ਵਿਦਿਆਰਥੀਆਂ ਅੰਦਰ ਵਿਗਿਆਨਕ ਚੇਤਨਾ ਵਿਕਸਤ ਕਰਨ ਲਈ ਛੇਵੀਂ ਚੇਤਨਾ ਪਰਖ ਪ੍ਰੀਖਿਆ ਦੇਣ ਲਈ ਕੀਤਾ ਪ੍ਰੇਰਿਤ
ਭੁੱਚੋ ਮੰਡੀ, 19 ਸਤੰਬਰ 2024- ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਭੁੱਚੋ ਮੰਡੀ ਵੱਲੋਂ ਵਿਦਿਆਰਥੀਆਂ ਅੰਦਰ ਵਿਗਿਆਨਕ ਚੇਤਨਾ ਵਿਕਸਤ ਕਰਨ ਤੇ ਛੇਵੀਂ ਚੇਤਨਾ ਪਰਖ ਪ੍ਰੀਖਿਆ ਬਾਰੇ ਜਾਣਕਾਰੀ ਦੇਣ ਹਿੱਤ ਚਲਾਈ ਮੁਹਿੰਮ ਦੀ ਲੜੀ ਵਿੱਚ ਮਾਸਟਰ ਸੁਰਿੰਦਰ ਗੁਪਤਾ ਦੀ ਅਗਵਾਈ ਵਿੱਚ ਟੀਮ ਜਿਸ ਵਿੱਚ ਲੈਕਚਰਾਰ ਤਸਵੀਰ ਸਿੰਘ,ਹਰਪ੍ਰੀਤ ਮਧੇਸ਼ਾ ਨਥਾਣਾ ਤੇ ਭੋਲਾ ਸਿੰਘ ਨਥਾਣਾ ਸ਼ਾਮਿਲ ਸਨ ਨੇ ਭੁੱਚੋ ਮੰਡੀ ਸਮੇਤ ਆਸ ਪਾਸ ਦੇ ਪਿੰਡਾ ਦੇ ਸਕੂਲਾਂ ਵਿੱਚ ਜਾ ਕੇ ਬੱਚਿਆਂ ਦੀ ਵੱਡੇ ਪੱਧਰ ਤੇ ਸ਼ਮੂਲੀਅਤ ਕਰਵਾਉਣ ਹਿਤ ਬੱਚਿਆਂ ਨੂੰ ਪ੍ਰੀਖਿਆ ਚ ਬੈਠਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਹਰ ਸਾਲ ਕਰਵਾਈ ਜਾਂਦੀ ਚੇਤਨਾ ਪਰਖ ਪੀ੍ਖਿਆ ਇਸ ਵਾਰ 19-20 ਅਕਤੂਬਰ ਨੂੰ ਕਰਵਾਈ ਜਾ ਰਹੀ ਹੈ।
ਆਗੂਆਂ ਨੇ ਵਿਦਿਆਰਥੀਆਂ ਨੂੰ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ ਤੇ ਰੂੜੀਵਾਦੀ ਵਿਚਾਰਾਂ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਆਉਣ ਦਾ ਸੁਨੇਹਾ ਦਿੰਦਿਆਂ ਵਿਦਿਆਰਥੀਆਂ ਨੂੰ ਆਪਣੇ ਅੰਦਰ ਵਿਗਿਆਨਕ ਸੋਚ ਦਾ ਦੀਪ ਜਗਾਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਇਸ ਦੁਨੀਆਂ ਵਿੱਚ ਕੋਈ ਚਮਤਕਾਰ ਨਹੀਂ ਵਾਪਰਦਾ, ਘਟਨਾਵਾਂ ਵਾਪਰਦੀਆਂ ਹਨ, ਉਨ੍ਹਾਂ ਦੇ ਕਾਰਨ ਜਾਨਣਾ ਹੀ ਤਰਕਸ਼ੀਲ ਸੋਚ ਹੈ। ਉਹਨਾਂ ਦੱਸਿਆ ਕਿ ਇਸ ਵਾਰ 50 ਹਜਾਰ ਵਿਦਿਆਰਥੀਆਂ ਦੇ ਇਹ ਪ੍ਰੀਖਿਆ ਦੇਣ ਦਾ ਅਨੁਮਾਨ ਹੈ।ਪ੍ਰੀਖਿਆ ਦੇ ਨਤੀਜੇ ਉਪਰੰਤ ਇਕਾਈ, ਜੋਨ ਅਤੇ ਸਮੁੱਚੇ ਪੰਜਾਬ ਵਿੱਚੋਂ ਹਰ ਜਮਾਤ ਚੋ ਪਹਿਲੀਆਂ 3-3 ਪੁਜ਼ੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਲਗਭਗ ਤਿੰਨ ਲੱਖ ਰੁਪਏ ਦੇ ਇਨਾਮ ਸਨਮਾਨ ਦਿੱਤੇ ਜਾਣਗੇ।