ਫਿਰੋਜ਼ਪੁਰ ਵਿੱਚ ਜੋ ਵੀ ਹੋਇਆ ਉਸ ਬਾਰੇ ਪ੍ਰਿਅੰਕਾ ਨੂੰ ਜਾਣਕਾਰੀ ਦਿੱਤੀ': ਪੀ ਐਮ ਦੀ ਸੁਰੱਖਿਆ ਉਲੰਘਣਾ ਨੂੰ ਲੈ ਕੇ ਵਿਵਾਦ ਦਰਮਿਆਨ ਬੋਲੇ ਚੰਨੀ
- ਪ੍ਰਧਾਨ ਮੰਤਰੀ ਕੋਈ ਨਵੀਂ ਸੌਗਾਤ ਨਹੀਂ ਲਿਆਏ ਸੀ, ਸਭ ਪਹਿਲਾਂ ਤੋਂ ਚਲ ਰਹੇ ਪ੍ਰੋਜੈਕਟ, ਜੇਕਰ ਇੱਥੇ ਰੈਲੀ ਚ ਇਕੱਠ ਨਹੀਂ ਹੋਇਆ ਤਾਂ ਦਿੱਲੀ ਜਾਕੇ ਕਰ ਦਿੰਦੇ ਐਲਾਨ
- ਗੁਜਰਾਤ ਵਿੱਚ ਖਤਰਾ ਨਹੀਂ ਵਾਰਾਨਸੀ ਚ ਖਤਰਾ ਨਹੀਂ ਫੇਰ ਪੰਜਾਬ ਵਿੱਚ ਕੀ ਖਤਰਾ ਸੀ
ਦੀਪਕ ਗਰਗ
ਕੋਟਕਪੂਰਾ 8 ਜਨਵਰੀ 2022 - ਪੰਜਾਬ 'ਚ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਕੁਤਾਹੀ ਦੇ ਮਾਮਲੇ 'ਤੇ ਸਿਆਸਤ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੁਣ ਪ੍ਰਧਾਨ ਮੰਤਰੀ ਨੂੰ ਹੱਥ ਜੋੜ ਕੇ ਪੁੱਛਿਆ ਹੈ ਕਿ ਅਖੀਰ ਉਨ੍ਹਾਂ ਦੀ ਸੁਰੱਖਿਆ ਨੂੰ ਖ਼ਤਰਾ ਕੀ ਸੀ?
ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਚੰਨੀ ਨੇ ਕਿਹਾ, ''ਮੈਂ ਇਹ ਕਹਿ ਕਹਿ ਕੇ ਥੱਕ ਗਿਆ ਹਾਂ ਕਿ ਸੁਰੱਖਿਆ ਨੂੰ ਖਤਰਾ ਕੀ ਸੀ, ਪ੍ਰਧਾਨ ਮੰਤਰੀ ਜੀ? ਮੈਂ ਮਹਾਮਰਿਤੁੰਜੇ ਦਾ ਪਾਠ ਕਰਵਾ ਦਿੰਦਾ ਹਾਂ... ਤੁਸੀਂ ਕੀ ਗੱਲ ਕਰ ਰਹੇ ਹੋ? ਡਰ ਕਿੱਥੇ ਸੀ? ਕੋਈ ਵੀ ਪ੍ਰਦਰਸ਼ਨਕਾਰੀ ਇੱਕ ਕਿਲੋਮੀਟਰ ਤੱਕ ਪ੍ਰਧਾਨ ਮੰਤਰੀ ਦੇ ਨੇੜੇ ਨਹੀਂ ਸੀ। ਪ੍ਰਧਾਨ ਮੰਤਰੀ ਜਿੱਥੇ ਜਾਂਦੇ ਹਨ, 6000 ਸੁਰੱਖਿਆ ਕਰਮਚਾਰੀ ਉਨ੍ਹਾਂ ਨਾਲ ਆਉਂਦੇ ਹਨ। ਆਈਬੀ ਹੈ, ਐਸਪੀਜੀ ਹੈ। ਗੁਜਰਾਤ ਵਿੱਚ ਇਨ੍ਹਾਂ ਨੂੰ ਲੋਕ ਰੋਕਦੇ ਹਨ ਤਾਂ ਕੋਈ ਖਤਰਾ ਨਹੀਂ ਵਾਰਾਨਸੀ ਚ ਰੋਕਦੇ ਹਨ ਤਾਂ ਕੋਈ ਖਤਰਾ ਨਹੀਂ ਫੇਰ ਇਥੇ ਕੀ ਖਤਰਾ ਸੀ ਇਥੇ ਤਾਂ ਲੋਕ ਦੂਰ ਹੀ ਸਨ ਅਤੇ ਪਾਸੇ ਵੀ ਹੱਟ ਗਏ।
