ਹਲਕਾ ਸੁਲਤਾਨਪੁਰ ਲੋਧੀ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਮੂਹ ਲੀਡਰਸ਼ਿਪ ਸੁਖਬੀਰ ਬਾਦਲ ਨਾਲ ਚਟਾਨ ਵਾਂਗ ਖੜ੍ਹੀ ਹੈ - ਨਾਨਕਪੁਰ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ,06 ਜੁਲਾਈ 2024 - ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਆਗੂਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਸੀਨੀਅਰ ਅਕਾਲੀ ਆਗੂ ਸ: ਸੁਖਦੇਵ ਸਿੰਘ ਨਾਨਕਪੁਰ, ਦਰਬਾਰਾ ਸਿੰਘ ਵਿਰਦੀ ਜਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਮੈਂਬਰ ਪੀ.ਏ.ਸੀ., ਅਵਤਾਰ ਸਿੰਘ ਮੀਰੇ ਸਾਬਕਾ ਚੇਅਰਮੈਨ, ਗੁਰਜੰਟ ਸਿੰਘ ਆਹਲੀ ਮੈਂਬਰ ਪੀ.ਏ.ਸੀ. ਸਤਨਾਮ ਸਿੰਘ ਰਾਮੇ ਮੈਂਬਰ ਜਨਰਲ ਕੌਂਸਲ, ਆਦਿ ਨੇ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨਾਲ ਸਮੁੱਚੇ ਸੁਲਤਾਨਪੁਰ ਲੋਧੀ ਹਲਕੇ ਦੀ ਸਮੂਹ ਲੀਡਰਸਿਪ ਉਹਨਾਂ ਨਾਲ ਚਟਾਨ ਵਾਂਗ ਖੜ੍ਹੀ ਹੈ ਅਤੇ ਉਹਨਾਂ ਦੀ ਲੀਡਰਸ਼ਿਪ ਤੇ ਉਹਨਾਂ ਨੂੰ ਸੰਪੂਰਨ ਭਰੋਸਾ ਹੈ। ਇਸ ਮੌਕੇ ਸੁਖਦੇਵ ਸਿੰਘ ਨਾਨਕਪੁਰ ਨੇ ਕਿਹਾ ਕਿ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪਾਰਟੀ ਨੇ ਵੱਡੀਆਂ ਜਿੱਤਾਂ ਦਰਜ ਕੀਤੀਆਂ ਹਨ। ਉਹਨਾਂ ਦੀ ਬਦੌਲਤ ਵਿੱਚ ਹੀ ਸਾਲ 2007 ਤੇ 2012 ਦੀਆਂ ਸਰਕਾਰਾਂ ਹੋਂਦ ਵਿੱਚ ਆਈਆਂ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਪੰਜਾਬ ਦਾ ਅਥਾਹ ਵਿਕਾਸ ਹੋਇਆ ਜਿਸ ਵਿੱਚ ਬਾਦਲ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ। ਜਦੋਂ ਵੀ ਕੇਂਦਰ ਤੋਂ ਪੰਜਾਬ ਦਾ ਹੱਕ ਲੈਣ ਲਈ ਸੰਘਰਸ਼ ਲੜਿਆ ਗਿਆ ਤਾਂ ਬਾਦਲ ਪਰਿਵਾਰ ਨੇ ਹਮੇਸ਼ਾਂ ਮੋਹਰੀ ਰੋਲ ਅਦਾ ਕਰਦਿਆਂ ਆਪਣਾ ਫਰਜ਼ ਨਿਭਾਇਆ।
