ਪਾਰਸ ਹਸਪਤਾਲ ਪੰਚਕੂਲਾ 'ਚ ਬਲੈਕ ਫੰਗਸ ਦਾ ਸਫ਼ਲ ਇਲਾਜ
- ਬਲੈਕ ਫੰਗਸ ਕੋਈ ਨਵੀਂ ਬੀਮਾਰੀ ਨਹੀਂ: ਡਾ. ਸੰਜੇ ਖੰਨਾ
- ਕੋਵਿਡ ਮਰੀਜ਼ ਮੂੰਹ, ਨੱਕ ਅਤੇ ਅੱਖਾਂ ਦੀ ਸਫਾਈ ਰੱਖ ਕੇ ਬਲੈਕ ਫੰਗਸ ਤੋਂ ਬੱਚ ਸਕਦੇ ਨੇ : ਡਾ. ਖੰਨਾ
- ਕੋਵਿਡ ਦੀ ਨਵੀਂ ਲਹਿਰ ਬਲੈਕ ਫੰਗਸ ਸੰਕਰਮਣ ਦਾ ਕਾਰਨ ਹੋ ਸਕਦੀ ਹੈ : ਡਾ. ਵਰਿੰਦਾ
ਪੰਚਕੂਲਾ, 29 ਮਈ 2021 - ਬਲੈਕ ਫੰਗਸ (ਕਾਲੀ ਉੱਲੀ) ਨੱਕ, ਅੱਖਾਂ, ਨਾਸਿਕਾ, ਦਿਮਾਗ ਅਤੇ ਫੇਫੜਿਆਂ ਦੀ ਲਾਗ (ਸੰਕਰਮਣ) ਹੈ ਜੋ ਅਕਸਰ ਬੀਮਾਰੀਆਂ ਦਾ ਟਾਕਰਾ ਨਾ ਕਰ ਸਕਣ ਵਾਲੇ ਮਰੀਜ਼ਾਂ, ਸ਼ੂਗਰ, ਕੈਂਸਰ ਜਾਂ ਹੋਰ ਲਾਇਲਾਜ ਬੀਮਾਰੀਆਂ ਵਾਲੇ ਮਰੀਜ਼ਾਂ ਨੂੰ ਹੋ ਸਕਦੀ ਹੈ। ਇਹ ਜਾਣਕਾਰੀ ਪਾਰਸ ਹਸਪਤਾਲ ਪੰਚਕੂਲਾ ਦੇ ਕੰਨ, ਨੱਕ ਅਤੇ ਗਲੇ ਦੇ ਰੋਗਾਂ ਦੇ ਵਿਭਾਗ ਦੇ ਮੁਖੀ ਅਤੇ ਸੀਨੀਅਰ ਕੰਸਲਟੈਂਟ ਡਾ. ਸੰਜੇ ਖੰਨਾ ਨੇ ਇਕ ਪ੍ਰੈੱਸ ਬਿਆਨ 'ਚ ਕਹੀ।
ਡਾ. ਖੰਨਾ ਹੁਣ ਤੱਕ ਬਲੈਕ ਫੰਗਸ ਦੇ ਅਨੇਕਾਂ ਮਰੀਜ਼ਾਂ ਦਾ ਇਲਾਜ ਕਰ ਚੁੱਕੇ ਹਨ। ਡਾ. ਖੰਨਾ ਨੇ ਕਿਹਾ ਕਿ ਜਦ ਕੋਵਿਡ ਦੇ ਮਰੀਜ਼ਾਂ ਨੂੰ ਬਲੈਕ ਫੰਗਸ ਦੀ ਲਾਗ ਹੋ ਜਾਂਦੀ ਹੈ ਤਾਂ ਇਹ ਵਧੇਰੇ ਖ਼ਤਰਨਾਕ ਸਾਬਤ ਹੁੰਦੀ ਹੈ, ਕਿਉਂਕਿ ਇਹ ਲਹੂ ਦੀਆਂ ਨਾੜੀਆਂ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਖੂਨ ਦੇ ਕਤਲੇ (ਥੱਕੇ) ਬਣ ਜਾਂਦੇ ਹਨ, ਜੋ ਦਿਲ, ਦਿਮਾਗ ਅਤੇ ਫੇਫੜਿਆਂ ਲਈ ਖ਼ਤਰਨਾਕ ਸਾਬਤ ਹੁੰਦਾ ਹੈ।
