ਨਵੀਂ ਦਿੱਲੀ, 31 ਮਾਰਚ 2021 - ਜਾਗੋ ਪਾਰਟੀ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਲਈ 14 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ। ਇਸ ਤੋਂ ਪਹਿਲਾਂ ਜਾਗੋ ਵੱਲੋਂ 16 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ। ਪਾਰਟੀ ਦਫ਼ਤਰ ਵਿੱਖੇ ਪਾਰਟੀ ਕਾਰਕੁੰਨਾ ਦੇ ਭਰਵੇਂ ਇੱਕਠ ਨੂੰ ਸੰਬੋਧਤ ਕਰਦੇ ਹੋਏ ਜਾਗੋ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਸਾਡਾ ਮੁਕਾਬਲਾ ਇਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਿਆਸੀ ਫੈਸਲੇ ਲੈਣ ਵਾਲੀ ਸਿਆਸੀ ਧਿਰ ਨਾਲ ਹੈ। ਜਿਸਨੇ ਕੌਮੀ ਅਦਾਰਿਆਂ ਨੂੰ ਸਿਆਸੀ ਪ੍ਰਭਾਵ ਹੇਠ ਬਰਬਾਦ ਕਰਨ 'ਚ ਕੋਈ ਕਸਰ ਨਹੀਂ ਛੱਡੀ। ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਗੀ ਹੋ ਕੇ ਦੋ-ਦੋ ਸੰਗਰਾਂਦਾ ਅਤੇ ਗੁਰਪੁਰਬ ਮਨਾਉਣ ਵਾਲੀ ਉਹੋ ਧਿਰ ਹੈ ਜਿਸਨੇ ਸਿਆਸੀ ਲਾਹਾ ਲੈਣ ਲਈ ਵਿੱਦਿਅਕ ਅਦਾਰਿਆਂ ਨੂੰ ਭਰਤੀ ਦਾ ਕਾਰਖਾਨਾ ਬਣਾ ਦਿੱਤਾ ਸੀ।
ਜੀਕੇ ਨੇ ਕਿਹਾ ਕਿ ਜਾਗੋ ਪਾਰਟੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਅਤੇ ਪੰਥਕ ਮਰਿਆਦਾ ਨੂੰ ਬਚਾਉਣ ਵਾਸਤੇ ਸਰਗਰਮ ਹੈ। ਇਸ ਲਈ ਦਿੱਲੀ ਦੀ ਸੂਝਵਾਨ ਸੰਗਤ ਜਾਗੋ ਪਾਰਟੀ ਦਾ ਸਮਰਥਨ ਕਰੇਗੀ। 15 ਉਮੀਦਵਾਰਾਂ ਦੀ ਸੂਚੀ ਵਿਚ ਦਿੱਲੀ ਕਮੇਟੀ ਦੇ ਮੌਜੂਦਾ ਮੈਂਬਰ ਅਤੇ ਜਾਗੋ ਦੇ ਕੌਮਾਂਤਰੀ ਮੀਤ ਪ੍ਰਧਾਨ ਹਰਜੀਤ ਸਿੰਘ ਜੀਕੇ ਕਾਲਕਾ ਜੀ ਵਾਰਡ ਤੋਂ ਚੋਣ ਲੜਨਗੇ। ਜਦਕਿ ਮੌਜੂਦਾ ਸਮੇਂ 'ਚ ਹਰਜੀਤ ਸਿੰਘ ਜੀਕੇ ਸਰਿਤਾ ਵਿਹਾਰ ਵਾਰਡ ਤੋਂ ਕਮੇਟੀ ਮੈਂਬਰ ਹਨ। ਜਾਗੋ ਯੂਥ ਵਿੰਗ ਦੇ ਕੌਮਾਂਤਰੀ ਪ੍ਰਧਾਨ ਡਾ. ਪੁੰਨਪ੍ਰੀਤ ਸਿੰਘ ਮਾਲਵੀਅ ਨਗਰ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ। ਇਸਦੇ ਨਾਲ ਹੀ ਵਿਵੇਕ ਵਿਹਾਰ ਵਾਰਡ ਤੋਂ ਸਾਬਕਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਸਭਰਵਾਲ, ਰੋਹਿਣੀ ਵਾਰਡ ਤੋਂ ਅਮਰਜੀਤ ਸਿੰਘ ਰੋਹਿਣੀ, ਸ਼ਕੂਰ ਬਸਤੀ ਤੋਂ ਸਿਕਲੀਘਰ ਸਮਾਜ ਦੇ ਮੁਖ ਆਗੂ ਪੱਪੂ ਸਿੰਘ, ਚੰਦਰ ਵਿਹਾਰ ਵਾਰਡ ਤੋਂ ਲੁਬਾਣਾ ਬਿਰਾਦਰੀ ਦੇ ਸੱਜਣ ਸਿੰਘ, ਵਿਸ਼ਨੂੰ ਗਾਰਡਨ ਵਾਰਡ ਤੋਂ ਬਖ਼ਸੀਸ ਸਿੰਘ, ਰਵੀ ਨਗਰ ਵਾਰਡ ਤੋਂ ਹਰਵਿੰਦਰ ਸਿੰਘ, ਗੁਰੂ ਨਾਨਕ ਨਗਰ ਵਾਰਡ ਤੋਂ ਗੁਰਿੰਦਰਜੀਤ ਸਿੰਘ, ਉੱਤਮ ਨਗਰ ਤੋਂ ਬੀਬੀ ਦਵਿੰਦਰ ਕੌਰ, ਸ਼ਿਵ ਨਗਰ ਵਾਰਡ ਤੋਂ ਮਨਜੀਤ ਸਿੰਘ ਰੂਬੀ, ਸਰਿਤਾ ਵਿਹਾਰ ਵਾਰਡ ਤੋਂ ਇੰਦਰਜੀਤ ਸਿੰਘ, ਦਿਲਸ਼ਾਦ ਗਾਰਡਨ ਵਾਰਡ ਤੋਂ ਸੁਖਦੇਵ ਸਿੰਘ ਅਤੇ ਖੁਰੇਜ਼ੀ ਖ਼ਾਸ ਵਾਰਡ ਤੋਂ ਗੁਰਮੀਤ ਸਿੰਘ ਕੋਹਲੀ ਜਾਗੋ ਦੇ ਉਮੀਦਵਾਰ ਹੋਣਗੇ।