ ਸਨ, ਜੋ 30 ਨਵੰਬਰ 2000 ਤੱਕ ਇਸ ਅਹੁਦੇ ‘ਤੇ ਬਿਰਾਜਮਾਨ ਰਹੇ। ਇਸ ਤੋਂ ਬਾਅਦ ਉਹ ਤੀਸਰੀ ਵਾਰ 23 ਸਤੰਬਰ 2004 ਨੂੰ ਪ੍ਰਧਾਨ ਬਣੇ। ਹੁਣ ਉਹ ਚੌਥੀ ਵਾਰ ਪ੍ਰਧਾਨਗੀ ਲਈ ਚੁਣੇ ਗਏ ਹਨ। ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਕਮੇਟੀ ਦੇ ਇਕਲੌਤੇ ਇਸਤਰੀ ਪ੍ਰਧਾਨ ਹੋਣ ਦਾ ਮਾਣ ਹਾਸਲ ਹੈ। ਬੀ.ਐਸ.ਸੀ., ਬੀ.ਐੱਡ. ਤੱਕ ਉੱਚ ਵਿਦਿਆ ਹਾਸਲ ਬੀਬੀ ਜਗੀਰ ਕੌਰ ਦਾ ਜਨਮ 15 ਅਕਤੂਬਰ 1954 ਨੂੰ ਜ਼ਿਲ੍ਹਾ ਜਲੰਧਰ ਦੇ ਪਿੰਡ ਭਟਨੂਰਾ ਵਿਖੇ ਸ. ਗਿਰਧਾਰਾ ਸਿੰਘ ਅਤੇ ਮਾਤਾ ਪ੍ਰਸਿੰਨ ਕੌਰ ਦੇ ਘਰ ਹੋਇਆ। ਜਗੀਰ ਕੌਰ ਨੇ ਕੁਝ ਸਮਾਂ ਅਧਿਆਪਕਾ ਵਜੋਂ ਵੀ ਵਿਦਿਆ ਦਾ ਚਾਨਣ ਵੰਡਿਆ। ਉਨ੍ਹਾਂ ਨੇ 1987 ਵਿਚ ਸਰਕਾਰੀ ਨੌਕਰੀ ਤੋਂ ਤਿਆਗ ਪੱਤਰ ਦੇਣ ਉਪਰੰਤ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਮੁੱਖ ਅਸਥਾਨ ਬੇਗੋਵਾਲ ਵਿਖੇ ਮੁੱਖ ਸੇਵਾਦਾਰ ਵਜੋਂ ਸੇਵਾ ਸੰਭਾਲੀ। ਬੀਬੀ ਜਗੀਰ ਕੌਰ ਧਾਰਮਿਕ ਰੁਚੀਆਂ ਵਾਲੀ ਸ਼ਖ਼ਸੀਅਤ ਹਨ ਅਤੇ ਇਕ ਬੇਬਾਕ ਬੁਲਾਰੇ ਦੇ ਤੌਰ ’ਤੇ ਜਾਣੇ ਜਾਂਦੇ ਹਨ। ਉਹ ਕੌਮੀ ਮਸਲਿਆਂ ਬਾਰੇ ਡੂੰਘੀ ਸਮਝ ਰੱਖਦੇ ਹਨ ਅਤੇ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। 1996 ਵਿਚ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਸਮੇਂ ਬੀਬੀ ਜਗੀਰ ਕੌਰ ਭੁਲੱਥ ਹਲਕੇ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਬਣੇ। 1997 ਵਿਚ ਪਹਿਲੀ ਵਾਰ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਐਮ.ਐਲ.ਏ. ਚੁਣੇ ਗਏ। ਬੀਬੀ ਜਗੀਰ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਸੇਵਾ ਕਰਦਿਆਂ ਕਈ ਸ਼ਤਾਬਦੀਆਂ ਮਨਾਉਣ ਦਾ ਵੀ ਸੁਭਾਗ ਪ੍ਰਾਪਤ ਹੋਇਆ ਹੈ।