ਬਠਿੰਡਾ:ਬਿਜਲੀ ਦੇ ਅੱਖ ਮਟੱਕਿਆਂ ਨੇ ਸੂਲੀ ਟੰਗੀ ਆਮ ਲੋਕਾਂ ਦੀ ਜਾਨ
ਅਸ਼ੋਕ ਵਰਮਾ
ਬਠਿੰਡਾ,12 ਜੁਲਾਈ 2024:ਬਠਿੰਡਾ ਸ਼ਹਿਰ ’ਚ ਬਿਜਲੀ ਸਪਲਾਈ ’ਚ ਪੈਣ ਲੱਗੇ ਵਿਘਨ ਨੇ ਖਪਤਕਾਰਾਂ ਨੂੰ ਸੁੱਕਣੇ ਪਾਇਆ ਹੋਇਆ ਹੈ। ਧਾਨਾਢ ਲੋਕਾਂ ਨੇ ਤਾਂ ਬਦਲਵੇਂ ਪ੍ਰਬੰਧ ਕੀਤੇ ਹੋਏ ਹਨ ਪਰ ਆਮ ਆਦਮੀ ਬਿਜਲੀ ਸਪਲਾਈ ’ਚ ਪੈਂਦੇ ਨੁਕਸ ਨੇ ਸੂਲੀ ਟੰਗ ਰੱਖਿਆ ਹੈ। ਤਾਜਾ ਸਥਿਤੀ ਇਹ ਹੈ ਕਿ ਕਈ ਇਲਾਕਿਆਂ ’ਚ ਬਿਜਲੀ ਸਪਲਾਈ ਅੱਖ ਦੇ ਫੋਰੇ ਨਾਲ ਬੰਦ ਹੋ ਜਾਂਦੀ ਹੈ ਅਤੇ ਇਸੇ ਰਫਤਾਰ ਨਾਲ ਵਾਪਿਸ ਆਉਣ ਲੱਗੀ ਹੈ । ਬਠਿੰਡਾ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਫੇਜ਼ 4-5 ਅਤੇ ਇਸ ਦੇ ਨਾਲ ਜੁੜੀਆਂ ਕਈ ਕਲੋਨੀਆਂ ਵਿੱਚ ਵੀਰਵਾਰ ਦਿਨੇ ਅਤੇ ਦੇਰ ਰਾਤ ਤੱਕ ਇਹ ਸਿਲਸਿਲਾ ਜਾਰੀ ਰਿਹਾ। ਸ਼ੁੱਕਰਵਾਰ ਵੀ ਕਈ ਇਲਾਕਿਆਂ ’ਚ ਕਾਫੀ ਸਮਾਂ ਬਿਜਲੀ ਬੰਦ ਰਹੀ। ਅਜਿਹੀ ਸਥਿਤੀ ਬਠਿੰਡਾ ’ਚ ਪਹਿਲੀ ਵਾਰ ਨਹੀਂ ਬਣੀ ਹੈ ਸਗੋਂ ਹਰ ਸਾਲ ਲੋਕਾਂ ਨੂੰ ਮਾੜੇ ਸਪਲਾਈ ਪ੍ਰਬੰਧਾਂ ਦਾ ਖਮਿਆਜਾ ਭੁਗਤਣਾ ਪੈਂਦਾ ਹੈ।
ਕਰੋੜਾਂ ਰੁਪਏ ਦੇ ਖਰਚਣ ਦੇ ਬਾਵਜੂਦ ਖਪਤਕਾਰਾਂ ਦਾ ਬਿਜਲੀ ਸਪਲਾਈ ’ਚ ਵਿਘਨ ਪੈਣ ਦੇ ਮਾਮਲੇ ’ਚ ਖਹਿੜਾ ਨਹੀਂ ਛੁੱਟ ਸਕਿਆ ਹੈ । ਦਿੱਕਤ ਇਹ ਵੀ ਹੈ ਕਿ ਸਪਲਾਈ ’ਚ ਲਗਾਤਾਰ ਅੱਖ ਮਟੱਕਿਆਂ ਦੀ ਰਫਤਾਰ ਕਾਰਨ ਬਿਜਲੀ ਉਪਕਰਨਾਂ ਦੇ ਖਰਾਬ ਹੋਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਲੋਕ ਸਵਾਲ ਕਰਦੇ ਹਨ ਕਿ ਉਨ੍ਹਾਂ ਦਾ ਕੀ ਕਸੂਰ ਹੈ ਜਦੋਂਕਿ ਅਧਿਕਾਰੀਆਂ ਵੱਲੋਂ ਆਪਣੀ ਮਜਬੂਰੀਆਂ ਗਿਣਾਈਆਂ ਜਾ ਰਹੀਆਂ ਹਨ। ਬਿਜਲੀ ਵੰਡ ਪ੍ਰਬੰਧਾਂ ਨਾਲ ਜੁੜੇ ਇੱਕ ਤਕਨੀਕੀ ਅਧਿਕਾਰੀ ਨੇ ਦੱਸਿਆ ਕਿ ਗਰਮੀ ਕਾਰਨ ਜਦੋਂ ਵੀਂ ਬਰੇਕਰਾਂ ਆਦਿ ਦਾ ਤਾਪਮਾਨ ਮਿਥੀ ਸੀਮਾਂ ਤੋਂ ਉੱਪਰ ਚਲਾ ਜਾਂਦਾ ਹੈ ਤਾਂ ਸਪਲਾਈ ਆਟੋਮੈਟਿਕ ਬੰਦ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਸਮੱਸਿਆ ਗਰਮੀ ਦੇ ਹਰੇਕ ਸੀਜ਼ਨ ਦੀ ਹੈ ਪਰ ਐਤਕੀਂ ਸੂਰਜ ਦਾ ਪਾਰਾ ਹੀ ਐਨਾ ਤੇਜ ਹੈ ਜਿਸ ਨੂੰ ਗਰਿੱਡਾਂ ਵਿੱਚ ਲੱਗੀਆਂ ਮਸ਼ੀਨਾਂ ਝੱਲਣੋ ਬੇਵੱਸ ਹੋਈਆਂ ਪਈਆਂ ਹਨ।
ਉਨ੍ਹਾਂ ਕਿਹਾ ਕਿ ਇੱਕ ਅਹਿਮ ਕਾਰਨ ਦਿਨੋ ਦਿਨ ਵਧ ਰਹੀ ਏਅਰ ਕੰਡੀਸ਼ਨਰਾਂ ਦੀ ਗਿਣਤੀ ਹੈ ਜੋ ਵਾਤਾਵਰਨ ’ਚ ਗਰਮੀ ਵਧਾਉਣ ਦੇ ਨਾਲ ਨਾਲ ਬਿਜਲੀ ਸਪਲਾਈ ਢਾਂਚੇ ਤੇ ਵੱਡਾ ਬੋਝ ਪਾ ਰਹੇ ਹਨ। ਆਮ ਖਪਤਕਾਰਾਂ ਦਾ ਕਹਿਣਾ ਹੈ ਕਿ ਏ. ਸੀ. ਕਮਰਿਆਂ ’ਚ ਬੈਠਕੇ ਚਿਤਵੇ ਜਾ ਰਹੇ ਸ਼ਹਿਰ ਦਾ ਅਤੇ ਦਿਨੇ ਤੇ ਰਾਤਾਂ ਨੂੰ ਬੰਦੀ ਹੁੰਦੀ ਬਿਜਲੀ ਦਾ ਆਪਸ ’ਚ ਕੋਈ ਸਬੰਧ ਨਹੀਂ। ਉਨ੍ਹਾਂ ਕਿਹਾ ਕਿ ਅਫਸਰਾਂ ਨੂੰ ਹਕੀਕੀਤ ਨੂੰ ਪਛਾਨਣਾ ਚਾਹੀਦਾ ਹੈ ਅਤੇ ਉਸ ਮੁਤਾਬਕ ਸਪਲਾਈ ਸਿਸਟਮ ’ਚ ਸੁਧਾਰ ਕਰਨੇ ਚਾਹੀਦੇ ਹਨ। ਬਠਿੰਡਾ 50 ਵਾਰਡਾਂ ਵਾਲਾ ਮਹਾਂਨਗਰ ਹੈ ਅਤੇ ਹਰੇਕ ਵਾਰਡ ਵਾਸੀ ਦਾ ਇੱਕੋ ਦੁੱਖ ਹੈ ਕਿ ਬਿਜਲੀ ਦੇ ਅੱਖ ਮਟੱਕੇ ਬੇਹਾਲ ਕਰ ਰਹੇ ਹਨ ਪਰ ਉਨ੍ਹਾਂ ਦੀ ਕੋਈ ਵਾਹ ਨਹੀਂ ਚੱਲ ਰਹੀ ਹੈ। ਉੱਪਰੋਂ ਪਿੰਡਾ ਝੁਲਸਾਉਣ ਵਾਲੀ ਗਰਮੀ ਅਤੇ ਬਾਰਸ਼ਾਂ ਤੋਂ ਮਗਰੋਂ ਬਣੀ ਹੁੰਮਸ ਕਾਰਨ ਬਠਿੰਡੇ ਦਾ ਕੋਨਾ ਕੋਨਾ ਤਪਿਆ ਪਿਆ ਹੈ।
ਲਾਈਨੋਪਾਰ ਇਲਾਕੇ ’ਚ ਤਾਂ ਇਸ ਤੋਂ ਪਹਿਲਾਂ ਬਿਜਲੀ ਸਪਲਾਈ ’ਚ ਪੈਂਦੀ ਰੁਕਾਵਟ ਨੂੰ ਲੈਕੇ ਲੋਕ ਧਰਨਿਆਂ ਮੁਜਾਹਰਿਆਂ ਦਾ ਰਸਤਾ ਵੀ ਅਖਤਿਆਰ ਕਰ ਚੁੱਕੇ ਹਨ। ਇਸ ਦੇ ਬਾਵਜੂਦ ਪੰਚਾਂ ਦਾ ਕਿਹਾ ਸਿਰ ਮੱਥੇ ਪ੍ਰਣਾਲਾ ਉੱਥੇ ਦਾ ਉੱਥੇ ਹੀ ਬਣਿਆ ਹੋਇਆ ਹੈ। ਦੂਜੇ ਪਾਸੇ ਬਿਜਲੀ ਢਾਂਚੇ ’ਚ ਪੈਣ ਵਾਲੇ ਨੁਕਸਾਂ ਕਾਰਨ ਆਮ ਲੋਕ ਹੀ ਨਹੀਂ ਬਲਕਿ ਮੁਲਾਜਮਾਂ ਦੀ ਜਾਨ ਮੁੱਠੀ ਵਿੱਚ ਆਈ ਹੋਈ ਹੈ। ਜਦੋਂ ਵੀ ਬਿਜਲੀ ਬੰਦ ਹੁੰਦੀ ਹੈ ਤਾਂ ਆਨਲਾਈਨ ਹੋਣ ਕਰਕੇ ਖਪਤਕਾਰਾਂ ’ਚ ਧੜਾਧੜ ਸ਼ਕਾਇਤ ਦਰਜ ਕਰਵਾਉਣ ਦੀ ਦੌੜ ਲੱਗ ਜਾਂਦੀ ਹੈ।
ਮੁਲਾਜਮ ਆਖਦੇ ਹਨ ਕਿ ਇੱਕ ਹੀ ਵੰਨਗੀ ਦੀਆਂ ਕਈ ਕਈ ਸ਼ਕਾਇਤਾਂ ਬਾਰੇ ਤਸੱਲੀ ਕਰਵਾਉਂਦਿਆਂ ਉਹ ਖੁਦ ਬੌਂਦਲੇ ਪਏ ਹਨ। ਉਨ੍ਹਾਂ ਕਿਹਾ ਕਿ ਕੁਨੈਕਸ਼ਨਾਂ ਦੇ ਮੁਕਾਬਲੇ ਗਿਣਤੀ ਘੱਟ ਹੋਣ ਕਾਰਨ ਮੁਲਾਜਮਾਂ ਤੇ ਕੰਮ ਦਾ ਬੋਝ ਵੱਧ ਹੈ ਜਿਸ ਨਾਲ ਵੀ ਖਪਤਕਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਘਰਾਂ ’ਚ ਏਸੀ ਲੱਗਣ ਕਾਰਨ ਲੋਢ ਵਧ ਗਿਆ ਜਦੋਂਕਿ ਟਰਾਂਸਫਾਰਮਰ ਪੁਰਾਣੇ ਲੋਢ ਦੇ ਅਧਾਰ ਤੇ ਚੱਲ ਰਹੇ ਹਨ ਜਿਸ ਕਾਰਨ ਵੀ ਸਮੱਸਿਆ ਆਉਂਦੀ ਹੈ।
