ਕੈਨੇਡਾ ਵੱਲੋਂ ਟੌਪ ਭਾਰਤੀ ਡਿਪਲੋਮੈਟ ਨੂੰ ਦੇਸ਼ ਛੱਡਣ ਦੇ ਹੁਕਮ-ਹਰਦੀਪ ਨਿੱਝਰ ਦੇ ਕਤਲ ਪਿੱਛੇ ਸਾਜ਼ਸ਼ ਦਾ ਦੋਸ਼
ਕੈਨੇਡਾ-ਭਾਰਤ ਦੁਵੱਲੇ ਸਬੰਧ ਤਣਾਅਪੂਰਨ ਬਣੇ-
ਓਟਾਵਾ, ਕੈਨੇਡਾ, 18 ਸਤੰਬਰ, 2023- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਲੀਮੈਂਟ ਨੂੰ ਸੰਬੋਧਨ ਹੁੰਦਿਆਂ ਭਾਰਤ ਸਰਕਾਰ ਉਪਰ ਇਸ ਜੂਨ ਮਹੀਨੇ ਕੈਨੇਡੀਅਨ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿਚ ਭਾਰਤੀ ਹੱਥ ਹੋਣ ਦੇ ਦੋਸ਼ ਲਾਏ ਹਨ। ਉਹਨਾਂ ਕਿਹਾ ਕਿ ਕੈਨੇਡੀਅਨ ਖ਼ੁਫ਼ੀਆ ਏਜੰਸੀਆਂ ਦੀਆਂ ਰਿਪੋਰਟਾਂ ਮੁਤਾਬਿਕ ਸਿੱਖ ਆਗੂ ਦੀ ਹੱਤਿਆ ਨੂੰ “ਭਾਰਤ ਸਰਕਾਰ ਦੇ ਏਜੰਟਾਂ” ਵੱਲੋਂ ਅੰਜਾਮ ਦਿੱਤਾ ਗਿਆ ਸੀ।
ਹਾਊਸ ਆਫ਼ ਕਾਮਨਜ਼ ਵਿੱਚ ਬੋਲਦਿਆਂ, ਟਰੂਡੋ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਜੀ-20 ਸਿਖਰ ਸੰਮੇਲਨ ਦੌਰਾਨ ਵੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਇਹ ਮੁੱਦਾ ਉਠਾਇਆ ਸੀ ਜਿਸਦਾ ਉਹਨਾਂ ਕੋਈ ਜਵਾਬ ਨਹੀਂ ਦਿੱਤਾ।
ਟਰੂਡੋ ਨੇ ਸੰਸਦ ਮੈਂਬਰਾਂ ਨੂੰ ਕਿਹਾ, “ਕੈਨੇਡੀਅਨ ਧਰਤੀ ‘ਤੇ ਕੈਨੇਡੀਅਨ ਨਾਗਰਿਕ ਦੀ ਹੱਤਿਆ ਵਿੱਚ ਕਿਸੇ ਵਿਦੇਸ਼ੀ ਸਰਕਾਰ ਦੀ ਸ਼ਮੂਲੀਅਤ ਸਾਡੀ ਪ੍ਰਭੂਸੱਤਾ ਦੀ ਉਲੰਘਣਾ ਹੈ ਜੋ ਕਿਸੇ ਤਰ੍ਹਾਂ ਵੀ ਪ੍ਰਵਾਨ ਨਹੀਂ । ਉਨ੍ਹਾਂ ਕਿਹਾ ਕਿ ਕੈਨੇਡਾ ਭਾਰਤ ਉਪਰ ਇਸ ਹੱਤਿਆ ਦੀ ਜਾਂਚ ‘ਚ ਸਹਿਯੋਗ ਲਈ ਦਬਾਅ ਬਣਾਏਗਾ।