ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਕੁਤਾਹੀ: ਕੇਂਦਰੀ ਜਾਂਚ ਕਮੇਟੀ ਨੇ 13 ਅਧਿਕਾਰੀਆਂ ਤੋਂ ਕੀਤੀ ਪੁੱਛਗਿੱਛ, ਕਾਫਲੇ ਨੂੰ ਰੋਕਣ ਵਾਲੇ 150 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ
ਦੀਪਕ ਗਰਗ
ਫਿਰੋਜ਼ਪੁਰ 7 ਜਨਵਰੀ 2022-
5 ਜਨਵਰੀ ਨੂੰ ਪਿੰਡ ਪਿਆਰੇਆਣਾ ਵਿੱਚ ਹਾਈਵੇਅ ਜਾਮ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫ਼ਲੇ ਨੂੰ ਰੋਕਣ ਵਾਲੇ 150 ਅਣਪਛਾਤੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਥਾਣਾ ਕੁਲਗੜ੍ਹੀ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੁਲੀਸ ਨੂੰ ਪ੍ਰਦਰਸ਼ਨਕਾਰੀਆਂ ਦੇ ਆਗੂਆਂ ਦੇ ਨਾਂ ਪਤਾ ਹਨ। ਲੋੜ ਪੈਣ 'ਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਫਿਲਹਾਲ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਫਿਰੋਜ਼ਪੁਰ ਪੁੱਜੀ ਕੇਂਦਰੀ ਗ੍ਰਹਿ ਮੰਤਰਾਲੇ ਦੀ ਉੱਚ-ਪੱਧਰੀ ਕਮੇਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਦੇ ਸਬੰਧ ਵਿੱਚ ਸੀਨੀਅਰ ਪੁਲੀਸ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਹੈ। 5 ਜਨਵਰੀ ਨੂੰ ਫਿਰੋਜ਼ਪੁਰ-ਮੋਗਾ ਹਾਈਵੇ 'ਤੇ ਪਿੰਡ ਮਿਸ਼ਰੀ ਵਾਲਾ ਦੇ ਫਲਾਈਓਵਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ ਫਸ ਗਿਆ ਸੀ, ਜਿਸ ਦੌਰਾਨ ਟੀਮ ਮੈਂਬਰਾਂ ਨੇ ਪੁਲਸ ਅਧਿਕਾਰੀਆਂ ਨੂੰ ਬੁਲਾ ਕੇ ਜਾਂਚ ਕੀਤੀ ਹੈ।
ਉਕਤ ਟੀਮ ਵਿੱਚ ਕੈਬਨਿਟ ਸਕੱਤਰੇਤ ਦੇ ਸਕੱਤਰ (ਸੁਰੱਖਿਆ) ਸੁਧੀਰ ਕੁਮਾਰ ਸਕਸੈਨਾ, ਆਈਬੀ ਦੇ ਜੁਆਇੰਟ ਡਾਇਰੈਕਟਰ ਬਲਬੀਰ ਸਿੰਘ ਅਤੇ ਐਸਪੀਜੀ ਦੇ ਇੰਸਪੈਕਟਰ ਜਨਰਲ ਐਸ ਸੁਰੇਸ਼ ਸ਼ਾਮਲ ਸਨ। ਇਸ ਤੋਂ ਬਾਅਦ ਟੀਮ ਬੀਐਸਐਫ ਕੈਂਪ ਪਹੁੰਚੀ ਅਤੇ ਉਥੇ ਉਸ ਦਿਨ ਪੀਐਮ ਕਾਫ਼ਲੇ ਦੇ ਰੂਟ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ।
ਸੂਤਰਾਂ ਅਨੁਸਾਰ ਦਿੱਲੀ ਤੋਂ ਫ਼ਿਰੋਜ਼ਪੁਰ ਪੁੱਜੀ ਕੇਂਦਰ ਦੀ ਟੀਮ ਸਿੱਧੀ ਉਸ ਥਾਂ 'ਤੇ ਪਹੁੰਚ ਗਈ, ਜਿੱਥੇ 5 ਜਨਵਰੀ ਨੂੰ ਪ੍ਰਦਰਸ਼ਨਕਾਰੀਆਂ ਕਾਰਨ ਪਿੰਡ ਮਿਸ਼ਰੀ ਵਾਲਾ ਦੇ ਫਲਾਈਓਵਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫ਼ਲਾ 20 ਮਿੰਟ ਤੱਕ ਫਸਿਆ ਰਿਹਾ | ਟੀਮ ਨੇ ਉਕਤ ਪੁਲ ਦੇ ਆਲੇ-ਦੁਆਲੇ ਦੇ ਇਲਾਕੇ ਦੀ ਜਾਣਕਾਰੀ ਇਕੱਠੀ ਕੀਤੀ ਹੈ। ਇਹ ਵੀ ਦੇਖਿਆ ਗਿਆ ਹੈ ਕਿ ਇੱਥੇ ਕਿਹੜੇ ਕਿਹੜੇ ਪਿੰਡ ਵਸਦੇ ਹਨ। ਇਲਾਕਾ ਕਿਹੋ ਜਿਹਾ ਹੈ? ਇਸ ਦੇ ਨਾਲ ਹੀ ਇਹ ਵੀ ਦੇਖਿਆ ਗਿਆ ਕਿ ਪ੍ਰਧਾਨ ਮੰਤਰੀ ਦਾ ਕਾਫਲਾ ਪ੍ਰਦਰਸ਼ਨਕਾਰੀਆਂ ਤੋਂ ਕਿੰਨੀ ਦੂਰ ਸੀ, ਉਸ ਰਸਤੇ 'ਤੇ ਕਿੰਨੇ ਪੁਲਿਸ ਮੁਲਾਜ਼ਮ ਤਾਇਨਾਤ ਸਨ।