ਮੁਲਾਜਮਾਂ ਤੇ ਖਪਤਕਾਰਾਂ ਲਈ ਸੰਕਟ
ਠੇਕਾ ਮੁਲਾਜਮ ਸੰਘਰਸ਼ ਮੋਰਚਾ ਦੇ ਆਗੂ ਅਤੇ ਬਿਜਲੀ ਦੀ ਮੁਰੰਮਤ ਦੀ ਜਿੰਮੇਵਾਰੀ ਨਿਭਾ ਰਹੇ ਵਿਜੇ ਕੁਮਾਰ ਦਾ ਕਹਿਣਾ ਸੀ ਕਿ ਅਜਿਹੀ ਸਥਿਤੀ ਦਰਮਿਆਨ ਮੁਲਾਜਮਾਂ ਅਤੇ ਖਪਤਕਾਰਾਂ ਦੋਵਾਂ ਨੂੰ ਵੱਡਾ ਸੰਕਟ ਦਰਪੇਸ਼ ਹੈ। ਉਨ੍ਹਾਂ ਦੱਸਿਆ ਕਿ ਵੀਰਵਾਰ ਰਾਤ ਦੀ ਸ਼ਿਫਟ ਦੌਰਾਨ ਉਨ੍ਹਾਂ ਕੋਲ 100 ਦੇ ਕਰੀਬ ਸ਼ਕਾਇਤਾਂ ਆਈਆਂ ਸਨ ਅਤੇ ਹਰ ਸ਼ਿਫਟ ’ਚ ਅਜਿਹਾ ਹੀ ਹਾਲ ਹੈ।
ਢੁੱਕਵੀਂ ਯੋਜਨਾ ਬਣਾਏ ਸਰਕਾਰ:ਬਹਿਲ
ਸਾਂਝੀ ਸੰਘਰਸ਼ ਕਮੇਟੀ ਦੇ ਕਨਵੀਨਰ ਐਮ ਐਮ ਬਹਿਲ ਦਾ ਕਹਿਣਾ ਸੀ ਕਿ ਬਠਿੰਡਾ ’ਚ ਕਰੋੜਾਂ ਰੁਪਿਆ ਖਰਚਣ ਦੇ ਬਾਵਜੂਦ ਸਮੱਸਿਆ ਜਿਓਂ ਦੀ ਤਿਓਂ ਹੈ। ਉਨ੍ਹਾਂ ਆਖਿਆ ਕਿ ਮੌਸਮ ਵਿਭਾਗ ਵੱਲੋਂ ਗਰਮੀ ਨੂੰ ਨੈਥੈ ਕੀਤੀ ਭਵਿੱਖਬਾਣੀ ਅਤੇ ਝੋਨੇ ਦੇ ਸੀਜ਼ਨ ਨੂੰ ਦੇਖਦਿਆਂ ਅਗੇਤਿਆਂ ਹੀ ਢੁੱਕਵੀਂ ਯੋਜਨਾ ਬਨਾਉਣੀ ਚਾਹੀਦੀ ਸੀ।
ਗਰਮੀ ਕਾਰਨ ਸਮੱਸਿਆ:ਐਕਸੀਅਨ
ਪਾਵਰਕੌਮ ਦੇ ਕਾਰਜਕਾਰੀ ਇੰਜਨੀਅਰ ਸੰਦੀਪ ਗਰਗ ਦਾ ਕਹਿਣਾ ਸੀ ਕਿ ਗਰਮੀ ਕਾਰਨ ਇੱਕ ਸਵਿੱਚ ’ਚ ਨੁਕਸ ਪੈਣ ਕਰਕੇ ਤਾਜਾ ਸਮੱਸਿਆ ਆਈ ਹੈ। ਉਨ੍ਹਾਂ ਕਿਹਾ ਕਿ ਬਰਸਾਤਾਂ ਸ਼ੁਰੂ ਹੋਣ ਤੋਂ ਬਾਅਦ ਬਿਜਲੀ ਸਪਲਾਈ ’ਚ ਸੁਧਾਰ ਹੋ ਜਾਏਗਾ। ਉਨ੍ਹਾਂ ਕਿਹਾ ਕਿ ਫਿਰ ਵੀ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦੇਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।