ਖੱਟੇ ਹੋਏ ਸ਼ੀਤਲ ਅੰਗੂਰਾਲ ਦੇ ਸਿਆਸੀ ਅੰਗੂਰ- ਮਹਿੰਦਰ ਹੁਣ ਜਲੰਧਰ ਦਾ ਸਿਕੰਦਰ
ਅਸ਼ੋਕ ਵਰਮਾ
ਚੰਡੀਗੜ੍ਹ,13ਜੁਲਾਈ 2024:ਜਲੰਧਰ ਪੱਛਮੀ ਹਲਕੇ ਦੇ ਚੋਣ ਨਤੀਜਿਆਂ ਦੌਰਾਨ ਆਮ ਆਦਮੀ ਪਾਰਟੀ ਦੀ ਝੋਲੀ ਪਈ ਬੰਪਰ ਜਿੱਤ ਨੇ ਨਾ ਕੇਵਲ ਮਹਿੰਦਰਪਾਲ ਭਗਤ ਨੂੰ ਮੁਕੱਦਰ ਦਾ ਸਿਕੰਦਰ ਬਣਾ ਦਿੱਤਾ ਹੈ ਬਲਕਿ ਹਾਲੀਆ ਲੋਕ ਸਭਾ ਚੋਣਾਂ ਮੌਕੇ ਪਾਰਟੀ ‘ਤੇ ਲੱਗੇ 10 ਹਲਕਿਆਂ ਵਿੱਚ ਹੋਈ ਹਾਰ ਦੇ ਦਾਗ਼ ਅੱਜ ਧੋ ਦਿੱਤੇ ਹਨ । ਇਸ ਮੌਕੇ ਪਾਰਟੀ ਦੇ 13 ਉਮੀਦਵਾਰਾਂ ਚੋਂ ਕਰੜੀ ਮੁਸ਼ੱਕਤ ਤੋਂ ਬਾਅਦ ਮਸਾਂ ਤਿੰਨ ਹੀ ਜਿੱਤ ਸਕੇ ਸਨ ਜਦੋਂਕਿ ਪੰਜ ਮੰਤਰੀਆਂ ਸਮੇਤ 10 ਉਮੀਦਵਾਰ ਹਾਰ ਗਏ ਸਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਲਾਨੇ ਮਿਸ਼ਨ 13-0 ਦੇ ਫੇਲ੍ਹ ਹੋਣ ਨੇ ‘ਆਪ’ ਆਗੂਆਂ ਦੀ ਝੋਲੀ ਨਮੋਸ਼ੀ ਪਾ ਦਿੱਤੀ ਸੀ। ਹੁਣ ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ ‘ਚ ‘ਆਪ’ ਦੇ ਉਮੀਦਵਾਰ ਮਹਿੰਦਰ ਪਾਲ ਭਗਤ ਨੂੰ ਮਿਲੀ ਭਾਰੀ ਜਿੱਤ ਨੇ ਪੁਰਾਣੇ ਘਾਟੇ ਵਾਧੇ ਪੂਰੇ ਕਰ ਦਿੱਤੇ ਹਨ।
ਇਕੱਲਾ ਇਹੀ ਹੀ ਨਹੀਂ ਜਲੰਧਰ ਚੋਣ ਨੇ ਮੁੜ ਤੋਂ‘ਆਮ ਆਦਮੀ ਪਾਰਟੀ’ ਦੀਆਂ ਸਫਾਂ ਵਿੱਚ ਨਵਾਂ ਜੋਸ਼ ਭਰ ਦਿੱਤਾ ਹੈ। ਉਂਜ ਤਾਂ ਅੱਜ ਦੀ ਜਿੱਤ ਦਾ ਪੰਜਾਬ ਭਰ ’ਚ ਅਸਰ ਨਜ਼ਰ ਆਇਆ ਪਰ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਹਲਕਿਆਂ ਦੇ ਵਿਧਾਇਕਾਂ ਵੱਲੋਂ ਸੰਸਦ ਮੈਂਬਰ ਬਣਨ ਕਾਰਨ ਜਲਦੀ ਹੀ ਕਰਵਾਈਆਂ ਜਾਣ ਵਾਲੀਆਂ ਜਿਮਨੀ ਚੋਣਾਂ ਦੇ ਮੱਦੇ ਨਜ਼ਰ ਇਹ ਹਲਕੇ ਹੋਰਨਾਂ ਥਾਵਾਂ ਨਾਲੋਂ ਜਿਆਦਾ ਉਤਸ਼ਾਹ ਵਿੱਚ ਦਿਖਾਈ ਦਿੱਤੇ। ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਲਈ ਲੋਕ ਸਭਾ ਚੋਣਾਂ ਲੰਘਦਿਆਂ ਹੀ ਜਲੰਧਰ ਪੱਛਮੀ ਹਲਕੇ ਦੀ ਜਿਮਨੀ ਚੋਣ ਚੁਣੌਤੀ ਸੀ ਅਤੇ ਵੱਡੀ ਪ੍ਰੀਖਿਆ ਵੀ ਸੀ। ਇਹ ਦੂਜਾ ਮੌਕਾ ਹੈ ਜਦੋਂ ਜਲੰਧਰੀਆਂ ਨੇ ਮੁੱਖ ਮੰਤਰੀ ਭਗਵੰਤ ਦੀ ਸਿਆਸੀ ਝੋਲੀ ਭਰੀ ਹੈ।
ਇਸ ਤੋਂ ਪਹਿਲਾਂ ਸਾਲ 2023 ’ਚ ਹੋਈ ਜਿਮਨੀ ਚੋਣ ਮੌਕੇ ਜਲੰਧਰ ਵਾਸੀਆਂ ਨੇ ਮੁੱਖ ਮੰਤਰੀ ਦਾ ਰਾਜਨੀਤਕ ਕੱਦ ਵਧਾਇਆ ਸੀ ਜੋ ਸੰਗਰੂਰ ਜਿਮਨੀ ਚੋਣ ‘ਚ ‘ਆਪ’ਉਮੀਦਵਾਰ ਨੂੰ ਹਾਰ ਦਾ ਮੂੰਹ ਦੇਖਣ ਕਾਰਨ ਸਵਾਲਾਂ ਦੇ ਘੇਰੇ ’ਚ ਆ ਗਿਆ ਸੀ। ਉਦੋਂ ਵੀ ਭਗਵੰਤ ਮਾਨ ‘ਤੇ ਵਿਰੋਧੀ ਧਿਰਾਂ ਨੇ ਉਂਗਲਾਂ ਉਠਾਈਆਂ ਸਨ ਕਿਉਂਕਿ ਸੰਗਰੂਰ ਹਲਕਾ ਮੁੱਖ ਮੰਤਰੀ ਭਗਵੰਤ ਮਾਨ ਦਾ ਜੱਦੀ ਹਲਕਾ ਸੀ ਤੇ ਐਤਕੀਂ ਵੀ ਮੁੱਖ ਮੰਤਰੀ ਵਿਰੋਧੀਆਂ ਦੇ ਨਿਸ਼ਾਨੇ ਤੇ ਰਹੇ ਸਨ। ਹੁਣ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਥਾਪਿਤ ਕੀਤੇ ਕਾਂਗਰਸ ਦੇ ਗੜ੍ਹ ਜਲੰਧਰਚੋਂ ‘ਆਪ’ ਨੂੰ ਜਿੱਤ ਦਿਵਾਈ ਹੈ ਜਿਸ ਮਗਰੋਂ ਵਿਰੋਧੀ ਧਿਰਾਂ ਨੂੰ ਹੁਣ ਬੋਲਣ ਦਾ ਮੌਕਾ ਨਹੀਂ ਮਿਲ ਸਕੇਗਾ। ਜਲੰਧਰ ਚੋਣ ਵੱਕਾਰੀ ਸੀ ਅਤੇ ਪਾਰਟੀ ਨੇ ਇਹ ਚੋਣ ਮੁੱਖ ਮੰਤਰੀ ਭਗਵੰਤ ਮਾਨ ਦੀ ਕਮਾਨ ਹੇਠ ਛੱਡ ਦਿੱਤੀ ਸੀ।
