Special Stroy: ਗਰੀਨ ਦਿਵਾਲੀ! ਨਾ ਚਲਾਓ ਬੰਬ ਪਟਾਕੇ ਬਣੋ ਵਾਤਾਵਰਨ ਦੇ ਰਾਖੇ
ਅਸ਼ੋਕ ਵਰਮਾ
ਬਠਿੰਡਾ, 22 ਅਕਤੂਬਰ 2024: ਦਿਵਾਲੀ ਰੌਸ਼ਨੀਆਂ ਅਤੇ ਆਪਸੀ ਭਾਈਚਾਰੇ ਦਾ ਪਵਿੱਤਰ ਤਿਉਹਾਰ ਹੈ ਜੋ ਵਿਸ਼ਵ ਭਰ ‘ਚ ਹਰ ਵਰਗ ਤੇ ਭਾੲਚਾਰੇ ਦੇ ਲੋਕਾਂ ਵੱਲੋਂ ਮਨਾਇਆ ਜਾਂਦਾ ਹੈ ।ਦੀਵਾਲੀ ਸਿਰਫ ਬਨੇਰਿਆਂ ਤੇ ਦੀਵੇ ਬਾਲਣ ਦਾ ਸੁਨੇਹਾ ਹੀ ਨਹੀਂ ਦਿੰਦੀ ਸਗੋਂ ਇਹ ਤਿਉਹਾਰ ਆਪਣੇ ਮਨਾਂ ਰੂਪੀ ਦੀਵਿਆਂ ਨੂੰ ਵੀ ਚਾਨਣ ਕਰਨ ਲਈ ਪ੍ਰੇਰਿਤ ਕਰਦਾ ਹੈ। ਮਠਿਆਈਆਂ ‘ਚ ਮਿਲਾਵਟ, ਬੇਲੋੜੀ ਆਤਿਸ਼ਬਾਜ਼ੀ ਅਤੇ ਚਲਾਏ ਜਾਂਦੇ ਪਟਾਕਿਆਂ ਆਦਿ ਕਾਰਨ ਵਾਤਾਵਰਣ ਦੂਸ਼ਿਤ ਹੋਣ, ਲਾਪ੍ਰਵਾਹੀ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਤੇ ਮਹਿੰਗਾਈ ਦੇ ਇਸ ਦੌਰ ’ਚ ਆਮ ਆਦਮੀ ਵੱਲੋਂ ਲੋੜ ਤੋਂ ਵੱਧ ਖਰਚਾ ਕਰਨ ਵਰਗੇ ਮੁੱਦਿਆਂ ‘ਤੇ ਬੁੱਧੀਜੀਵੀ ਧਿਰਾਂ ਆਪੋ ਆਪਣੇ ਵਿਚਾਰ ਰੱਖਦਿਆਂ ਇਸ ਵਰਤਾਰੇ ਪ੍ਰਤੀ ਚਿੰਤਾ ਜਤਾਈ ਹੈ। ਸਮਾਜ ਪ੍ਰਤੀ ਫਿਕਰਮੰਦ ਇੰਨ੍ਹਾਂ ਲੋਕਾਂ ਨੇ ਸਮੂਹ ਪੰਜਾਬੀਆਂ ਨੂੰ ਆਪਣੇ ਆਰਥਿਕ ਅਤੇ ਸਮਾਜਿਕ ਸਰੋਕਾਰਾਂ ਦੇ ਦਾਇਰੇ ‘ਚ ਰਹਿਕੇ ਇਹ ਤਿਉਹਾਰ ਬਿਨਾਂ ਸ਼ੋਰ ਪ੍ਰਦੂਸ਼ਣ ਅਤੇ ਸਾਦੇ ਢੰਗ ਨਾਲ ਮਨਾਉਣ ਦਾ ਸੱਦਾ ਦਿੱਤਾ ਹੈ।
ਪੰਜਾਬੀਆਂ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ- ਸੋਨੂੰ ਮਹੇਸ਼ਵਰੀ ਦੀ ਅਪੀਲ
ਨੌਜਵਾਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਪੰਜਾਬੀਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੇ ਵਾਤਾਵਰਣ ਨੂੰ ਪਟਾਕਿਆਂ ਤੇ ਆਤਿਸ਼ਬਾਜ਼ੀ ਦੇ ਧੂੰਏਂ ਅਤੇ ਬੇਤਹਾਸ਼ਾ ਸ਼ੋਰ ਤੋਂ ਨਿਜਾਤ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਏ ਤਾਂ ਹੀਂ ਕੁਦਰਤ ਦੀ ਕਾਇਨਾਤ ਦੇ ਕਦਰਦਾਨ ਬਣਿਆ ਜਾ ਸਕਦਾ ਹੈ। ਤਿਉਹਾਰ ਦੀਆਂ ਅਗੇਤੀਆਂ ਸ਼ੁਭ ਕਾਮਨਾਵਾਂ ਦਿੰਦਿਆਂ ਉਨ੍ਹਾਂ ਕਿਹਾ ਕਿ ਦੀਵਾਲੀ ਰੌਸ਼ਨੀਆਂ ਦਾ ਤਿਓਹਾਰ ਹੈ ਅਤੇ ਸਾਨੂੰ ਖੁਸ਼ਹਾਲੀ, ਸ਼ਾਂਤੀ , ਸਦਭਾਵਨਾ ਦੀ ਪ੍ਰੇਰਣਾ ਅਤੇ ਆਪਣੇ ਫਿਕਰ ਤੇ ਨਿਰਾਸ਼ਤਾ ਨੂੰ ਦੂਰ ਕਰਨ ਦਾ ਮੌਕਾ ਦਿੰਦਾ ਹੈ । ਉਨ੍ਹਾਂ ਕਿਹਾ ਕਿ ਜਦੋਂ ਇੱਕ ਦੀਵਾ ਰੋਸ਼ਨੀ ਕਰਦਾ ਹੈ ਤਾਂ ਬਿਨਾਂ ਭੇਦ-ਭਾਵ ਤੋਂ ਉਸਦੇ ਰੰਗ ਬਿਖਰਦੇ ਹਨ ਇਸ ਲਈ ਸਮੂਹ ਪੰਜਾਬੀਆਂ ਨੂੰ ਜਾਤ-ਪਾਤ ਅਤੇ ਹੋਰ ਵਖਰੇਵਿਆਂ ਤੋਂ ਉੱਪਰ ਉੱਠ ਕੇ ਇੱਕ ਸਿਹਤਮੰਦ ਅਤੇ ਵਾਤਾਵਰਨ ਦੇ ਪ੍ਰਦੂਸ਼ਣ ਤੋਂ ਰਹਿਤ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣ ਦਾ ਅਹਿਦ ਕਰਨਾ ਚਾਹੀਦਾ ਹੈ।
ਦੀਵਾਲ਼ੀ ਮੌਕੇ ਕੁੱਝ ਕੁ ਘੰਟਿਆਂ 'ਚ ਹੀ ਹਜ਼ਾਰਾਂ ਟਨ ਜ਼ਹਿਰੀਲ਼ਆਂ ਗੈਸਾਂ ਵਾਯੂਮੰਡਲ ’ਚ ਫੈਲ ਜਾਂਦੀਆਂ ਹਨ- ਨਰੇਸ਼ ਪਠਾਣੀਆ