ਇੰਨਾ ਹੀ ਨਹੀਂ ਉਸ ਫਲਾਈਓਵਰ ਤੋਂ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਕਿੰਨੀ ਦੂਰ ਹੈ। ਕਮੇਟੀ ਦੇ ਮੈਂਬਰ ਪਿੰਡ ਪਿਆਰੇਆਣਾ ਪੁੱਜੇ, ਜਿੱਥੇ ਧਰਨਾਕਾਰੀਆਂ ਨੇ ਸੜਕ ਜਾਮ ਕਰ ਦਿੱਤੀ। ਇਸ ਤੋਂ ਬਾਅਦ ਟੀਮ ਦੇ ਮੈਂਬਰ ਫਿਰੋਜ਼ਪੁਰ-ਮੋਗਾ ਰੋਡ 'ਤੇ ਸਥਿਤ ਬੀ.ਐਸ.ਐਫ ਕੈਂਪ 'ਚ ਪੁੱਜੇ, ਜਿੱਥੇ ਸੀਨੀਅਰ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਬੁਲਾਇਆ ਗਿਆ।
ਟੀਮ ਨੇ ਉਨ੍ਹਾਂ ਪੁਲਿਸ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਜੋ ਉਸ ਦਿਨ ਪੀਐਮ ਕਾਫਲੇ ਦੇ ਰੂਟ 'ਤੇ ਤਾਇਨਾਤ ਸਨ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦੇਖ ਰਹੇ ਏਡੀਜੀਪੀ (ਲਾਅ ਐਂਡ ਆਰਡਰ) ਨਾਗੇਸ਼ਵਰ ਰਾਓ ਅਤੇ ਡੀਜੀਪੀ ਪੱਧਰ ਦੇ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਟੀਮ ਨੇ ਫਿਰੋਜ਼ਪੁਰ ਦੇ ਡੀਆਈਜੀ ਇੰਦਰਬੀਰ ਸਿੰਘ ਅਤੇ ਐਸਐਸਪੀ ਫਿਰੋਜ਼ਪੁਰ ਹਰਮਨਦੀਪ ਸਿੰਘ ਨੂੰ ਜਾਂਚ ਲਈ ਬੁਲਾਇਆ ਸੀ।
ਟੀਮ ਨੇ ਫਿਰੋਜ਼ਪੁਰ ਦੇ ਡੀਆਈਜੀ ਇੰਦਰਬੀਰ ਸਿੰਘ ਅਤੇ ਐਸਐਸਪੀ ਫਿਰੋਜ਼ਪੁਰ ਹਰਮਨਦੀਪ ਸਿੰਘ ਨੂੰ ਜਾਂਚ ਲਈ ਬੁਲਾਇਆ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਟੀਮ ਤਿੰਨ ਦਿਨਾਂ ਵਿੱਚ ਗ੍ਰਹਿ ਮੰਤਰਾਲੇ ਨੂੰ ਆਪਣੀ ਰਿਪੋਰਟ ਸੌਂਪੇਗੀ। 13 ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਹੈ, ਕਿਉਂਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਵੱਡੀ ਕੁਤਾਹੀ ਹੋਈ ਹੈ।
ਜਾਂਚ ਲਈ ਬੁਲਾਏ ਗਏ ਅਧਿਕਾਰੀਆਂ ਦੇ ਨਾਵਾਂ ਦੀ ਸੂਚੀ
ਡੀਜੀਪੀ ਸਿਧਾਰਥ ਚਟੋਪਾਧਿਆਏ
ਏਡੀਜੀਪੀ ਲਾਅ ਐਂਡ ਆਰਡਰ ਨਾਗੇਸ਼ਵਰ ਰਾਓ
ਏਡੀਜੀਪੀ ਜਤਿੰਦਰ ਜੈਨ
ਆਈਜੀਪੀ ਪਟਿਆਲਾ ਮੁਖਵਿੰਦਰ ਸਿੰਘ ਚੀਨਾ
ਡੀਆਈਜੀ ਫਿਰੋਜ਼ਪੁਰ ਇੰਦਰਬੀਰ ਸਿੰਘ
ਡੀਸੀ ਫਿਰੋਜ਼ਪੁਰ ਦਵਿੰਦਰ ਸਿੰਘ
ਐਸਐਸਪੀ ਫਿਰੋਜ਼ਪੁਰ ਹਰਮਨਦੀਪ ਸਿੰਘ
ਐਸਐਸਪੀ ਮੋਗਾ ਚਰਨਜੀਤ ਸਿੰਘ
ਡਿਊਟੀ ਮੈਜਿਸਟਰੇਟ ਕੋਟਕਪੂਰਾ, ਵਰਿੰਦਰ ਸਿੰਘ
ਸੰਯੁਕਤ ਕਮਿਸ਼ਨਰ ਲੁਧਿਆਣਾ ਅੰਕੁਰ ਮਹਿੰਦਰੂ
ਡੀਸੀ ਬਠਿੰਡਾ ਏਪੀਐਸ ਸੰਧੂ
ਐਸਐਸਪੀ ਬਠਿੰਡਾ ਅਜੇ ਮਲੂਜਾ
ਫ਼ਿਰੋਜ਼ਪੁਰ ਪੁਲਿਸ ਕੰਟਰੋਲ ਇੰਚਾਰਜ