ਜਲੰਧਰ ਪੱਛਮੀ ਹਲਕੇ ਦੀ ਜਿਮਨੀ ਚੋਣ ਨੂੰ ‘ਆਪ’ ਨੇ ਮੁੱਛ ਦੇ ਸਵਾਲ ਵਾਂਗ ਲੜਿਆ ਅਤੇ ਕੋਈ ਕਸਰ ਬਾਕੀ ਨਹੀਂ ਛੱਡੀ। ਮੁੱਖ ਮੰਤਰੀ ਨੇ ਆਪਣਾ ਬਹੁਤਾ ਸਮਾਂ ਜਲੰਧਰ ਚੋਣ ਵਿੱਚ ਲਾਇਆ ਅਤੇ ਉਨ੍ਹਾਂ ਦੀ ਜੀਵਨ ਸਾਥਣ ਗੁਰਪ੍ਰੀਤ ਕੌਰ ਵੀ ਡਟ ਕੇ ਚੋਣ ਪ੍ਰਚਾਰ ਕੀਤਾ। ਗੁਰਪ੍ਰੀਤ ਕੌਰ ਨੇ ਵੋਟਰਾਂ ਅੱਗੇ ਮੁੱਖ ਮੰਤਰੀ ਦਾ ਦ੍ਰਿਸ਼ਟੀਕੋਣ ਰੱਖਿਆ । ਮਹੱਤਵਪੂਰਨ ਇਹ ਵੀ ਹੈ ਕਿ ਗੁਰਪ੍ਰੀਤ ਕੌਰ ਦੀ ਰਣਨੀਤੀ ਪੂਰੀ ਤਰਾਂ ਰੰਗ ਲਿਆਈ ਹੈ। ਪਾਰਟੀ ਦੇ ਸਮੂਹ 90 ਵਿਧਾਇਕਾਂ ਅਤੇ ਵਜ਼ੀਰਾਂ ਨੇ ਵੀ ਚੋਣ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਸੀ। ਸਿਆਸੀ ਮਾਹਿਰਾਂ ਅਨੁਸਾਰ ਜਲੰਧਰ ਜਿਮਨੀ ਚੋਣ ਵਿੱਚ ਵੱਡੀ ਜਿੱਤ ਕਾਰਨ ਮੁੱਖ ਮੰਤਰੀ ਦਾ ਸਿਆਸੀ ਕੱਦ ਹੋਰ ਉੱਚਾ ਹੋਇਆ ਹੈ। ਲੋਕ ਸਭਾ ਚੋਣਾਂ ਦੌਰਾਨ ਡਿੱਗੇ ਪਾਰਟੀ ਦੇ ਗਰਾਫ ਕਾਰਨ ਵਿਰੋਧੀ ਧਿਰ ਅਤੇ ਸੋਸ਼ਲ ਮੀਡੀਆ ਤੇ ਆਮ ਲੋਕਾਂ ਕੋਲੋਂ ਮਿਹਣੇ ਸੁਣਨ ਨੂੰ ਮਿਲ ਰਹੇ ਸਨ ਪ੍ਰੰਤੂ ਹੁਣ ਜਲੰਧਰ ਦੀ ਜਿੱਤ ਨੇ ਸਰਕਾਰ ਦੇ ਹੌਸਲੇ ਵਧਾ ਦਿੱਤੇ ਹਨ।
ਸਰਕਾਰ ਦੀ ਕਾਰਗੁਜ਼ਾਰੀ ਤੇ ਮੋਹਰ
ਮੀਡੀਅਮ ਇੰਡਸਟਰੀ ਦੇ ਚੇਅਰਮੈਨ ਨੀਲ ਗਰਗ ਬਠਿੰਡੇ ਵਾਲਿਆਂ ਦਾ ਕਹਿਣਾ ਸੀ ਕਿ ਜਲੰਧਰ ਦੇ ਲੋਕਾਂ ਨੇ ‘ਆਪ’ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ‘ਤੇ ਮੋਹਰ ਲਗਾ ਦਿੱਤੀ ਹੈ ਅਤੇ ਇਸ ਦਾ ਸਿੱਧਾ ਅਸਰ ਆਗਾਮੀ ਜਿਮਨੀ ਚੋਣਾਂ ਵਿੱਚ ਵੀ ਦੇਖਣ ਨੂੰ ਮਿਲੇਗਾ।