ਕੰਨ, ਨੱਕ ਅਤੇ ਗਲੇ ਦੇ ਸਹਾਇਕ ਕੰਸਲਟੈਂਟ ਡਾ. ਵਰਿੰਦਾ ਨਰੂਲਾ ਨੇ ਕਿਹਾ ਕਿ ਕੋਵਿਡ ਦੇ ਮਰੀਜ਼ ਮੂੰਹ, ਨੱਕ ਅਤੇ ਅੱਖਾਂ ਦੀ ਸਫ਼ਾਈ ਰੱਖ ਕੇ ਬਲੈਕ ਫੰਗਸ ਦੇ ਸੰਕਰਮਣ ਤੋਂ ਬੱਚ ਸਕਦੇ ਹਨ, ਕਿਉਂਕਿ ਇਸ ਬੀਮਾਰੀ ਦੀ ਲਾਗ ਸਰੀਰ ਦੇ ਇਨ੍ਹਾਂ ਅੰਗਾਂ ਰਾਹੀਂ ਹੀ ਸਰੀਰ ਵਿੱਚ ਦਾਖਲ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਮਰੀਜ਼ਾਂ ਵਿੱਚ ਬਲੈਕ ਫੰਗਸ ਦੀ ਲਾਗ ਦਾ ਛੇਤੀ ਪਤਾ ਲੱਗਾ, ਪਾਰਸ ਹਸਪਤਾਲ ਵਿੱਚ ਆਪਰੇਸ਼ਨ ਰਾਹੀਂ ਉਹ ਠੀਕ ਹੋਏ ਹਨ।
ਡਾ. ਸੰਜੇ ਖੰਨਾ ਨੇ ਦੱਸਿਆ ਕਿ ਬਲੈਕ ਫੰਗਸ ਦਾ ਹਮਲਾ ਅਕਸਰ ਉਨ੍ਹਾਂ ਮਰੀਜ਼ਾਂ 'ਤੇ ਹੁੰਦਾ ਹੈ, ਜਿਨ੍ਹਾਂ ਦੀ ਸ਼ੂਗਰ ਕੰਟਰੋਲ ਤੋਂ ਬਾਹਰ ਹੈ ਅਤੇ ਉਹ ਆਪਣੇ ਤੌਰ 'ਤੇ ਡਾਕਟਰ ਦੀ ਸਲਾਹ ਤੋਂ ਬਿਨਾਂ ਸਟੀਰਾਇਡ ਵਰਗੀਆਂ ਤੇਜ਼ ਦਵਾਈਆਂ ਲੈ ਰਹੇ ਹਨ। ਪਾਰਸ ਹਸਪਤਾਲ ਦੇ ਜੀ.ਐਮ. (ਆਪਰੇਸ਼ਨਲ) ਡਾ. ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਬਲੈਕ ਫੰਗਸ ਦਾ ਕਾਰਨ ਕੋਈ ਵੀ ਹੋਵੇ, ਇਸ ਦਾ ਇਲਾਜ ਦਵਾਈਆਂ ਸਮੇਤ ਆਪਰੇਸ਼ਨ ਹੀ ਹੈ।
ਕੋਵਿਡ ਨਾਲ ਸਬੰਧਤ ਬਲੈਕ ਫੰਗਸ ਦੇ ਲੱਛਣ ਅਤੇ ਸੰਕੇਤ
1. ਨੱਕ ਵਿਚੋਂ ਬਦਬੂਦਾਰ ਰੇਸ਼ਾ ਨਿਕਲਣਾ
2. ਬਦਬੂਦਾਰ ਸਾਹ
3. ਨੱਕ, ਮੂੰਹ ਦੇ ਅੰਦਰਲੇ ਹਿੱਸੇ ਜਾਂ ਤਾਲੂਏ ਦਾ ਬਦਰੰਗ ਹੋਣਾ
4. ਦਰਦ ਨਾਲ ਜਾਂ ਬਿਨਾਂ ਦਰਦ ਦੇ ਦੰਦਾਂ ਦਾ ਹਿੱਲਣਾ
5. ਨੱਕ ਵਿਚ ਖੂਨ ਸਮੇਤ ਗਾੜ੍ਹਾ ਰੇਸ਼ਾ ਜੰਮਣਾ
6. ਅੱਖਾਂ ਵਿਚ ਲਾਲੀ ਅਤੇ ਪਲਕਾਂ ਦਾ ਡਿੱਗਣਾ
7. ਨਿਗ੍ਹਾ ਦਾ ਘਟਣਾ
8. ਸਿਰ ਭਾਰੀ ਹੋਣਾ ਜਾਂ ਸਿਰ ਦਰਦ
9. ਲਗਾਤਾਰ ਖਾਂਸੀ, ਬੁਖਾਰ ਜਾਂ ਸਾਹ ਲੈਣ 'ਚ ਤਕਲੀਫ਼