ਉਹਨਾਂ ਹੋਰ ਕਿਹਾ ਕਿ ਭਾਰਤੀ ਮੂਲ ਦੇ ਕੈਨੇਡੀਅਨਾਂ ਦਾ ਵੱਡਾ ਭਾਈਚਾਰਾ ਇਸ ਕਤਲ ਕਾਰਣ ਗ਼ੁੱਸੇ ਵਿੱਚ ਹੈ ਅਤੇ ਕੁਝ ਮਾਮਲਿਆਂ ਵਿੱਚ ਆਪਣੀ ਨਿੱਜੀ ਸੁਰੱਖਿਆ ਲਈ ਵੀ ਡਰਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਭਾਰਤੀ ਮੂਲ ਦੇ ਅੰਦਾਜ਼ਨ 14 ਲੱਖ ਤੋਂ 18 ਲੱਖ ਲੋਕ ਵੱਸਦੇ ਹੈ ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਵਿਚ ਸਿੱਖ ਹਨ। ਫੈਡਰਲ ਨਿਊ ਡੈਮੋਕਰੈਟਿਕ ਪਾਰਟੀ ਦਾ ਆਗੂ ਜਗਮੀਤ ਸਿੰਘ ਵੀ ਸਿੱਖ ਭਾਈਚਾਰੇ ਨਾਲ ਸਬੰਧਿਤ ਹੈ , ਜੋ ਟਰੂਡੋ ਦੀ ਘੱਟ ਗਿਣਤੀ ਸਰਕਾਰ ਨੂੰ ਸਮਰਥਨ ਦੇ ਰਿਹਾ ਹੈ।
ਇਸੇ ਦੌਰਾਨ ਵਿਦੇਸ਼ ਮੰਤਰੀ ਮੈਲਨੀ ਜੌਲੀ ਨੇ ਘੋਸ਼ਣਾ ਕੀਤੀ ਹੈ ਕਿ ਕੈਨੇਡਾ ਨੇ ਇੱਕ ਭਾਰਤੀ ਡਿਪਲੋਮੈਟ ਪਵਨ ਰਾਏ ਨੂੰ ਕੈਨੇਡਾ ਚੋ ਨਿਕਲਣ ਦੇ ਆਦੇਸ਼ ਦਿੱਤੇ ਹਨ। ਜਿਸਨੂੰ ਉਸਨੇ ਕੈਨੇਡਾ ਵਿੱਚ ਭਾਰਤੀ ਖ਼ੁਫ਼ੀਆ ਏਜੰਸੀ ਦਾ “ਮੁਖੀ” ਦੱਸਿਆ ਹੈ । ਕੈਨੇਡਾ ਵੱਲੋਂ ਭਾਰਤੀ ਡਿਪਲੋਮੈਟ ਨੂੰ ਕੱਢਣ ਦੇ ਹੁਕਮਾਂ ਤੋ ਬਾਦ ਦੋਵਾਂ ਮੁਲਕਾਂ ਦੇ ਡਿਪਲੋਮੈਟਿਕ ਸਬੰਧਾਂ ਵਿਚ ਤਣਾਅ ਵਧਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਇਹਨਾਂ ਹੁਕਮਾਂ ਦੇ ਵਿਰੋਧ ਵਿਚ ਭਾਰਤ ਸਰਕਾਰ ਵੀ ਕੋਈ ਸਖ਼ਤ ਐਲਾਨ ਕਰ ਸਕਦੀ ਹੈ। ਪਿਛਲੇ ਹਫ਼ਤੇ ਕੈਨੇਡਾ ਦੇ ਭਾਰਤ ਜਾਣ ਵਾਲੇ ਟਰੇਡ ਮਿਸ਼ਨ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਦੋਵਾਂ ਮੁਲਕਾਂ ਵਿਚਾਲੇ ਪਿਛਲੇ ਚਾਰ ਮਹੀਨੇ ਤੋਂ ਵਪਾਰਕ ਵਾਧੇ ਲਈ ਗੱਲਬਾਤ ਚੱਲ ਰਹੀ ਸੀ, ਜੋ ਅਚਾਨਕ ਬੰਦ ਕਰ ਦਿੱਤੀ ਗਈ। ਸਸਕੈਚਵਨ ਦੇ ਪ੍ਰੀਮੀਅਰ ਨੇ ਫੈਡਰਲ ਸਰਕਾਰ ਉਪਰ ਉਹਨਾਂ ਦੇ ਵਪਾਰ ਨੂੰ ਨੁਕਸਾਨ ਪਹੁੰਚਾਉਣ ਦੇ ਵੀ ਦੋਸ਼ ਲਗਾਏ ਸਨ।