ਅਸ਼ੋਕ ਵਰਮਾ
- ਆਪਣੀਆਂ ਬੱਸਾਂ ’ਚ ਮੁਫਤ ਸਫਰ ਦੇ ਫੈਸਲੇ
ਬਠਿੰਡਾ,13ਅਪਰੈਲ2021: ਅੱਜ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਸਾਬਕਾ ਕੇਂਦਰੀ ਮੰਤਰੀ ਤੇ ਆਪਣੀ ਧਰਮਪਤਨੀ ਹਰਸਿਮਰਤ ਕੌਰ ਬਾਦਲ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਕੈੈਪਟਨ ਸਰਕਾਰ ਨੂੰ ਨਿਸ਼ਾਨਾ ਬਣਾਇਆ ਉੱਥੇ ਖੇਤੀ ਕਾਨੂੰਨਾਂ ਦੇ ਮਾਮਲੇ ’ਚ ਕੇਂਦਰ ਦੀ ਮੋਦੀ ਸਰਕਾਰ ਨੂੰ ਨਸੀਹਤ ਦਿੱਤੀ। ਇਸ ਸ਼ੁਭ ਅਵਸਰ ਤੇ ਤਖਤ ਤਲਵੰਡੀ ਸਾਬੋ ਪੁੱਜੀ ਬਾਦਲ ਜੋੜੀ ਨੂੰ ਤਖ਼ਤ ਸਾਹਿਬ ਦੇ ਬਾਹਰ ਸਾਬਕਾ ਵਿਧਾਇਕ ਜੀਤ ਮੁਹਿੰਦਰ ਸਿੰਘ ਸਿੱਧੂ ਨੇ ਜੀ ਆਇਆਂ ਆਖਿਆ। ਸ੍ਰੀ ਬਾਦਲ ਅਤੇ ਬੀਬੀ ਬਾਦਲ ਨੇ ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਨੂੰ ਪ੍ਰਬੰਧਕਾਂ ਵੱਲੋਂ ਸਿਰੋਪਾ ਵੀ ਭੇਂਟ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਸਾਖੀ ਦੇ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ।
ਉਨ੍ਹਾਂ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਜੋ ਕਾਲੇ ਖੇਤੀ ਕਾਨੂੰਨ ਲਿਆਂਦੇ ਹਨ ਉਨ੍ਹਾਂ ਖਿਲਾਫ ਲੜਾਈ ਲੜ ਰਹੇ ਕਿਸਾਨਾਂ ਦੀ ਜਿੱਤ ਅਤੇ ਕਰੋਨਾ ਦੀ ਬਿਮਾਰੀ ਖਤਮ ਹੋਣ ਸਬੰਧੀ ਵੀ ਅਰਦਾਸ ਕੀਤੀ ਹੈ। ਉਨ੍ਹਾਂ ਆਖਿਆ ਕਿ ਪ੍ਰਮਾਤਮਾਂ ਕਿਸਾਨਾਂ ਨੂੰ ਤਾਕਤ ਬਖਸ਼ੇ ਤਾਂ ਜੋ ਉਹ ਦਿੱਲੀ ਮੋਰਚੇ ’ਚੋਂ ਸਫਲ ਹੋਕੇ ਵਾਪਿਸ ਹੋਣ। ਉਨ੍ਹਾਂ ਆਖਿਆ ਕਿ ਜਦੋਂ ਕਿਸਾਨ ਹੀ ਨਹੀਂ ਚਾਹੁੰਦੇ ਤਾਂ ਮੋਦੀ ਸਰਕਾਰ ਨੂੰ ਤਿੰਨੇ ਕਾਲੇ ਖੇਤੀ ਕਾਨੂੰਨ ਵਾਪਿਸ ਲੈ ਲੈਣੇ ਚਾਹੀਦੇ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਰੇ ਮੁਲਕ ’ਚ ਪਹਿਲੀ ਤਰੀਕ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ ਪਰ ਪੰਜਾਬ ’ਚ ਅੱਜ ਤਿੰਨ ਦਿਨ ਬਾਅਦ ਵੀ ਪ੍ਰਬੰਧ ਮੁਕੰਮਲ ਨਹੀਂ ਕੀਤੇ ਹਨ।
ਉਨ੍ਹਾਂ ਆਖਿਆ ਕਿ ਕਿਸਾਨ ਮੰਡੀਆਂ ’ਚ ਪੁੱਜ ਗਏ ਹਨ ਕਿਧਰੇ ਬਾਰਦਾਨਾ ਨਹੀਂ ਹੈ ਅਤੇ ਕਈ ਥਾਵਾਂ ਤੇ ਖਰੀਦ ਹੀ ਨਹੀਂ ਹੈ। ਉਨ੍ਹਾਂ ਆਖਿਆ ਕਿ ਠੇਕੇ ਤੇ ਜਮੀਨਾਂ ਲੈਕੇ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਜਿਣਸ ਦੇ ਪੈਸੇ ਪ੍ਰਾਪਤ ਕਰਨ ’ਚ ਮੁਸ਼ਕਲਾਂ ਆ ਰਹੀਆਂ ਹਨ। ਉਨ੍ਹਾਂ ਆਖਿਆ ਕਿ ਅਕਾਲੀ ਭਾਜਪਾ ਸਰਕਾਰ ਦੇ ਰਾਜ ’ਚ ਮੰਤਰੀਆਂ ਦੀਆਂ ਡਿਊਟੀਆਂ ਖਰੀਦ ਕਰਨ ਲਈ ਲੱਗਦੀਆਂ ਸਨ ਪਰ ਇੱਥੇ ਕੋਈ ਵਾਲੀਵਾਰਸ ਨਹੀਂ ਅਤੇ ਸਿਆਸੀ ਲੋਕ ਲੁੱਟ ਖਸੁੱਟ ਕਰਨ ’ਚ ਲੱਗੇ ਹੋਏ ਹਨ। ਉਨ੍ਹਾਂ ਆਖਿਆ ਕਿ ਦੁੱਖ ਦੀ ਗੱਲ ਹੈ ਕਿ ਮੁੱਖ ਮੰਤਰੀ ਫਾਰਮ ਹਾਊਸ ਤੋਂ ਬਾਹਰ ਨਹੀਂ ਨਿੱਕਲ ਰਹੇ ਹਨ ਜੋਦੋਂਕਿ ਉਨ੍ਹਾਂ ਨੂੰ ਬਾਹਰ ਆਕੇ ਸਥਿਤੀ ਨੂੰ ਸਹੀ ਕਰਨਾ ਚਾਹੀਦਾ ਹੈ।
ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਜੋ ਫੈਸਲਾ ਕਰਦੀ ਹੈ ਕੈਪਟਨ ਉਸ ਨੂੰ ਝੱਟ ਲਾਗੂ ਕਰ ਦਿੰਦੇ ਹਨ। ਉਨ੍ਹ੍ਹਾਂ ਆਖਿਆ ਕਿ ਕੇਂਦਰ ਨੇ ਖਾਦ ਦੇ ਭਾਅ ਵਧਾਏ ਹਨ ਪਰ ਕੈਪਟਨ ਅਮਰਿੰਦਰ ਸਿੰਘ ਨੇ ਚੂੰਅ ਨਹੀਂ ਕੀਤੀ ਹੈ। ਉਨ੍ਹਾਂ ਆਖਿਆ ਕਿ ਵਿਰੋਧੀ ਧਿਰ ਤਾਂ ਲੜਾਈ ਲੜਦੀ ਹੀ ਹੈ ਪਰ ਅਸਲ ’ਚ ਪੰਜਾਬ ਦੇ ਹੱਕਾਂ ਖਾਤਰ ਮੁੱਖ ਮੰਤਰੀ ਲੜਾਈ ਲੜੇ ਤਾਂ ਵੱਡਾ ਅਸਰ ਹੁੰਦਾ ਹੈ। ਉਨ੍ਹਾਂ ਆਖਿਆ ਕਿ ਅਫਸੋਸ ਦੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਅਖਵਾਉਣ ਦੇ ਹੱਕਦਾਰ ਨਹੀਂ ਜਿੰਨ੍ਹਾਂ ਨੇ ਪੰਜਾਬ ਦੇ ਚਾਰ ਸਾਲ ਬਰਬਾਦ ਕਰ ਦਿੱਤੇ ਹਨ। ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਸਬੰਧੀ ਪੁੱਛੇ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਦਕਾਨ ਖੋਹਲੀ ਹੈ ਅਤੇ ਉਹ ਲੱਭਦੇ ਫਿਰਦੇ ਹਨ।