ਮੁਖਮੰਤਰੀ ਬੋਲੇ ਪੁਲਵਾਮਾ ਵਿੱਚ ਸਾਡੇ ਹੀ ਲੋਕ ਸ਼ਹੀਦ ਹੋਏ ਅਤੇ ਸਾਡੇ ਪ੍ਰਧਾਨਮੰਤਰੀ ਹੀਰੋ ਬਣੇ
ਸੁਰੱਖਿਆ 'ਚ ਕੁਤਾਹੀ 'ਤੇ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਚੰਗੀ ਗੱਲ ਹੈ ਕਿ ਉਸ ਦਿਨ ਕੀ ਹੋਇਆ, ਇਸ 'ਚ ਕਸੂਰ ਕਿਸ ਦਾ ਸੀ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਕਿਸ ਨੂੰ ਝੱਲਣੀ ਪਈ, ਇਸ ਦਾ ਪਤਾ ਲੱਗ ਸਕੇਗਾ। ਚੰਨੀ ਨੇ ਕਿਹਾ ਕਿ ਅਸੀਂ ਜੋ ਜਾਂਚ ਕਮੇਟੀ ਬਣਾਈ ਸੀ, ਉਸ 'ਤੇ ਸਵਾਲ ਉਠਾਏ ਜਾ ਰਹੇ ਹਨ। ਸੁਪਰੀਮ ਕੋਰਟ ਨੇ ਜਾਂਚ ਰੋਕ ਕੇ ਸਹੀ ਕੰਮ ਕੀਤਾ ਹੈ।
ਉਨ੍ਹਾਂ ਇਸ ਪਿੱਛੇ ਕਿਸੇ ਵੀ ਸੁਰੱਖਿਆ ਵਿੱਚ ਕਮੀ ਜਾਂ ਸਿਆਸੀ ਉਦੇਸ਼ ਹੋਣ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਜਾਂਚ ਲਈ ਤਿਆਰ ਹੈ।
ਪੀਐਮ ਮੋਦੀ 42,750 ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਲਈ ਪੰਜਾਬ ਦੇ ਫ਼ਿਰੋਜ਼ਪੁਰ ਪਹੁੰਚ ਰਹੇ ਸ਼ਨ। ਇਸ ਬਾਰੇ ਮੁੱਖਮੰਤਰੀ ਚੰਨੀ ਨੇ ਦਾਅਵਾ ਕੀਤਾ ਕਿ ਇਹ ਸਾਰੇ ਪ੍ਰੋਜੈਕਟ ਤਾਂ ਪਹਿਲਾਂ ਹੀ ਪਾਸ ਹੋ ਚੂਕੇ ਸਨ। ਇਨ੍ਹਾਂ ਤੇ ਕੰਮ ਚੱਲ ਰਿਹਾ ਸੀ। ਉਹ ਪੰਜਾਬ ਨੂੰ ਨਵੀਂ ਕੀ ਸੌਗਾਤ ਦੇਣ ਵਾਲੇ ਸਨ। ਫਿਰੋਜ਼ਪੁਰ ਚ ਪੀਜੀਆਈ ਤਾਂ ਬਣ ਚੁੱਕੀ ਹੈ। ਜੇਕਰ ਰੈਲੀ ਵਿੱਚ ਇੱਕਠ ਨਹੀਂ ਸੀ ਤਾਂ ਬਾਅਦ ਵਿੱਚ ਕਿਸਨੇ ਰੋਕਿਆ ਸੀ ਦਿੱਲੀ ਜਾਕੇ ਐਲਾਨ ਕਰ ਦਿੰਦੇ।
ਇਸ ਤੋਂ ਪਹਿਲਾਂ ਏਐਨਆਈ ਨੇ ਸੀਐਮ ਚੰਨੀ ਦੇ ਹਵਾਲੇ ਨਾਲ ਕਿਹਾ, "ਇੱਥੇ ਪ੍ਰਧਾਨ ਮੰਤਰੀ ਨੂੰ ਕੋਈ ਖ਼ਤਰਾ ਨਹੀਂ ਸੀ। ਉਹ ਪੂਰੀ ਤਰ੍ਹਾਂ ਸੁਰੱਖਿਅਤ ਸਨ। ਕੋਈ ਵੀ ਉਨ੍ਹਾਂ ਦੇ ਨੇੜੇ ਨਹੀਂ ਗਿਆ... ਮੇਰੀ ਪ੍ਰਿਯੰਕਾ ਗਾਂਧੀ ਜੀ ਨਾਲ ਗੱਲਬਾਤ ਹੋਈ ਸੀ ਅਤੇ ਮੈਂ ਉਨ੍ਹਾਂ ਨੂੰ ਇੱਥੇ ਜੋ ਵੀ ਹੋਇਆ ਸੀ, ਉਸ ਬਾਰੇ ਜਾਣਕਾਰੀ ਦੇ ਦਿੱਤੀ ਸੀ।