ਨਾਟਿਅਮ ਥੀਏਟਰ ਫੈਸਟੀਵਲ: ਨਾਟਕ 'ਏਵਮ ਇੰਦਰਜੀਤ' ਨੇ ਨੀਰਸ ਹੋ ਰਹੀ ਜ਼ਿੰਦਗੀ ਬਾਰੇ ਕੀਤਾ ਚੌਕਸ
ਅਸ਼ੋਕ ਵਰਮਾ
ਬਠਿੰਡਾ ,19 ਨਵੰਬਰ 2024 :ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿਖੇ ਉੱਤਰ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਅਤੇ ਸੱਭਿਆਚਾਰ ਮੰਤਰਾਲਾ ਭਾਰਤ ਸਰਕਾਰ ਦੇ ਸਹਿਯੋਗ ਨਾਲ਼ ਚੱਲ ਰਹੇ 13ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਪੰਜਵੇ ਦਿਨ ਨਾਟਕ 'ਏਵਮ ਇੰਦਰਜੀਤ ਖੇਡਿਆ ਗਿਆ । ਬਾਦਲ ਸਿਰਕਾਰ ਵੱਲੋਂ ਲਿਖੇ ਇਸ ਨਾਟਕ ਦਾ ਅਨੁਵਾਦ ਅਤੇ ਨਿਰਦੇਸ਼ਨ ਡਾ. ਜਸਪਾਲ ਦਿਉਲ ਨੇ ਕੀਤਾ।ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਥੀਏਟਰ ਟੀਮ ਵੱਲੋਂ ਖੇਡੇ ਇਸ ਨਾਟਕ ਨੇ ਦਰਸ਼ਕਾਂ ਨੂੰ ਆਪਣੀ ਹੋਂਦ ਲੱਭਣ ਲਈ ਪ੍ਰੇਰਿਆ। ਨਾਟਕ ਦੀ ਕਹਾਣੀ ਜ਼ਿੰਦਗੀ ਦੀ ਨੀਰਸਤਾ ਤੇ ਮਕਾਨਕੀ ਨੂੰ ਤੋੜ ਕੇ ਆਪਣੀ ਇੱਛਾ ਮੁਤਾਬਿਕ ਦੇ ਜਿਉਣ ਦੇ ਵਿਸ਼ੇ ਦੁਆਲ਼ੇ ਘੁੰਮਦੀ ਹੈ। ਨਾਟਕ ਦੀ ਗਹਿਰਾਈ ਨੇ ਦਰਸ਼ਕਾਂ ਦੇ ਬੌਧਿਕ ਪੱਧਰ ਨੂੰ ਪਰਖਿਆ। ਨਾਟ-ਉਤਸਵ ਦੇ ਪੰਜਵੇੰ ਦਿਨ ਮੁੱਖ ਮਹਿਮਾਨ ਵਜੋਂ ਸ਼੍ਰੀਮਤੀ ਬਲਜੀਤ ਕੌਰ ਕੈਬਿਨਟ ਮੰਤਰੀ ਪੰਜਾਬ ਸਰਕਾਰ ਪਹੁੰਚੇ।
ਉੱਘੇ ਫਿਲਮ ਨਿਰਦੇਸ਼ਕ ਅਤੇ ਕਹਾਣੀਕਾਰ ਜਸ ਗਰੇਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਬੋਲਦਿਆਂ ਸ਼੍ਰੀਮਤੀ ਬਲਜੀਤ ਕੌਰ ਨੇ ਜ਼ਿਲ੍ਹਾ ਭਾਸ਼ਾ ਅਫ਼ਸਰ ਅਤੇ ਨਾਟ-ਨਿਰਦੇਸ਼ਕ ਕੀਰਤੀ ਕਿਰਪਾਲ ਦੀ ਮਾਲਵੇ ਦੇ ਲੋਕਾਂ ਨੂੰ ਉੱਚ ਪੱਧਰ ਦਾ ਰੰਗਮੰਚ ਦਿਖਾਉਣ ਲਈ ਕੀਤੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਸਰਕਾਰ ਵੱਲੋਂ ਰੰਗਮੰਚ ਦੇ ਵਿਕਾਸ ਲਈ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿਵਾਇਆ। ਸ. ਜਸ ਗਰੇਵਾਲ ਨੇ ਆਪਣੇ ਵਿੱਚਾਰ ਰੱਖਦਿਆਂ ਕਿਹਾ ਕਿ ਨਾਟਕ ਹੀ ਸਿਨੇਮੇ ਦਾ ਅਧਾਰ ਹੈ। ਉਨ੍ਹਾਂ ਅੱਗੇ ਕਿਹਾ ਫਿਲਮਾਂ ਵਿੱਚ ਉੱਘੇ ਕਲਾਕਾਰ ਰੰਗਮੰਚ ਦੀ ਹੀ ਦੇਣ ਹਨ ਅਤੇ ਨਾਟਿਅਮ ਪੰਜਾਬ ਗਰੁੱਪ ਵੱਲੋਂ ਕੀਤਾ ਇਹ 15 ਦਿਨਾਂ ਦਾ ਵਿਲੱਖਣ ਉਪਰਾਲਾ ਸ਼ਲਾਘਾਯੋਗ ਹੈ।
