ਹਰਜੋਤ ਸਿੰਘ ਬੈਂਸ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ 359ਵੇਂ ਸਥਾਪਨਾ ਦਿਵਸ ਦੀਆਂ ਦਿੱਤੀਆਂ ਵਧਾਈਆਂ
ਪੰਜਾਬ ਸਰਕਾਰ ਸ਼੍ਰੀ ਅਨੰਦਪੁਰ ਸਾਹਿਬ ਨੂੰ ਟੂਰਿਜ਼ਮ ਹੱਬ ਵਜੋਂ ਵਿਕਸਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ - ਹਰਜੋਤ ਸਿੰਘ ਬੈਂਸ
ਪ੍ਰਮੋਦ ਭਾਰਤੀ
ਸ਼੍ਰੀ ਅਨੰਦਪੁਰ ਸਾਹਿਬ ,18 ਜੂਨ 2024
ਸ਼੍ਰੀ ਅਨੰਦਪੁਰ ਸਾਹਿਬ ਤੋਂ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ 359ਵੇਂ ਸਥਾਪਨਾ ਦਿਵਸ ਦੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੀਆਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ,ਇਸ ਮੌਕੇ ਉਨਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਮੋੜੀ ਹਿੰਦ ਦੀ ਚਾਦਰ ਨੋਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 19 ਜੂਨ 1665 ਈਸਵੀ ਨੂੰ ਬਾਬਾ ਗੁਰਦਿੱਤਾ ਜੀ ਪਾਸੋਂ ਗਡਵਾਈ। ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਵੱਸੇ ਸ੍ਰੀ ਅਨੰਦਪੁਰ ਸਾਹਿਬ ਦੀ ਸਿੱਖ ਪੰਥ ਵਿੱਚ ਇੱਕ ਅਹਿਮ ਤੇ ਇਤਿਹਾਸਕ ਮਹੱਤਤਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਉਪਰੰਤ 1665 ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀ ਸਥਾਪਨਾ ਕੀਤੀ ਸੀ। ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਬਿਲਾਸਪੁਰ ਦੀ ਰਾਣੀ ਚੰਪਾ ਤੋਂ ਜਮੀਨ ਮੁੱਲ ਖਰੀਦ ਕੇ ਅਨੰਦਪੁਰ ਸ਼ਹਿਰ ਵਸਾਇਆ,ਇਸ ਸ਼ਹਿਰ ਦਾ ਪਹਿਲਾ ਨਾਮ ਮਾਖੋਵਾਲ ਸੀ, ਦੰਦਕਥਾ ਮੁਤਾਬਕ ਇੱਥੇ ਮਾਖੋ ਨਾਮ ਦਾ ਇੱਕ ਡਾਕੂ ਰਹਿੰਦਾ ਸੀ, ਜਿਹੜਾ ਇੱਥੇ ਕਿਸੇ ਨੂੰ ਵੱਸਣ ਨਹੀਂ ਦਿੰਦਾ ਸੀ। ਮੁੜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੋੜੀ ਗਡਵਾ ਕੇ ਆਪਣੀ ਪੂਜਨੀਕ ਮਾਤਾ ਨਾਨਕੀ ਜੀ ਦੇ ਨਾਂ ‘ਤੇ ਚੱਕ ਮਾਤਾ ਨਾਨਕੀ ਨਾਮੀ ਨਗਰ ਵਸਾਇਆ ਤੇ ਮੁੜ ਮਾਖੋ ਡਾਕੂ ਭੱਜ ਇਥੋਂ ਭੱਜ ਗਿਆ। ਜਿਸ ਥਾਂ ਤੇ ਗੁਰੂ ਸਾਹਿਬ ਨੇ ਮੋੜੀ ਗਡਵਾਈ ਸੀ ਉਸ ਅਸਥਾਨ ਤੇ ਅੱਜ ਗੁਰੂ ਕਾ ਮਹਿਲ ਗੁ:ਭੋਰਾ ਸਾਹਿਬ ਸੁਸ਼ੋਭਿਤ ਹੈ, ਕਸ਼ਮੀਰੀ ਪੰਡਿਤ ਵੀ ਅਪਣੇ ਧਰਮ ਬਚਾਉਣ ਦੀ ਫਰਿਆਦ ਲੈ ਕੇ ਇਸੀ ਅਸਥਾਨ ਤੇ ਆਏ ਸਨ ਤੇ 9 ਸਾਲ ਦੀ ਉਮਰ ਵਿੱਚ ਬਾਲ ਗੋਬਿੰਦ ਰਾਏ ਨੇ ਇਸੀ ਅਸਥਾਨ ਤੋਂ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹਾਦਤ ਦੇਣ ਲਈ ਆਪਣੇ ਹੱਥੀਂ ਦਿੱਲੀ ਵੱਲ ਤੋਰਿਆ ਸੀ, ਸ੍ਰੀ ਅਨੰਦਪੁਰ ਸਾਹਿਬ ਨੂੰ ਸਿੱਖ ਬੌਧਿਕਤਾ, ਵਿਦਵਤਾ ਅਤੇ ਵਕਤ ਦੇ ਵਿਦਵਾਨਾਂ ਦਾ ਕੇਂਦਰ ਬਣਾਉਣਾ ਲਈ ਪੰਜ ਕਿਲ੍ਹਿਆਂ ਅਨੰਦਗੜ੍ਹ, ਲੋਹਗੜ੍ਹ, ਹੋਲਗੜ੍ਹ, ਤਾਰਾਗੜ੍ਹ ਅਤੇ ਫ਼ਤਹਿਗੜ੍ਹ ਸਾਹਿਬ ਦੀ ਉਸਾਰੀ ਕੀਤੀ ਗਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੇਸਗੜ੍ਹ ਸਾਹਿਬ ਨੂੰ ਕੇਂਦਰ ਵਿੱਚ ਰੱਖ ਕੇ ਇਸ ਦੇ ਆਲੇ-ਦੁਆਲੇ ਪੰਜ ਕਿਲੇ ਉਸਾਰੇ। ਕੇਸਗੜ੍ਹ ਸਾਹਿਬ ਦੇ ਅਸਥਾਨ ‘ਤੇ ਸੰਨ 1699 ਦੀ ਵਿਸਾਖੀ ਵਾਲੇ ਦਿਨ ਇੱਕ ਵਿਸ਼ਾਲ ਇਕੱਠ ਵਿੱਚ ਗੁਰੂ ਸਾਹਿਬ ਨੇ ਪੰਜ ਪਿਆਰਿਆਂ ਦੀ ਚੋਣ ਕਰਕੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ ਤੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਆਪ ਵੀ ਉਨਾਂ ਤੋਂ ਅੰਮ੍ਰਿਤ ਛੱਕ ਕੇ ਸਿੰਘ ਸਜੇ ਸਨ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਕਿਸੇ ਵੀ ਸਰਕਾਰ ਵੱਲੋਂ ਇਸ ਧਰਤੀ ਨੂੰ ਇਨਾਂ ਵਿਕਸਤ ਨਹੀਂ ਕੀਤਾ ਗਿਆ ਜਿਨਾਂ ਵਿਕਸਤ ਇਸ ਸ਼ਹਿਰ ਨੂੰ ਹੋਣਾ ਚਾਹੀਦਾ ਸੀ, ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਇੱਥੋਂ ਦੇ ਵਸਨੀਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਇਸ ਮਹਾਨ ਪਾਵਨ ਪਵਿੱਤਰ ਧਰਤੀ ਨੂੰ ਟੂਰਿਜ਼ਮ ਹੱਬ ਵਜੋਂ ਵਿਕਸਿਤ ਕੀਤਾ ਜਾਵੇਗਾ ਤੇ ਇਸ ਸ਼ਹਿਰ ਨੂੰ ਸਭ ਤੋਂ ਸੁੰਦਰ ਸ਼ਹਿਰ ਬਣਾਇਆ ਜਾਵੇਗਾ। ਸ.ਬੈਂਸ ਨੇ ਕਿਹਾ ਕਿ ਸਿਰਫ 2 ਸਾਲਾਂ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵਿਚ ਕਈ ਪ੍ਰੋਜੈਕਟ ਸ਼ੁਰੂ ਹੋਏ ਹਨ ਤੇ ਕਈ ਪ੍ਰੋਜੈਕਟ ਮੁਕੰਮਲ ਕਰਕੇ ਲੋਕ ਅਰਪਣ ਵੀ ਕਰ ਦਿੱਤੇ ਗਏ ਹਨ, ਉਨਾਂ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਨੂੰ ਆਉਂਦੇ ਵੱਖ ਵੱਖ ਮਾਰਗਾਂ ਉਤੇ ਇਤਿਹਾਸ ਨੂੰ ਦਰਸਾਉਂਦੇ ਬੋਰਡ ਲਗਾਏ ਗਏ ਹਨ ਜਿਸ ਨਾਲ ਸੈਲਾਨੀਆਂ ਨੂੰ ਪਤਾ ਲੱਗਦਾ ਹੈ ਕਿ ਉਹ ਕਿਸ ਅਸਥਾਨ ਤੇ ਦਰਸ਼ਨ ਕਰਨ ਲਈ ਜਾ ਰਹੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ 50 ਲੱਖ ਰੁਪਏ ਦੀ ਲਾਗਤ ਨਾਲ ਕੀਰਤਪੁਰ ਸਾਹਿਬ ਦੇ ਦਾਖਲੇ ਮੌਕੇ ਬਣੇ ਪਤਾਲਪੁਰੀ ਚੌਂਕ ਦਾ ਸੁੰਦਰੀਕਰਨ ਕਰਵਾਇਆ ਗਿਆ ਤੇ ਅੱਜ ਉਹ ਚੌਂਕ ਸ਼ੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਰਿਹਾ ਗਿਆ ਹੈ।
ਸ.ਬੈਂਸ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਖੰਡਰ ਦਾ ਰੂਪ ਧਾਰਨ ਕਰ ਚੁੱਕੇ ਪੰਜ ਪਿਆਰਾ ਪਾਰਕ ਦਾ 3 ਕਰੋੜ ਰੁਪਏ ਦੀ ਲਾਗਤ ਨਾਲ ਸੁੰਦਰੀਕਰਨ ਕਰਵਾਇਆ ਗਿਆ ਤੇ ਅੱਜ ਉਸ ਪਾਰਕ ਵਿੱਚ ਮੁੜ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ, ਉਨਾਂ ਕਿਹਾ ਕਿ ਭਾਈ ਜੈਤਾ ਜੀ ਦੀ ਯਾਦ ਨੂੰ ਸਮਰਪਿਤ ਭਾਈ ਜੈਤਾ ਜੀ ਯਾਦਗਾਰੀ ਅਜਾਇਬ ਘਰ, ਕੁਦਰਤੀ ਪਾਰਕ, ਯਾਤਰੀ ਸੂਚਨਾ ਕੇਂਦਰ ਵਰਗੇ ਕਰੋੜਾਂ ਰੁਪਏ ਦੇ ਪ੍ਰੋਜੈਕਟ ਲੋਕ ਅਰਪਣ ਕਰ ਦਿੱਤੇ ਗਿਆ ਹਨ। ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਕਿਹਾ ਕਿ 50 ਕਰੋੜ ਰੁਪਏ ਦੀ ਲਾਗਤ ਨਾਲ ਵ੍ਹਾਈਟ ਸਿਟੀ ਪ੍ਰੋਜੈਕਟ ਤਹਿਤ ਸੁੰਦਰੀਕਰਨ ਦਾ ਕੰਮ ਜਲਦ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਨਾਲ ਸ਼ਹਿਰ ਦੀ ਸੁੰਦਰਤਾ ਨੂੰ ਹੋਰ ਚਾਰ ਚੰਨ ਲੱਗਣਗੇ ਤੇ ਇਨਾਂ ਤੋਂ ਇਲਾਵਾ ਹਲਕੇ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਿਆ ਜਾ ਰਿਹਾ ਹੈ ਤੇ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਨਵੇਂ ਗ੍ਰਾਊਂਡ ਬਣਾਏ ਜਾ ਰਹੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਵਾਲੀ ਪੰਜਾਬ ਸਰਕਾਰ ਸ਼੍ਰੀ ਅਨੰਦਪੁਰ ਸਾਹਿਬ ਨੂੰ ਟੂਰਿਜ਼ਮ ਹੱਬ ਵਜੋਂ ਵਿਕਸਿਤ ਕਰਨ ਲਈ ਪੂਰੀ ਤਰਾਂ ਵਚਨਬੱਧ ਹੈ। ਅੱਜ 359 ਵੇਂ ਸਥਾਪਨਾ ਦਿਵਸ ਮੌਕੇ ਸ.ਹਰਜੋਤ ਸਿੰਘ ਬੈਂਸ ਨੇ ਸਮੁੱਚੀ ਲੋਕਾਈ ਨੂੰ ਵਧਾਈ ਦਿੱਤੀ ਹੈ।