ਸਪੀਕਰ ਸੰਧਵਾਂ ਨੇ 12 ਲੱਖ ਦੀ ਲਾਗਤ ਨਾਲ ਤਿਆਰ ਸ਼ੂਟਿੰਗ ਰੇਂਜ ਦਾ ਕੀਤਾ ਉਦਘਾਟਨ
- ਪੰਜਾਬ ਸਰਕਾਰ ਖੇਡਾਂ ਤੇ ਖਿਡਾਰੀਆਂ ਦੀ ਤਰੱਕੀ ਲਈ ਵਚਨਬੱਧ- ਸੰਧਵਾਂ
- ਸਪੀਕਰ ਸੰਧਵਾਂ ਨੇ ਸ਼ੂਟਿੰਗ ਰੇਂਜ ਦੇ ਵਿਕਾਸ 5 ਲੱਖ ਰੁਪਏ ਦੇਣ ਦਾ ਕੀਤਾ ਐਲਾਨ
- ਸ਼ੂਟਿੰਗ ਰੇਂਜ ਨੂੰ ਜਲਦੀ ਡਿਜ਼ੀਟਲ ਬਣਾਇਆ ਜਾਵੇਗਾ- ਸੇਖੋਂ
ਦੀਪਕ ਗਰਗ
ਫ਼ਰੀਦਕੋਟ 19 ਸਤੰਬਰ,2024 - ਪੰਜਾਬ ਸਰਕਾਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਅੰਦਰ ਖੇਡਾਂ ਤੇ ਖਿਡਾਰੀਆਂ ਦੀ ਤਰੱਕੀ ਲਈ ਵਚਨਬੱਧ ਹੈ ਅਤੇ ਸਰਕਾਰ ਇਸ ਟੀਚੇ ਦੀ ਪ੍ਰਾਪਤੀ ਲਈ ਲਗਾਤਾਰ ਕੰਮ ਕਰ ਰਹੀ ਹੈ । ਇਹ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਨਹਿਰੂ ਸਟੇਡੀਅਮ ਵਿਖੇ ਸ਼ੂਟਿੰਗ ਰੇਂਜ ਦਾ ਉਦਘਾਟਨ ਕਰਨ ਮੌਕੇ ਕੀਤਾ । ਉਨ੍ਹਾਂ ਕਿਹਾ ਕਿ ਇਹ ਸ਼ੂਟਿੰਗ ਰੇਂਜ 12 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ ।
ਸਪੀਕਰ ਸ.ਸੰਧਵਾਂ ਨੇ ਕਿਹਾ ਕਿ ਸ਼ੂਟਿੰਗ ਇੱਕ ਅਜਿਹੀ ਪ੍ਰਤੀਯੋਗੀ ਸਪੋਰਟਸ ਹੈ ਜਿਸ ਦਾ ਸਬੰਧ ਸਿੱਧਾ ਇਕਾਗਰਤਾ ਅਤੇ ਸਟੀਕਤਾ ਨਾਲ ਹੁੰਦਾ ਹੈ । ਨਿਸ਼ਾਨਾ ਸਾਧਦਿਆਂ ਖਿਡਾਰੀ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਸ ਦੇ ਹੱਥ ਵਿੱਚ ਕਿਹੜੀ ਬੰਦੂਕ ਹੈ, ਜੇ ਉਹ ਸਰੀਰਕ ਅਤੇ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਸੰਤੁਲਨ ਵਿੱਚ ਰੱਖਦਾ ਹੈ ਤਾਂ ਉਸ ਦਾ ਨਿਸ਼ਾਨਾਂ ਹਮੇਸ਼ਾਂ ਸਹੀ ਲੱਗਦਾ ਹੈ । ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਨੌਜਵਾਨ ਖਿਡਾਰੀਆਂ ਨੂੰ ਚੰਗੀ ਸਰੀਰਕ ਅਤੇ ਦਿਮਾਗੀ ਸਿਹਤ ਨਾਲ ਜੋੜਨ ਲਈ ਪੰਜਾਬ ਸਰਕਾਰ ਦਾ ਇਹ ਇੱਕ ਵਧੀਆ ਉਪਰਾਲਾ ਹੈ । ਉਨ੍ਹਾਂ ਆਪਣੇ ਅਖਤਿਆਰੀ ਕੋਟੇ ਵਿੱਚੋਂ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ । ਉਨ੍ਹਾਂ ਕਿਹਾ ਕਿ ਇਸ ਵਾਰ ਦੀ ਉਲੰਪਿਕ ਵਿੱਚ ਵੀ ਸ਼ੂਟਿੰਗ ਮੁਕਾਬਲਿਆ ਵਿੱਚ ਕੁਆਲੀਫਾਈ ਕਰਨ ਵਾਲੇ ਨੌਜਵਾਨਾਂ ਵਿੱਚ ਪੰਜਾਬੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਸੀ । ਇਸ ਲਈ ਸ਼ੂਟਿੰਗ ਮੁਕਾਬਲਿਆਂ ਵਿੱਚ ਪੰਜਾਬ ਦੀ ਸ਼ਮੂਲੀਅਤ ਅਤੇ ਇਸ ਖੇਡ ਪ੍ਰਤੀ ਰੁਚੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਹਰ ਜ਼ਿਲ੍ਹੇ ਵਿੱਚ ਮਿਆਰੀ ਸ਼ੂਟਿੰਗ ਰੇਂਜ਼ ਬਣਵਾ ਰਹੀ ਹੈ । ਜਿਸ ਵਿੱਚੋਂ ਫਰੀਦਕੋਟ ਦੀ ਸ਼ੂਟਿੰਗ ਰੇਂਜ਼ ਖਿਡਾਰੀਆਂ ਨੂੰ ਸਮਰਪਿਤ ਕੀਤੀ ਗਈ ਹੈ ।
ਉਨ੍ਹਾਂ ਕਿਹਾ ਕਿ ਇਸ ਸ਼ੂਟਿੰਗ ਰੇਂਜ਼ ਵਿੱਚ ਨਿਸ਼ਾਨੇਬਾਜ਼ ਨੂੰ ਵਿਸ਼ਵ ਪੱਧਰ ਦਾ ਢਾਂਚਾ ਮੁਹੱਈਆ ਕਰਵਾਉਣ ਦਾ ਟੀਚਾ ਹੈ । ਜਿਸ ਨੂੰ ਸ. ਸੁਖਜੀਤ ਸਿੰਘ ਢਿੱਲਵਾਂ ਦੀ ਮਿਹਨਤ ਅਤੇ ਸਰਕਾਰ ਦੇ ਸਹਿਯੋਗ ਨਾਲ ਛੇਤੀ ਹੀ ਪ੍ਰਾਪਤ ਕਰ ਲਿਆ ਜਾਵੇਗਾ । ਉਨ੍ਹਾਂ ਕਿਹਾ ਕਿ ਬਹੁਤ ਹੀ ਜਲਦੀ ਇਸ ਰੇਂਜ਼ ਨੂੰ ਡਿਜੀਟਲ ਟਰੌਲੀਜ਼ ਵੀ ਮਿਲਣ ਜਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਇਹ ਕੋਸ਼ਿਸ਼ ਹੈ ਕਿ ਪਿੰਡਾਂ, ਸ਼ਹਿਰਾਂ ਦੀਆਂ ਗਲੀਆਂ, ਨਾਲੀਆਂ ਦੇ ਵਿਕਾਸ ਦੇ ਨਾਲ-ਨਾਲ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ । ਉਨ੍ਹਾਂ ਕਿਹਾ ਕਿ ਮਿਸਲ ਸਤਲੁਜ ਫਾਊਂਡੇਸ਼ਨ ਵਲੋਂ ਸ਼ੂਟਿੰਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ।
ਉਨ੍ਹਾਂ ਕਿਹਾ ਕਿ ਇਹ ਸ਼ੂਟਿੰਗ ਰੇਂਜ਼ ਨਿਸ਼ਾਨੇਬਾਜ਼ੀ ਖੇਤਰ ਵਿੱਚ ਇੱਕ ਮੀਲ ਪੱਥਰ ਸਾਬਿਤ ਹੋਵੇਗਾ ਅਤੇ ਇੱਥੋਂ ਸਿਖਲਾਈ ਪ੍ਰਾਪਤ ਨੌਜਵਾਨ ਅਭੀਨਵ ਬਿੰਦਰਾ, ਅਵਨੀਤ ਕੌਰ ਸਿੱਧੂ, ਸਿਫਤ ਕੌਰ ਸਮਰਾ ਅਤੇ ਸਿਮਰਪ੍ਰੀਤ ਕੌਰ ਵਾਂਗ ਸਾਡੇ ਮੁਲਕ ਦਾ ਨਿਸ਼ਾਨੇਬਾਜ਼ੀ ਖੇਤਰ ਵਿੱਚ ਹੋਰ ਨਾਂ ਰੌਸ਼ਨ ਕਰਨਗੇ। ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਜਸਬੀਰ ਜੱਸੀ ਵੱਲੋਂ ਨਿਭਾਈ ਗਈ ।