ਉਸ ਵੇਲੇ ਜਿਹੜੇ ਲੀਡਰ ਸ: ਸੁਖਬੀਰ ਸਿੰਘ ਬਾਦਲ ਦੀਆਂ ਸਿਫਤਾ ਕਰਦੇ ਨਹੀਂ ਸਨ ਥੱਕਦੇ, ਅੱਜ ਉਹਨਾਂ ਨੂੰ ਪ੍ਰਧਾਨਗੀ ਛੱਡਣ ਦੀਆਂ ਨਸੀਹਤਾਂ ਦੇ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਮੌਕਾ ਪ੍ਰਸਤ ਲੀਡਰਾਂ ਨੇ ਅਕਾਲੀ ਸਰਕਾਰ ਵੇਲੇ ਵੱਡੀਆਂ ਵਜ਼ੀਰੀਆਂ ਦਾ ਆਨੰਦ ਮਾਣਿਆ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਪਾਰਟੀ ਵਿੱਚ ਵੱਡੇ ਅਹੁਦੇ ਦਿਵਾਏ। ਉਹਨਾਂ ਦੱਸਿਆ ਕਿ ਬਾਗੀ ਗਰੁੱਪ ਦੇ ਆਪਣੇ ਆਪ ਨੂੰ ਲੀਡਰ ਸਮਝਣ ਵਾਲੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਜਿੱਥੇ ਆਪ ਵੱਡੀਆਂ ਵਜ਼ੀਰੀਆਂ ਮਾਣੀਆਂ, ਉਥੇ ਆਪਣੇ ਇੱਕ ਪੁੱਤਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਐਮ.ਐਲ.ਏ. ਬਣਾਇਆ ਤੇ ਦੂਜੇ ਪੁੱਤਰ ਨੂੰ ਚੇਅਰਮੈਨ ਬਣਾਇਆ ਅਤੇ ਪਾਰਟੀ ਤੋਂ ਏਨਾ ਵੱਡਾ ਫਾਇਦਾ ਲੈ ਕੇ ਅੱਜ ਪਾਰਟੀ ਪ੍ਰਧਾਨ ਪ੍ਰਤੀ ਮਾੜੀ ਸਬਦਾਵਲੀ ਵਰਤ ਰਹੇ ਹਨ ਜੋ ਕਿ ਅਤਿ ਨਿੰਦਰਯੋਗ ਹੈ। ਸਮੂਹ ਹਲਕੇ ਦੀ ਲੀਡਰਸ਼ਿਪ ਇਹਨਾਂ ਦੀ ਨਿੰਦਾ ਕਰਦੀ ਹੈ। ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸੂਬੇ ਦੇ ਭਲੇ ਲਈ ਸ੍ਰੋਮਣੀ ਅਕਾਲੀ ਦਲ ਦਾ ਵੱਧ ਤੋਂ ਵੱਧ ਸਾਥ ਦੇਣ ਤਾਂ ਜੋ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਸਕੇ। ਇਸ ਮੌਕੇ ਦਰਬਾਰਾ ਸਿੰਘ ਵਿਰਦੀ, ਗੁਰਜੰਟ ਸਿੰਘ ਸੰਧੂ ਅਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਦਰਬਾਰਾ ਸਿੰਘ ਵਿਰਦੀ, ਸਤਨਾਮ ਸਿੰਘ ਰਾਮੇ,ਪਰਮਜੀਤ ਸਿੰਘ ਖਾਲਸਾ ਸੀਨੀਅਰ ਅਕਾਲੀ ਆਗੂ, ਗੁਰਜੰਟ ਸਿੰਘ ਸੰਧੂ, ਜਸਕਰਨ ਵੀਰ ਸਿੰਘ ਗੋਲਡੀ, ਗੱਜਣ ਸਿੰਘ ਸੱਧੂਵਾਲ, ਜਸਵੀਰ ਸਿੰਘ ਡਡਵਿੰਡੀ, ਇੰਦਰਜੀਤ ਸਿੰਘ ਵਿਰਦੀ, ਸੁਖਵਿੰਦਰ ਸਿੰਘ ਥਿੰਦ, ਸੁਖਦੇਵ ਲਾਡੀ, ਭੁਪਿੰਦਰ ਸਿੰਘ ਖਿੰਡਾ, ਅਮਰਜੀਤ ਸਿੰਘ, ਮਹਿੰਦਰ ਸਿੰਘ ਆਦਿ ਅਤੇ ਹੋਰ ਬਹੁਤ ਸਾਰੇ ਮੈਂਬਰ ਹਾਜ਼ਰ ਸਨ।