ਨਾਟਿਅਮ ਦੇ ਸਰਪ੍ਰਸਤ ਡਾ.ਕਸ਼ਿਸ਼ ਗੁਪਤਾ, ਡਾ. ਪੂਜਾ ਗੁਪਤਾ ਅਤੇ ਸ਼੍ਰੀ ਸੁਦਰਸ਼ਨ ਗੁਪਤਾ ਨੇ ਸਾਂਝੇ ਤੌਰ 'ਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਪ੍ਰਸਿੱਧ ਰੰਗ ਗਰਮੀ ਕੀਰਤੀ ਕਿਰਪਾਲ ਨੇ ਸਮੂਹ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮਾਲਵਾ ਵਾਸੀਆਂ ਦੇ ਸੋਮਵਾਰ ਨੂੰ ਵੀ ਇੰਨੀਂ ਵੱਡੀ ਗਿਣਤੀ ਵਿੱਚ ਪੁੱਜਣ ਨਾਲ਼ ਸਾਡਾ ਹੌਂਸਲਾ ਦੂਣਾ ਹੋ ਗਿਆ।
ਉਨ੍ਹਾਂ ਉੱਘੇ ਰੰਗਮੰਚ ਅਦਾਕਾਰ ਅਤੇ ਨਾਟਕਕਾਰ ਜੱਸੀ ਜਸਪ੍ਰੀਤ ਦਾ ਦਰਸ਼ਕਾਂ ਨਾਲ਼ ਤਾਰੁਫ਼ ਕਰਵਾਉਂਦਿਆਂ ਦੱਸਿਆ ਕਿ ਉਨ੍ਹਾਂ ਨੂੰ ਮਾਣ ਹੈ ਕਿ ਜੱਸੀ ਨਾਟਿਅਮ ਦਾ ਕਲਾਕਾਰ ਹੈ। ਲੱਗਭਗ 10 ਸਾਲ ਜੱਸੀ ਨੇ ਨਾਟਿਅਮ ਨਾਲ਼ ਇਕ ਕਲਾਕਾਰ ਵਜੋਂ ਕੰਮ ਕੀਤਾ।ਉਸ ਨੇ ਕਈ ਯਾਦਗਰੀ ਕਿਰਦਾਰ ਨਿਭਾਏ ਅਤੇ ਅੱਜ ਉਹ ਪੰਜਾਬੀ ਿਲਮਾਂ ਵਿਚ ਇਕ ਸਕ੍ਰਿਪਟ ਰਾਈਟਰ ਤੇ ਅਦਾਕਾਰ ਵਜੋਂ ਆਪਣੀ ਵੱਖਰੀ ਪਛਾਣ ਬਣਾ ਰਿਹਾ ਹੈ। ਉਨ੍ਹਾਂ ਸਹਿਯੋਗ ਲਈ ਉੱਤਰ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ, ਸੱਭਿਆਚਾਰ ਮੰਤਰਾਲਾ ਭਾਰਤ ਸਰਕਾਰ ਅਤੇ ਮਿਊਂਸਪਲ ਕਾਰਪੋਰੇਸ਼ਨ ਬਠਿੰਡਾ ਦਾ ਵੀ ਧੰਨਵਾਦ ਕੀਤਾ। ਮੰਚ ਸੰਚਾਲਕ ਦੀ ਭੂਮਿਕਾ ਪ੍ਰੋ. ਸੰਦੀਪ ਸਿੰਘ ਨੇ ਨਿਭਾਈ।
ਇਸ ਦੌਰਾਨ ਮਿੱਤਲ ਇੰਡਸਟਰੀਜ਼ ਦੇ ਐੱਮ . ਡੀ. ਰਾਜਿੰਦਰ ਮਿੱਤਲ, ਉਨ੍ਹਾਂ ਦੀ ਪਤਨੀ ਸੁਨੀਤਾ ਮਿੱਤਲ, ਮਹਾਰਾਜਾ ਰਣਜੀਤ ਸਿੰਘ ਯੂਨਵਰਸਿਟੀ ਦੇ ਰਜਿਸਟਰਾਰ ਸ. ਗੁਰਿੰਦਰਪਾਲ ਸਿੰਘ ਬਰਾੜ, ਨਾਟਿਅਮ ਦੇ ਪ੍ਰਧਾਨ ਸੁਰਿੰਦਰ ਕੌਰ, ਈਵੈਂਟ ਮੈਨੇਜਰ ਗੁਰਨੂਰ ਸਿੰਘ, ਸਮੂਹ ਅਦਾਕਾਰ ਨਾਟਿਅਮ ਗਰੁੱਪ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਸਾਹਿਤਕ ਹਸਤੀਆਂ ਵੀ ਮੌਜੂਦ ਸਨ।