ਸਰਕਾਰ ਦੇ ਕੰਮਾਂ ਤੋਂ ਲੋਕ ਖੁਸ਼:ਬੁੱਧ ਰਾਮ
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦਾ ਕਹਿਣਾ ਸੀ ਕਿ ਪੱਛਮੀ ਹਲਕੇ ਦੀ ਜਿਮਨੀ ਚੋਣ ਚੋਂ ਜਿੱਤ ਦਾ ਸਿੱਧਾ ਮਤਲਬ ਹੈ ਕਿ ‘ਆਪ’ ਸਰਕਾਰ ਦੇ ਕੰਮ ਤੋਂ ਲੋਕ ਖ਼ੁਸ਼ ਹਨ । ਉਨ੍ਹਾਂ ਕਿਹਾ ਕਿ ਜਲੰਧਰ ਵਾਸੀਆਂ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਅੱਗੇ ਵਧਣ ਲਈ ਹੱਲਾਸ਼ੇਰੀ ਦਿੱਤੀ ਹੈ। ਵਿਧਾਇਕ ਬੁੱਧ ਰਾਮ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਲੋਕਾਂ ਦੀ ਸਿਹਤ, ਸਿੱਖਿਆ ਤੇ ਬਿਜਲੀ ਬਿੱਲਾਂ ਵਿੱਚ ਦਿੱਤੀ ਮੁਆਫ਼ੀ ਦੇ ਰੰਗਾਂ ਤੋਂ ਇਲਾਵਾ ਸੂਬੇ ’ਚ ਸ਼ੁਰੂ ਕੀਤੀ ਰੁਜ਼ਗਾਰ ਮੁਖੀ ਲਹਿਰ ਅਤੇ ਵਿਕਾਸ ਦਾ ਨਮੂਨਾ ਜਲੰਧਰ ਚੋਣ ਤੋਂ ਵੇਖਣ ਨੂੰ ਮਿਲ ਗਿਆ ਹੈ।
ਮੱਝ ਵੇਚਕੇ ਘੋੜੀ ਲਈ
ਜਲੰਧਰ ਪੱਛਮੀ ਹਲਕੇ ਤੋਂ ਵਿਧਾਇਕ ਸ਼ੀਤਲ ਅੰਗੂਰਾਲ ਨਾਲ ਜਗੋਂ ਤੇਰ੍ਹਵੀਂ ਹੋਈ ਹੈ। ਸ਼ੀਤਲ ਅੰਗੂਰਾਲ ਦੀ ਵਿਧਾਇਕੀ ਵੀ ਗਈ ਅਤੇ ਵੋਟਰਾਂ ਨੇ ਵੀ ਬੁਰੀ ਤਰਾਂ ਨਕਾਰ ਦਿੱਤਾ । ਸ਼ੀਤਲ ਅੰਗੂਰਾਲ ਨੂੰ ਤਾਂ ਦੂਸਰੇ ਸਥਾਨ ਲਈ ਮੁਸ਼ੱਕਤ ਕਰਨੀ ਪਈ ਹੈ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਸ਼ੀਤਲ ਅੰਗੂਰਾਲ ਆਪ ਦੀ ਟਿਕਟ ਤੇ ਚੋਣ ਜਿੱਤੇ ਸਨ ਪਰ ਪਿੱਛੋਂ ਅਸਤੀਫਾ ਦੇਕੇ ਭਾਜਪਾ ’ਚ ਸ਼ਾਮਲ ਹੋ ਗਏ ਤਾਂ ਇਹ ਜਿਮਨੀ ਚੋਣ ਕਰਵਾਉਣੀ ਪਈ ਹੈ।