ਉਨ੍ਹਾਂ ਕਿਹਾ ਕਿ ਜਿਹੜਾ ਬੰਦਾ ਖੁਦ ਨਾਂ ਜਿੱਤ ਸਕੇ ਉਸ ਦੀ ਹਰਮਨਪਿਆਰਤਾ ਖਤਮ ਹੋ ਜਾਏ ਤਾਂ ਕੀ ਕਿਹਾ ਜਾ ਸਕਦਾ ਹੈ ਫਿਰ ਵੀ ਹਰ ਕਿਸੇ ਨੂੰ ਹੱਕ ਹੈ ਕਿ ਉਹ ਆਪਣਾ ਸਿਆਸੀ ਪਲੇਟਫਾਰਮ ਚਲਾ ਸਕਦਾ ਹੈ। ਉਨ੍ਹਾਂ ਆਖਿਆ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਆਈ ਤਾਂ ਔਰਤਾਂ ਲਈ ਮੁਫਤ ਸਫਰ ਸਹੂਲਤ ਨਾਂ ਕੇਵਲ ਸਰਕਾਰੀ ਬੱਸਾਂ ’ਚ ਸਹੂਲਤ ਜਾਰੀ ਰਹੇਗੀ ਬਲਕਿ ਇਸ ਦਾ ਦਾਇਰਾ ਪ੍ਰਾਈਵੇਟ ਬੱਸਾਂ ’ਚ ਵੀ ਵਧਾਇਆ ਜਾਏਗਾ। ਇੱਕ ਪੱਤਰਕਾਰ ਵੱਲੋਂ ਆਪਣੀਆਂ ਬੱਸਾਂ ’ਚ ਮੁਫਤ ਸਫਰ ਲਾਗੂ ਕਰਨ ਦੀ ਗੱਲ ਨੂੰ ਸ੍ਰੀ ਬਾਦਲ ਸਰਕਾਰ ਦੇ ਫੈਸਲੇ ਦਾ ਹਵਾਲਾ ਦੇਕੇ ਟਾਲ ਗਏ।ਸ੍ਰੀ ਬਾਦਲ ਨੇ ਦੋਸ਼ ਲਾਇਆ ਕਿ ਅਸਲ ’ਚ ਅਕਾਲੀ ਦਲ ਦੀਆਂ ਰੈਲੀਆਂ ਨੂੰ ਭਰਵਾਂ ਹੁੰਗਾਰਾ ਮਿਲਣ ਲੱਗਿਆ ਸੀ ਜਿਸ ਕਰਕੇ ਇਹ ਪਾਬੰਦੀ ਲਾਈ ਗਈ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਦੀਆਂ ਰੈਲੀਆਂ ’ਚ ਹਜਾਰਾਂ ਲੋਕਾਂ ਦਾ ਇਕੱਠ ਹੁੰਦਾ ਸੀ ਅਤੇ ਇੱਕ ਤਰਾਂ ਨਾਲ ਕਾਂਗਰਸ ਖਿਲਾਫ ਹਵਾ ਚੱਲ ਪਈ ਸੀ ਜੋ ਸਰਕਾਰ ਨੂੰ ਹਜਮ ਨਹੀਂ ਹੋਈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਾਨੂੰਨ ਦੀ ਪਾਲਣਾ ਕਰਨ ਵਾਲੀ ਪਾਰਟੀ ਹੈ ,ਸਿਆਸੀ ਰੈਲੀਆਂ ਤੇ ਰੋਕ ਲਾਉਣ ਉਪਰੰਤ ਉਨ੍ਹਾਂ ਨੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਉਨ੍ਹਾਂ ਆਖਿਆ ਕਿ ਅਕਾਲੀ ਦਲ ਦੀ ਸਰਕਾਰ ਬਣਨ ਤੇ ਮੁੱਖ ਮੰਤਰੀ ਦੇ ਅਹੁਦੇ ਦਾ ਫੈਸਲਾ ਪਾਰਟੀ ਕਰੇਗੀ। ਉਨ੍ਹਾਂ ਆਖਿਆ ਕਿ ਵੱਖ ਵੱਖ ਪਾਰਟੀਆਂ ਨਾਲ ਸਾਂਝ ਸਬੰਧੀ ਗੱਲ ਚੱਲ ਰਹੀ ਹੈ ਜਿਸ ਦਾ ਖੁਲਾਸਾ ਸਮਾਂ ਆਉਣ ਤੇ ਕੀਤਾ ਜਾਏਗਾ।
ਜੀਤਮੋਹਿੰਦਰ ਹੋਵੇਗਾ ਉਮੀਦਵਾਰ-ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸਪਸ਼ਟ ਕੀਤਾ ਹੈ ਕਿ ਹਲਕਾ ਤਲਵੰਡੀ ਸਾਬੋ ਤੋਂ ਚਾਰ ਵਾਰ ਵਿਧਾਇਕ ਰਹਿ ਚੁੱਕੇ ਤੇ ਮੌਜੂਦਾ ਹਲਕਾ ਇੰਚਾਰਜ ਜੀਤਮਹਿੰਦਰ ਸਿੰਘ ਸਿੱਧੂ ਹੀ ਉਮੀਦਵਾਰ ਹੋਣਗੇ। ਉਨ੍ਹਾਂ ਕਿਹਾ ਕਿ ਸਾਬਕਾ ਵਿਧਾਇਕ ਸਿੱਧੂ ਸਾਡੇ ਪਰਿਵਾਰਿਕ ਮੈਂਬਰ ਅਤੇ ਸੀਨੀਅਰ ਲੀਡਰ ਹਨ ਇਸ ਲਈ ਉਨ੍ਹਾਂ ਦੀ ਉਮੀਦਵਾਰੀ ਬਾਰੇ ਕਿਸੇ ਨੂੰ ਸ਼ੱਕ ਨਹੀਂ ਰਹਿਣਾ ਚਾਹੀਦਾ ਹੈ।