- "ਤੇਰੇ ਨਾਲ ਅਮੀਰ ਵਜ਼ੀਰ ਖੜ੍ਹੇ, ਮੇਰੇ ਨਾਲ ਪੈਗੰਬਰ ਪੀਰ ਖੜ੍ਹੇ" - ਕਿਸਾਨ ਮੋਰਚੇ 'ਚ ਪਹੁੰਚੇ ਸੁਰਜੀਤ ਪਾਤਰ
ਰਵੀ ਜੱਖੂ
ਸਿੰਘੂ ਬਾਰਡਰ, 9 ਜਨਵਰੀ 2021 - 'ਕਿਸਾਨ ਸੰਘਰਸ਼ ਦੇ ਇੰਨ੍ਹਾਂ ਸੁੱਖ ਤੇ ਦੁਖ ਦੇ ਪਲਾਂ ਨੂੰ ਮਹਿਸੂਸ ਕਰਨ ਤੇ ਆਪਣੇ ਲੋਕਾਂ ਦਾ ਦੀਦਾਰ ਕਰਨ ਸਿੰਘੂ ਬਾਰਡਰ ਆਇਆ ਹਾਂ।" ਉਕਤ ਸ਼ਬਦ ਪੰਜਾਬੀ ਦੇ ਨਾਮਵਰ ਲੇਖਕ ਤੇ ਕਵੀ ਸੁਰਜੀਤ ਪਾਤਰ ਨੇ ਬਾਬੂਸ਼ਾਹੀ ਨਾਲ ਸਿੰਘੂ ਬਾਰਡਰ 'ਤੇ ਗੱਲ ਕਰਦਿਆਂ ਕਿਹਾ। ਸੁਰਜੀਤ ਪਾਤਰ ਨੇ ਕਿਹਾ ਕਿ ਉਹ ਆਪਣੇ ਲੋਕਾਂ ਦਾ ਦੀਦਾਰ ਕਰਨ ਆਏ ਨੇ ਤੇ ਉਨ੍ਹਾਂ ਦੇ ਸੁੱਖ ਦੁੱਖ ਦੇ ਪਲ ਮਹਿਸੂਸ ਕਰਨ ਆਏ ਨੇ। ਪਾਤਰ ਨੇ ਕਿਹਾ ਕਿ ਇਹ ਮੌਕਾ ਸੁੱਖ ਦਾ ਇਸ ਕਰਕੇ ਹੈ ਕਿਉਂਕਿ ਇਸ ਮੋਰਚੇ ਨੇ ਸਾਡੇ ਧੀਆਂ ਪੁੱਤਰਾਂ ਦੇ ਹੋਠਾਂ 'ਤੇ ਗੀਤ ਬਦਲ ਦਿੱਤੇ ਤੇ ਸਭ ਨੂੰ ਇਕੱਠਾ ਕਰ ਦਿੱਤਾ ਹੈ ਤੇ ਦੁੱਖ ਇਸ ਕਰਕੇ ਹੈ ਕਿ ਇਸਨੂੰ ਸਾਡੇ ਬਜ਼ੁਰਗ ਤੇ ਬੱਚੇ ਤੇ ਨੌਜਵਾਨ ਸਾਰੇ ਦੁੱਖ ਸਹਿ ਕੇ ਲੜ ਰਹੇ ਨੇ।
ਪਾਤਰ ਨੇ ਕਿਹਾ ਕਿ ਲੋਕਾਂ ਨੇ ਇਸ ਅੰਦੋਲਨ 'ਚ ਆਪਣੀ ਸ਼ਾਂਤੀ ਦਿਖਾ ਦਿੱਤੀ ਤੇ ਹੁਣ ਮੋਦੀ ਸਾਬ੍ਹ ਨੂੰ ਅੱਗੇ ਵਧਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਕਹਿਣਾ ਚਾਹੀਦਾ ਹੈ ਕਿ "ਮੈਂ ਕਿਤੇ ਨੀ ਝੁਕਿਆ, ਪਰ ਮੈਂ ਧਰਤੀ ਪੁੱਤਰਾਂ ਅੱਗੇ ਤੇ ਇੰਨ੍ਹਾਂ ਦੇ ਸਿਦਕ ਅੱਗੇ ਝੁਕਦਾ ਹਾਂ।"
ਪਾਤਰ ਨੇ ਕਿਹਾ ਕਿ ਸਰਕਾਰ ਨੇ ਬਹੁਤ ਹੀ ਸੰਵੇਦਨਹੀਣ ਭੂਮਿਕਾ ਨਿਭਾਈ ਹੈ ਤੇ ਸਰਕਾਰ ਦਾ ਇਸ ਮੋਰਚੇ 'ਚ ਰੋਲ ਬਹੁਤ ਹੀ ਦੁਖਦਾਈ ਹੈ।
ਸੁਰਜੀਤ ਪਾਤਰ ਨੇ ਸਾਹਿਤਕ ਸਤਰਾਂ ਬੋਲਦਿਆਂ ਕਿਹਾ, "ਤੇਰੇ ਨਾਲ ਅਮੀਰ ਵਜ਼ੀਰ ਖੜ੍ਹੇ, ਮੇਰੇ ਨਾਲ ਪੈਗੰਬਰ ਪੀਰ ਖੜ੍ਹੇ, ਰਵੀਦਾਸ, ਫਰੀਦ ਕਬੀਰ ਖੜ੍ਹੇ, ਮੇਰੇ ਨਾਨਕ ਸ਼ਾਹ ਫਕੀਰ ਖੜ੍ਹੇ, ਮੇਰਾਤ ਨਾਮਦੇਵ ਮੇਰਾ ਧੰਨਾ ਵੀ, ਮੈਨੂੰ ਮਾਣ ਉਨ੍ਹਾਂ ਦੀ ਸ਼ਾਨ ਦਾ ਹੈ, ਇਹ ਬਾਤ ਮੇਰੀ ਇੰਨੀ ਹੀ ਨਹੀਂ, ਨਾ ਇਹ ਮਸਲਾ ਸਿਰਫ ਕਿਸਾਨ ਦਾ ਹੈ। ਵਾਹ ਪਾਤਰ ਤੂੰ ਵੀ ਇਥੇ ਹੈ, ਤੇਰੀ ਕਿਸ ਜ਼ਮੀਨ ਨੂੰ ਖਤਰਾ ਹੈ, ਮੇਰੇ ਬੋਲਾਂ ਨੂੰ ਮੇਰੀ ਕਵਿਤਾ ਨੂੰ, ਮੇਰੀ ਸੁਰ ਜ਼ਮੀਨ ਨੂੰ ਖਤਰਾ ਹੈ। ਮੇਰਾ ਹਰਫ ਹਰਫ ਤੇਰੀ ਜ਼ਦ 'ਚ ਹੈ, ਮੇਰਾ ਮਸਲਾ ਉਸਨੂੰ ਬਚਾਉਣ ' ਚ ਹੈ।"
ਸੁਰਜੀਤ ਪਾਤਰ ਦੀ ਵੀਡੀੳ ਇੰਟਰਵਿਊ ਦੇਖਣ ਇਸ ਲਿੰਕ 'ਤੇ ਕਲਿੱਕ ਕਰੋ:
https://www.youtube.com/watch?v=8x0VrPt3aoE
">http://