ਸੰਦੌੜ ਅਨਾਜ ਮੰਡੀ ਵਿਚ ਪਹਿਲੀ ਵਾਰ ਹੋਈ ਮੱਕੀ ਦੀ ਆਮਦ : ਮਾਰਕੀਟ ਕਮੇਟੀ ਦੀ ਆਮਦਨ ਵਿਚ ਕਰੀਬ 4 ਤੋਂ 5 ਲੱਖ ਤੱਕ ਵਾਧਾ ਹੋਵੇਗਾ -ਚੈਅਰਮੈਨ ਕੁਠਾਲਾ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 28 ਜੂਨ 2024 : ਕਣਕ ਝੋਨੇ ਦੇ ਫਸਲੀ ਚੱਕਰ ਨੂੰ ਤੋੜ ਨੂੰ ਦੂਜੀਆਂ ਫਸਲਾਂ ਵੱਲ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੇ ਯਤਨਾਂ ਨੂੰ ਸਫ਼ਲਤਾ ਮਿਲਣ ਲੱਗ ਪਈ ਹੈ।ਕਣਕ-ਝੋਨੇ ਦੇ ਫਸਲੀ ਚੱਕਰ ਵਿਚ ਉਲਝੇ ਹੋਏ ਸੰਦੌੜ ਇਲਾਕੇ ਅੰਦਰ ਐਂਤਕੀ ਪਕਾਵੀਂ ਮੱਕੀ ਦੀ ਫਸਲ ਵੱਲ ਕਿਸਾਨਾਂ ਦਾ ਝੁਕਾਅ ਦੇਖਣ ਨੂੰ ਮਿਲਿਆ ਹੈ।ਮਾਰਕੀਟ ਕਮੇਟੀ ਸੰਦੌੜ ਦੇ ਅਧੀਨ ਪੈਂਦੀ ਅਨਾਜ ਮੰਡੀ ਸੰਦੌੜ ਅਤੇ ਕੁਠਾਲਾ ਵਿਚ ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਕਰਮਜੀਤ ਸਿੰਘ ਕੁਠਾਲਾ ਅਤੇ ਸਕੱਤਰ ਜਸਜੀਤ ਸਿੰਘ ਰਾਏ ਦੇ ਯਤਨਾਂ ਸਦਕਾ ਇਸ ਵਾਰ ਮੱਕੀ ਦੀ ਫ਼ਸਲ ਦੇਖਣ ਨੂੰ ਮਿਲੀ ਹੈ।ਜਿਸ ਨਾਲ ਜਿਥੇ ਕਿਸਾਨਾਂ ਦੀ ਆਮਦਨ ਵਧਣ ਦੀ ਉਮੀਦ ਹੈ ਉਥੇ ਹੀ ਮਾਰਕੀਟ ਕਮੇਟੀ ਦੀ ਆਦਮਨ ਵੀ ਵਧ ਗਈ ਹੈ ।
ਅਨਾਜ ਮੰਡੀ ਸੰਦੌੜ ਵਿਚ ਪਹਿਲੀ ਵਾਰ 2500 ਕੁਇੰਟਲ ਮੱਕੀ ਦੀ ਫਸਲ ਦੀ ਆਮਦ ਹੋ ਚੁੱਕੀ ਹੈ।ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਕਰਮਜੀਤ ਸਿੰਘ ਕੁਠਾਲਾ ਅਤੇ ਸਕੱਤਰ ਜਸਜੀਤ ਸਿੰਘ ਰਾਏ ਨੇ ਦੱਸਿਆ ਕਿ 2 ਹਜਾਰ ਕੁਇੰਟਲ ਮੱਕੀ ਦੀ ਖਰੀਦ ਹੋ ਚੁੱਕੀ ਹੈ।ਉਨ੍ਹਾਂ ਕਿਹਾ ਕਿ ਮੰਡੀ ਵਿਚ ਅਤੁਲ ਟਰੇਡਰਜ਼ ਮਾਲੇਰਕੋਟਲਾ, ਏ.ਐਫ.ਆਈ ਐਗਰੋ ਪ੍ਰਾਈਵੇਟ ਲਿਮਟਿਡ ਖੰਨਾ ਅਤੇ ਅਮਨ ਫੀਡ ਮਾਲੇਰਕੋਟਲਾ ਵੱਲੋਂ ਮੱਕੀ ਦੀ ਖਰੀਦ ਕੀਤੀ ਜਾ ਰਹੀ ਹੈ।ਖਰੀਦ ਕਰ ਰਹੀਆਂ ਧਿਰਾਂ ਤੋਂ 3 ਪ੍ਰਤੀਸ਼ਤ ਮਾਰਕੀਟ ਫੀਸ ਵਸੂਲੀ ਜਾ ਰਹੀ ਹੈ ਜਦਕਿ ਪ੍ਰੋਸ਼ੈਸਿੰਗ ਯੂਨਿਟ ਹੋਣ ਕਾਰਣ ਏ.ਐਫ.ਆਈ ਐਗਰੋ ਅਤੇ ਅਮਨ ਫੀਡ ਮਾਲੇਰਕੋਟਲਾ ਨਾਮੀਂ ਦੋਵੇਂ ਫਰਮਾਂ ਨੂੰ ਮੰਡੀਕਰਨ ਵਲੋਂ ਫੀਸ ਵਿਚ ਛੋਟ ਦਿੱਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਫੀਡ ਮਿੱਲਾਂ ਅਤੇ ਪ੍ਰੋਸੈਸਿੰਗ ਯੂਨਿਟਾਂ ਨੂੰ ਮੰਡੀਕਰਨ ਵਲੋਂ ਛੋਟ ਦਿੱਤੀ ਜਾਂਦੀ ਹੈ।ਅਨਾਜ ਮੰਡੀ ਕੁਠਾਲਾ ਵਿਖੇ ਸਿਰਫ ਮੱਕੀ ਦੀ ਸੁਕਾਈ ਦੀ ਕੀਮਤ ਹੀ ਵਸੂਲੀ ਜਾ ਰਹੀ ਹੈ।ਹੁਣ ਤੱਕ ਖਰੀਦੀ ਗਈ ਮੱਕੀ ਦੀ ਫਸਲ ਤੋਂ 96 ਹਜ਼ਾਰ ਰੁਪਏ ਦੀ ਆਮਦਨ ਮਾਰਕੀਟ ਕਮੇਟੀ ਨੂੰ ਪ੍ਰਾਪਤ ਹੋਈ ਹੈ। ਉਹਨਾਂ ਦੱਸਿਆ ਕਿ ਚੰਗੇ ਭਾਅ ਤੇ ਮੱਕੀ ਦੀ ਫਸਲ ਖਰੀਦੀ ਜਾ ਰਹੀ ਹੈ ਅਤੇ ਉਮੀਦ ਹੈ ਕਿ ਪਹਿਲੇ ਸਾਲ 4 ਤੋਂ 5 ਲੱਖ ਰੁਪਏ ਤੱਕ ਦੀ ਆਮਦਨ ਮਾਰਕੀਟ ਕਮੇਟੀ ਨੂੰ ਹੋਣ ਦੀ ਸੰਭਾਵਨਾ ਹੈ।