ਸ਼ੂਟਿੰਗ ਰੇਂਜ਼ ਦੇ ਉਦਘਾਟਨ ਤੋਂ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਜਿਸ ਵਿੱਚ ਫਰੀਦਕੋਟ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਂਖੋਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਉਨ੍ਹਾਂ ਕਿਹਾ ਕਿ ਫਰੀਦਕੋਟ ਸ਼ਹਿਰ ਨਹਿਰੂ ਸਟੇਡੀਅਮ ਵਿੱਚ ਇਹ ਸ਼ੂਟਿੰਗ ਰੇਂਜ ਬਣਨਾ ਆਪਣੇ ਲਈ ਇੱਕ ਉਪਲੱਬਧੀ ਹੈ। ਉਨ੍ਹਾਂ ਕਿਹਾ ਕਿ ਆਮ ਪਾਰਟੀ ਦੀ ਸਰਕਾਰ ਨੇ ਸੂਟਿੰਗ ਰੇਂਜ ਖੋਲ ਕੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਖੂਬਸੁਰਤ ਵਸੀਲਾ ਸਿਰਜਿਆ ਹੈ ।
ਇਸ ਤੋਂ ਪਹਿਲਾਂ ਚੇਅਰਮੈਨ ਜ਼ਿਲ੍ਹਾ ਪਲਾਨਿੰਗ ਬੋਰਡ ਸ. ਸੁਖਜੀਤ ਸਿੰਘ ਢਿੱਲਵਾਂ ਨੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਤੇ ਸਮੂਹ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ੂਟਿੰਗ ਰੇਂਜ ਤੇ ਖਰਚੇ ਗਏ 12 ਲੱਖ ਰੁਪਏ ਦੀ ਰਾਸ਼ੀ ਜ਼ਿਲ੍ਹਾ ਯੋਜਨਾ ਬੋਰਡ ਅਤੇ ਐਮ.ਪੀ.ਲੈਂਡ ਫੰਡ ਵਿਚੋਂ ਖਰਚ ਕੀਤੀ ਗਈ ਹੈ । ਉਨ੍ਹਾਂ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦਾ ਆਪਣੇ ਅਖਤਿਆਰੀ ਕੋਟੇ ਵਿੱਚੋਂ 5 ਲੱਖ ਰੁਪਏ ਦੇਣ ਤੇ ਵੀ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਸ਼ੂਟਿੰਗ ਰੇਂਜ਼ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ।
ਇਸ ਮੌਕੇ ਸੁਖਵੰਤ ਸਿੰਘ ਪੱਕਾ ਪ੍ਰਧਾਨ ਯੂਥ ਵਿੰਗ ਆਮ ਆਦਮੀ ਪਾਰਟੀ, ਸਿਫਤ ਕੌਰ ਸਮਰਾ ਕੌਮਾਂਤਰੀ ਸ਼ੂਟਰ, ਸਿਮਰਪ੍ਰੀਤ ਕੌਰ ਕੌਮਾਂਤਰੀ ਸ਼ੂਟਰ, ਦਵਿੰਦਰਜੀਤ ਸਿੰਘ ਸੇਂਖੋਂ ਸਕੱਤਰ ਮਿਸਲ ਸਤਲੁਜ, ਸੁਖਣਵਾਲਾ ਪ੍ਰਧਾਨ ਮਿਸਲ ਸਤਲੁਜ, ਸੁਖਰਾਜ ਕੌਰ ਸ਼ੂਟਿੰਗ ਕੋਚ, ਰਣਪਿੰਦਰ ਸਿੰਘ ਗੋਲਡੀ, ਸੁਖਰਾਜ ਸਿੰਘ, ਸੁਖਵਿੰਦਰ ਸਿੰਘ ਯੂਥ ਪ੍ਰਧਾਨ ਮਾਲਵਾ, ਹਰਦੀਪ ਸਿੰਘ ਹੈਪੀ, ਗੁਰਪਾਲ ਸਿੰਘ ਸੰਧੂ ਐਡਵੋਕੇਟ, ਮਨਪ੍ਰੀਤ ਸਿੰਘ ਧਾਲੀਵਾਲ, ਅਮਨਪ੍ਰੀਤ ਸਿੰਘ ਖਾਲਸਾ, ਪੀ.ਏ, ਮੱਘਰ ਸਿੰਘ ਪ੍ਰਧਾਨ ਕੈਂਸਰ ਰੋਕੋ ਸੇਵਾ ਸੁਸਾਇਟੀ, ਜਗਪਾਲ ਸਿੰਘ ਬਰਾੜ, ਸ਼ਿਵਜੀਤ ਸਿੰਘ ਸੰਘਾ ਆਦਿ ਹਾਜ਼ਰ ਸਨ।