ਖੂਨਦਾਨੀ ਲਹਿਰ ਦੇ ਨਾਮਵਰ ਆਗੂ ਤੇ ਯੂਨਾਈਟਡ ਵੈਲਫੇਅਰ ਸੁਸਾਇਟੀ ਦੇ ਬਾਨੀ ਵਿਜੇ ਭੱਟ ਅਤੇ ਰੈਡ ਕਰਾਸ ਸੁਸਾਇਟੀ ਬਠਿੰਡਾ ਦੇ ਫਸਟ ਏਡ ਟਰੇਨਰ ਨਰੇਸ਼ ਪਠਾਣੀਆ ਦਾ ਕਹਿਣਾ ਸੀ ਕਿ ਮਸਲਾ ਸਿਰਫ ਆਰਥਿਕ ਨੁਕਸਾਨ ਦਾ ਹੀ ਨਹੀਂ ਬਲਕਿ ਦੀਵਾਲ਼ੀ ਮੌਕੇ ਕੁੱਝ ਕੁ ਘੰਟਿਆਂ ਵਿੱਚ ਹੀ ਹਜ਼ਾਰਾਂ ਟਨ ਕਾਰਬਨ- ਮੋਨੋਆਕਸਾਈਡ ਵਰਗੀਆਂ ਜ਼ਹਿਰੀਲ਼ਆਂ ਗੈਸਾਂ ਵਾਯੂਮੰਡਲ ’ਚ ਫੈਲ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਵਾਤਾਵਰਣ ਦੇ ਪ੍ਰਦੂਸ਼ਣ ਕਾਰਣ ਚਮੜੀ ਰੋਗ, ਕੈਂਸਰ ਤੇ ਸਾਹ ਦੀਆਂ ਬੀਮਾਰੀਆਂ ਫੈਲ ਰਹੀਆਂ ਹਨ ਜਿਸ ਦੇ ਨਤੀਜੇ ਆਉਣ ਵਾਲ਼ੀਆਂ ਨਸਲਾਂ ਨੂੰ ਵੀ ਭੁਗਤਣੇ ਪੈਣਗੇ । ਆਮ ਲੋਕਾਂ ਨੂੰ ਗਰੀਨ ਦਿਵਾਲੀ ਮਨਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਰੌਸ਼ਨੀਆਂ ਦੇ ਇਸ ਪਵਿੱਤਰ ਤਿਉਹਾਰ ਨੂੰ ਵਪਾਰੀਕਰਨ ਦੀ ਸੋਚ ਨੇ ਆਤਿਸ਼ਬਾਜੀ ਅਤੇ ਪਟਾਕਿਆਂ ਦਾ ਤੱਕ ਸੀਮਿਤ ਕਰ ਕੇ ਰੱਖ ਦਿੱਤਾ ਹੈ ਜੋ ਸਮਾਜ ਦੇ ਵਡੇਰੇ ਹਿੱਤਾਂ ਲਈ ਸਹੀ ਨਹੀਂ ਹੈ।
ਪਟਾਕੇ ਨਾ ਚਲਾਉ, ਨਕਲੀ ਮਠਿਆਈ ਤੋਂ ਸਾਵਧਾਨ ਰਹੋ- ਐਡਵੋਕੇਟ ਰਣਜੀਤ ਸਿੰਘ ਜਲਾਲ
ਬਾਰ ਐਸੋਸੀਏਸ਼ਨ ਬਠਿੰਡਾ ਦੇ ਸਾਬਕਾ ਪ੍ਰਧਾਨ ਅਤੇ ਕਚਰਾ ਪਲਾਂਟ ਬਠਿੰਡਾ ਦੇ ਪ੍ਰਦੂਸ਼ਣ ਖਿਲਾਫ ਲੜਾਈ ’ਚ ਅਹਿਮ ਯੋਗਦਾਨ ਪਾਉਣ ਵਾਲੇ ਐਡਵੋਕੇਟ ਰਣਜੀਤ ਸਿੰਘ ਜਲਾਲ ਨੇ ਦੀਵਾਲੀ ਮੌਕੇ ਸ਼ੋਰ ਪ੍ਰਦੂਸ਼ਣ ਕਾਰਨ ਵਾਤਾਵਰਨ ਅਤੇ ਪੰਛੀਆਂ ਨੂੰ ਹੁੰਦੇ ਨੁਕਸਾਨ ਤੋਂ ਰੋਕਣ ਲਈ ਪਟਾਕੇ ਨਾ ਚਲਾਉਣ ਦੀ ਲੋੜ ਤੇ ਜੋਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਾਰੀ ਰਾਤ ਪਟਾਕੇ ਚੱਲਣ ਕਰਕੇ ਪੈਦਾ ਹੁੰਦਾ ਧੂੰਆਂ ਮਨੁੱਖਤਾ ਲਈ ਤਾਂ ਅਤੀਅੰਤ ਘਾਤਕ ਹੁੰਦਾ ਹੈ, ਬਲਕਿ ਪਸ਼ੂ ਪੰਛੀਆਂ ਲਈ ਵੀ ਕਾਫੀ ਨੁਕਸਾਨਦੇਹ ਹੈ ਕਿਉਂਕਿ ਪਟਾਕਿਆਂ ਦੀ ਆਵਾਜ਼ ਸਦਕਾ ਕਈ ਪੰਛੀ ਸਾਰੀ ਰਾਤ ਡਰ ਕਾਰਨ ਸੌਂ ਨਹੀਂ ਪਾਉਂਦੇ ਹਨ। ਉਨ੍ਹਾਂ ਬੱਚਿਆਂ ਨੂੰ ਨਕਲੀ ਮਠਿਆਈ ਤੋਂ ਸਾਵਧਾਨ ਕਰਦਿਆਂ ਕਿਹਾ ਕਿ ਮਠਿਆਈਆਂ ਬਨਾਉਣ ਲਈ ਸਿੰਥੈਟਿੰਕ ਖੋਆ ਤੇ ਰੰਗ ਵਰਤੇ ਜਾਂਦੇ ਹਨ ਜੋਕਿ ਸਿਹਤ ਲਈ ਬੇਹੱਦ ਹਾਨੀਕਾਰਕ ਹਨ।
ਇਸ ਦਿਵਾਲੀ ਮੌਕੇ ਧੀਆਂ ਦਾ ਸਤਿਕਾਰ ਬਹਾਲ ਕਰਨ ਅਤੇ ਕੁੱਖਾਂ 'ਚ ਬੱਚੀਆਂ ਦੇ ਕਤਲਾਂ ਨੂੰ ਰੋਕਣ ਦੇ ਮਾਮਲੇ ‘ਚ ਠੋਸ ਕਦਮ ਪੁੱਟਣ ਦਾ ਪ੍ਰਣ ਕਰੀਏ- ਗੁਰਵਿੰਦਰ ਸ਼ਰਮਾ
ਪੀਐਨਡੀਟੀ ਸੈਲ ਦੇ ਸਾਬਕਾ ਕੁਆਰਡੀਨੇਟਰ ਤੇ ਸਮਾਜਿਕ ਆਗੂ ਸਾਧੂ ਰਾਮ ਕੁਸਲਾ ਅਤੇ ਸਹਿਯੋਗ ਵੈਲਫੇਅਰ ਕਲੱਬ ਦੇ ਪ੍ਰਧਾਨ ਗੁਰਵਿੰਦਰ ਸ਼ਰਮਾ ਦਾ ਕਹਿਣਾ ਸੀ ਕਿ ਪੰਜਾਬੀ ਸਮਾਜ ਹਰ ਖੇਤਰ ਵਿੱਚ ਦੁਨੀਆ ਅੱਗੇ ਆਪਣਾ ਲੋਹਾ ਮਨਵਾ ਚੁੱਕੇ ਹਨ ਪਰ ਕੁੱਝ ਗ਼ੈਰ ਸਿਧਾਂਤਕ ਪੱਖ ਅਜੇ ਵੀ ਸਮਾਜਿਕ ਕਦਰਾਂ ਕੀਮਤਾਂ ’ਚ ਰੁਕਾਵਟ ਬਣ ਰਹੇ ਹਨ ਜਿੰਨ੍ਹਾਂ ‘ਚ ਭਰੂਣ ਹੱਤਿਆ ਪ੍ਰਮੁੱਖ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਵਰਿ੍ਹਆਂ ਤੋਂ ਲਗਾਤਾਰ ਯਤਨਾਂ ਦੇ ਬਾਵਜੂਦ ਕੁੱਝ ਠੰਢੀ ਹਵਾ ਆਈ ਹੈ ਪਰ ਇਸ ਲਾਅਨਤ ਨੂੰ ਪੁਰੀ ਤਰਾਂ ਖਤਮ ਨਹੀਂ ਕੀਤਾ ਜਾ ਸਕਿਆ ਹੈ। ਆਗੂਆਂ ਨੇ ਸੱਦਾ ਦਿੱਤਾ ਕਿ ਇਸ ਦਿਵਾਲੀ ਮੌਕੇ ਧੀਆਂ ਦਾ ਸਤਿਕਾਰ ਬਹਾਲ ਕਰਨ ਅਤੇ ਕੁੱਖਾਂ ਵਿੱਚ ਬੱਚੀਆਂ ਦੇ ਕਤਲਾਂ ਨੂੰ ਰੋਕਣ ਦੇ ਮਾਮਲੇ ‘ਚ ਠੋਸ ਕਦਮ ਪੁੱਟਣ ਦਾ ਪ੍ਰਣ ਕਰੀਏ ਤਾਂ ਹੀ ਦੀਵਿਆਂ ਦਾ ਚਾਨਣ ਸਮਾਜ ‘ਚ ਫੈਲਿਆ ਹਨੇਰਾ ਦੂਰ ਕਰ ਸਕੇਗਾ।
ਦੀਵਾਲੀ 'ਤੇ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਲੋੜ- ਲੇਖਕ ਸੁਰਿੰਦਰਪ੍ਰੀਤ ਘਣੀਆ
ਪੰਜਾਬੀ ਸਾਹਿਤ ਸਭਾ ਦੇ ਆਗੂ ਅਤੇ ਲੇਖਕ ਸੁਰਿੰਦਰਪ੍ਰੀਤ ਘਣੀਆ ਨੇ ਕਿਹਾ ਕਿ ਦੀਵਾਲੀ ਪ੍ਰਤੀ ਲੋਕਾਂ ਵਿੱਚ ਭਾਰੀ ਉਤਸ਼ਾਹ ਹੁੰਦਾ ਹੈ ਫਿਰ ਵੀ ਇਸ ਮੌਕੇ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਈਂ ਵਾਰ ਤਾਂ ਪਟਾਕਿਆਂ ਚੋਂ ਨਿਕਲੀ ਚੰਗਿਆੜੀ ਨਾਲ ਅੱਗ ਲੱਗਣ ਕਾਰਨ ਵੱਡਾ ਹਾਦਸਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਮਾਪੇ ਆਪਣਾ ਫਰਜ਼ ਪਛਾਨਣ ਅਤੇ ਬੱਚਿਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕਰਨ। ਘਣੀਆ ਨੇ ਕਿਸਾਨਾਂ ਨੂੰ ਇਸ ਦਿਵਾਲੀ ਤੇ ਪਰਾਲੀ ਨਾ ਸਾੜਨ ਦਾ ਪ੍ਰਣ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਪਟਾਕਿਆਂ ਤੇ ਰਹਿੰਦ ਖੂੰਹਦ ਕਾਰਨ ਦਿਨੋ ਦਿਨ ਦੂਸ਼ਿਤ ਹੁੰਦੇ ਵਾਤਾਵਰਨ ਦੀ ਰਾਖੀ ਹੋ ਸਕੇ।