ਵਜ਼ੀਰ ਅਮਨ ਅਰੋੜਾ ਵੱਲੋਂ 15 ਦਿਨਾਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦਾ ਉਦਘਾਟਨ
ਅਸ਼ੋਕ ਵਰਮਾ
ਬਠਿੰਡਾ, 16 ਨਵੰਬਰ 2024 : ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿਖੇ 13ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦਾ ਆਗਾਜ਼ ਉੱਤਰ ਖੇਤਰ ਸੱਭਿਆਚਾਰ ਕੇਂਦਰ ਪਟਿਆਲਾ ਅਤੇ ਸੱਭਿਆਚਾਰ ਮੰਤਰਾਲਾ ਭਾਰਤ ਸਰਕਾਰ ਦੇ ਸਹਿਯੋਗ ਸਦਕਾ ਨਾਟਕ 'ਅਲਬੇਲਾ ਗਾਓਂ' ਦੀ ਪੇਸ਼ਕਾਰੀ ਨਾਲ਼ ਹੋਇਆ। ਪ੍ਰੋਡਕਸ਼ਨ ਹੈੱਡ ਗਗਨ ਮਿਸ਼ਰਾ ਦੀ ਅਗਵਾਈ ਵਿੱਚ ਸਮਰੱਥ, ਅਸ਼ੀਸ਼ ਅਤੇ ਸ਼ਬਾਨਾ ਵੱਲੋਂ ਸਿਰਜੇ ਇਸ ਨਾਟਕ ਨੂੰ ਜੈਪੁਰ ਰਾਜਸਥਾਨ ਤੋਂ ਟੀਮ ਕਿਊਰੀਓ ਅ ਪ੍ਰਫੋਰਮਿੰਗ ਸੋਸਾਈਟੀ ਵੱਲੋਂ ਖੇਡਿਆ ਗਿਆ। ਨਾਟਕ ਨੇ ਅਲੋਪ ਹੋ ਰਹੀਆਂ ਭਾਰਤੀ ਭਾਸ਼ਾਵਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ,ਜਿਸਨੇ ਦਰਸ਼ਕਾਂ ਨੂੰ ਸੋਚਣ 'ਤੇ ਮਜ਼ਬੂਰ ਕੀਤਾ । ਨਾਟਕ ਦੀ ਕਹਾਣੀ ਨੇ ਆਪਣੀਆਂ ਜੜ੍ਹਾਂ ਅਤੇ ਸੱਭਿਆਚਾਰ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਵੀ ਦਿੱਤੀ।
ਉਦਘਾਟਨੀ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਅਮਨ ਅਰੋੜਾ ਪਹੰਚੇ । ਉਨ੍ਹਾਂ ਦੇ ਨਾਲ਼ ਹਲਕਾ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ,ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਧੋਸ ਅਤੇ ਪੰਜਾਬ ਮੀਡੀਅਮ ਇੰਡਸਟਰੀ ਵਿਕਾਸ ਬੋਰਡ ਦੇ ਚੇਅਰਮੈਨ ਨੀਲ ਗਰਗ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।
ਅਮਨ ਅਰੋੜਾ ਨੇ ਨਾਟਿਅਮ ਥੀਏਟਰ ਗਰੁੱਪ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਬਲਵੰਤ ਗਾਰਗੀ ਆਡੀਟੋਰੀਅਮ ਨੂੰ ਬਠਿੰਡਾ ਵਿਖੇ ਬਣਵਾਉਣ ਲਈ ਕੀਤੇ ਉੱਦਮਾਂ ਲਈ ਨਾਟਿਅਮ ਡਾਇਰੈਕਟਰ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਸਮੇਤ ਸਮੂਹ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਕਿਹਾ ਇਹ ਕਿ ਅਜਿਹੇ ਨਾਟ-ਉਤਸਵ ਅਜੋਕੇ ਸਮੇਂ ਦੀ ਲੋੜ ਹਨ ।
ਨਾਟਿਅਮ ਦੇ ਸਰਪ੍ਰਸਤ ਡਾ. ਗੁਰਿੰਦਰਪਾਲ ਸਿੰਘ ਬਰਾੜ, ਡਾ.ਪੂਜਾ ਗੁਪਤਾ ਅਤੇ ਸ਼੍ਰੀ ਸੁਦਰਸ਼ਨ ਗੁਪਤਾ ਨੇ ਸਾਂਝੇ ਤੌਰ 'ਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਸਮੂਹ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਇਸ 15 ਦਿਨਾਂ ਨਾਟ-ਉਤਸਵ ਜੋ ਕਿ 14 ਨਵੰਬਰ ਤੋਂ 28 ਨਵੰਬਰ ਤੱਕ ਚੱਲਣਾ ਹੈ,ਹਰ ਰੋਜ਼ ਸ਼ਾਮ 7:20 ਵਜੇ ਤੋਂ ਸ਼ੁਰੂ ਹੋਇਆ ਕਰੇਗਾ ।
ਇਸ ਥੀਏਟਰ ਫੈਸਟੀਵਲ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਈਆਂ ਨਾਟ-ਮੰਡਲੀਆਂ 15 ਨਾਟਕ ਪੇਸ਼ ਕਰਨਗੀਆਂ ਅਤੇ ਹਰ ਨਾਟਕ ਦਾ ਰੰਗ ਵੇਖਣਯੋਗ ਹੋਵੇਗਾ। ਉਨ੍ਹਾਂ ਸਹਿਯੋਗ ਲਈ ਉੱਤਰ ਖੇਤਰ ਸੱਭਿਆਚਾਰ ਕੇਂਦਰ ਪਟਿਆਲਾ, ਸੱਭਿਆਚਾਰ ਮੰਤਰਾਲਾ ਭਾਰਤ ਸਰਕਾਰ ਅਤੇ ਮਿਊਂਸਪਲ ਕਾਰਪੋਰੇਸ਼ਨ ਬਠਿੰਡਾ ਦਾ ਵੀ ਧੰਨਵਾਦ ਕੀਤਾ। ਮੰਚ ਸੰਚਾਲਕ ਦੀ ਭੂਮਿਕਾ ਪ੍ਰੋ. ਸੰਦੀਪ ਸਿੰਘ ਨੇ ਨਿਭਾਈ।ਇਸ ਦੌਰਾਨ ਸਿਲਵਰ ਓਕਸ ਗਰੁੱਪ ਦੇ ਡਾਇਰੈਕਟਰ ਇੰਦਰਜੀਤ ਸਿੰਘ ਬਰਾੜ,ਸ. ਸੁਖਦੀਪ ਸਿੰਘ ਢਿੱਲੋਂ ਐੱਮ. ਸੀ., ਨਾਟਿਅਮ ਦੇ ਪ੍ਰਧਾਨ ਸੁਰਿੰਦਰ ਕੌਰ, ਈਵੈਂਟ ਮੈਨੇਜਰ ਗੁਰਨੂਰ ਸਿੰਘ, ਸਮੂਹ ਅਦਾਕਾਰ ਨਾਟਿਅਮ ਗਰੁੱਪ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਸਾਹਿਤਕ ਹਸਤੀਆਂ ਵੀ ਮੌਜੂਦ ਸਨ।