ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਦੇ 100 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਇੰਟਰ ਸਕੂਲ ਇਸਲਾਮੀ ਕੁਇਜ਼ ਮੁਕਾਬਲੇ ਦਾ ਆਯੋਜਨ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 22 ਅਕਤੂਬਰ 2024: ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਦੇ 100 ਸਾਲਾ ਸਥਾਪਨਾ ਦਿਵਸ ਦੇ ਸਬੰਧ ਵਿੱਚ ਵੱਖ-ਵੱਖ ਤਰ੍ਹਾਂ ਦੇ ਆਯੋਜਨ ਕੀਤੇ ਜਾ ਰਹੇ ਹਨ। ਸਮਾਗਮਾਂ ਦੀ ਇਸ ਲੜੀ ਦੇ ਅਧੀਨ ਪਹਿਲਾਂ ਇੰਟਰ ਬਰਾਂਚ ਕੁਇਜ਼ ਮੁਕਾਬਲੇ ਕਰਵਾਏ ਜਾ ਚੁੱਕੇ ਹਨ। ਅੱਜ ਇਸ ਸਬੰਧ ਵਿੱਚ ਇੱਕ ਰਾਜ ਪੱਧਰੀ ਇੰਟਰ ਸਕੂਲ ਇਸਲਾਮੀ ਕੁਇਜ਼ ਮੁਕਾਬਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਲੁਧਿਆਣਾ, ਪਟਿਆਲਾ, ਗੋਬਿੰਦਗੜ੍ਹ ਅਤੇ ਮਾਲੇਰਕੋਟਲਾ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਹਨਾਂ ਮੁਕਾਬਲਿਆਂ ਵਿੱਚੋਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 24 ਅਕਤੂਬਰ ਨੂੰ ਮਾਲੇਰਕੋਟਲਾ ਵਿਖੇ ਕਰਵਾਏ ਜਾ ਰਹੇ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਸਨਮਾਨਿਤ ਕੀਤਾ ਜਾਵੇਗਾ। ਅੱਜ ਆਯੋਜਿਤ ਹੋਏ ਰਾਜ ਪੱਧਰੀ ਇਸਲਾਮੀ ਕੁਇਜ਼ ਮੁਕਾਬਲੇ ਵਿੱਚ ਕੁਇਜ਼ ਮਾਸਟਰ ਦੀ ਭੂਮਿਕਾ ਮਾਸਟਰ ਮੁਹੰਮਦ ਅਮੀਨ ਨੇ ਨਿਭਾਈ। ਮੈਡਮ ਸਦਫ ਨੇ ਸਕੋਰਰ ਅਤੇ ਮਾਸਟਰ ਮੁਹੰਮਦ ਗਜ਼ਨਫਰ ਨੇ ਟਾਈਮ ਕੀਪਰ ਦੀ ਜਿੰਮੇਵਾਰੀ ਨਿਭਾਈ।
ਇਸ ਮੌਕੇ ’ਤੇ ਲੈਕਚਰਾਰ ਅਨਵਾਰ ਅੰਜੁਮ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਰਸਮੀ ਸਿੱਖਿਆ ਦੇ ਨਾਲ ਨਾਲ ਧਾਰਮਿਕ ਅਤੇ ਨੈਤਿਕ ਸਿੱਖਿਆ ਪ੍ਰਾਪਤ ਕਰਨੀ ਬਹੁਤ ਜ਼ਰੂਰੀ ਹੈ। ਧਾਰਮਿਕ ਸਿੱਖਿਆ ਸਾਨੂੰ ਸਾਡੇ ਸਿਰਜਣਹਾਰ ਨਾਲ ਜੋੜਦੀ ਹੈ। ਉਹਨਾਂ ਇਸ ਕੁਇਜ਼ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਉਹਨਾਂ ਦੇ ਅਧਿਆਪਕਾਂ ਨੂੰ ਵੀ ਮੁਬਾਰਕਬਾਦ ਪੇਸ਼ ਕੀਤੀ ਅਤੇ ਵਿਦਿਆਰਥੀਆਂ ਨੂੰ ਹੋਰ ਜਿਆਦਾ ਮਿਹਨਤ ਕਰਨ ਦੇ ਲਈ ਪ੍ਰੇਰਿਤ ਕੀਤਾ। ਇਸ ਮੁਕਾਬਲੇ ਵਿੱਚ ਇਸਲਾਮੀਆ ਪਬਲਿਕ ਸਕੂਲ ਲੁਧਿਆਣਾ ਦੀ ਟੀਮ ਦੇ ਵਿਦਿਆਰਥੀ ਸਮਰੀਨ ਅਤੇ ਅਸਮਾ, ਇਸਲਾਮੀਆ ਹਾਈ ਸਕੂਲ ਬਿੰਜੋਲੀ ਖੁਰਦ ਦੇ ਵਿਦਿਆਰਥੀ ਇਰਮ ਅਤੇ ਨਿਸ਼ਾਤ ਅਹਿਮਦ ਨੇ ਸਾਂਝੇ ਤੌਰ ’ਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਬਾਬਾ ਫਰੀਦ ਇਸਲਾਮੀਆ ਪਬਲਿਕ ਸਕੂਲ ਪਟਿਆਲਾ ਦੀ ਟੀਮ ਦੇ ਵਿਦਿਆਰਥੀ ਸਨਾ ਅਤੇ ਅਨਸਾਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸਲਾਮੀਆ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਅਰੀਬਾ ਅਤੇ ਅਫੀਫਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਜ਼ਮੀਲ ਮੁਹੰਮਦ ਨੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਅਜਿਹੇ ਆਯੋਜਨ ਵਿਦਿਆਰਥੀਆਂ ਦੀ ਪ੍ਰਤਿਭਾ ਵਿੱਚ ਨਿਖਾਰ ਲਿਆਉਣ ਵਿੱਚ ਸਹਾਈ ਹੁੰਦੇ ਹਨ। ਇਸ ਮੌਕੇ ਤੇ ਜ਼ਮੀਲ ਚੌਹਾਨ ਅਤੇ ਮਾਸਟਰ ਸਈਅਦ ਖਤੀਬ ਹੈਦਰ ਨੇ ਵੀ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ।