ਬਾਦਲ ਨੇ ਕੀਤੀ ਢੀਂਡਸਾ ਨਾਲ ਮੁਲਾਕਾਤ -ਪੜ੍ਹੋ ਕੀ ਨਿਕਲਿਆ ਨਤੀਜਾ ?
ਚੰਡੀਗੜ੍ਹ , 13 ਅਕਤੂਬਰ , 2018 : ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਰਪ੍ਰਸਤ ਸ ਪ੍ਰਕਾਸ਼ ਸਿੰਘ ਬਾਦਲ ਨੇ ਕਈ ਦਿਨਾਂ ਦੇ ਯਤਨ ਤੋਂ ਬਾਅਦ ਆਖ਼ਰ ਸੁਖਦੇਵ ਸਿੰਘ ਢੀਂਡਸਾ ਨਾਲ ਮੁਲਾਕਾਤ ਕਰ ਹੀ ਲਈ . ਬਾਬੂਸ਼ਾਹੀ ਡਾਟ ਕਾਮ ਦੇ ਭਰੋਸੇਯੋਗ ਸੂਤਰਾਂ ਅਨੁਸਾਰ ਸ ਬਾਦਲ ਨੇ ਢੀਂਡਸਾ ਨੂੰ ਅਹੁਦਿਆਂ ਤੋਂ ਦਿੱਤਾ ਆਪਣਾ ਅਸਤੀਫ਼ਾ ਵਾਪਸ ਲੈਣ ਲਈ ਮਨਾਉਣ ਦਾ ਯਤਨ ਕੀਤਾ ਪਰ ਅੱਗੋਂ ਸ. ਢੀਂਡਸਾ ਨਹੀਂ ਮੰਨੇ . ਉਨ੍ਹਾਂ ਆਪਣੀ ਸਿਹਤ ਦਾ ਹਵਾਲਾ ਦੇਕੇ ਅਹੁਦਿਆਂ ਤੇ ਰਹਿ ਕੇ ਸਰਗਰਮ ਰਾਜਨੀਤੀ ਤੋਂ ਪਾਸੇ ਰਹਿਣ ਦੇ ਆਪਣੇ ਫ਼ੈਸਲੇ ਤੇ ਕਾਇਮ ਰਹਿਣ ਦਾ ਇਰਾਦਾ ਜ਼ਾਹਿਰ ਕੀਤਾ .
ਇਹ ਵੀ ਜਾਣਕਾਰੀ ਮਿਲੀ ਹੈ ਸ ਬਾਦਲ 12 ਅਕਤੂਬਰ ਸ਼ਾਮ ਨੂੰ ਖ਼ੁਦ ਢੀਂਡਸਾ ਦੇ ਚੰਡੀਗੜ੍ਹ ਵਿਚਲੀ ਰਿਹਾਇਸ਼ ਪੁੱਜੇ .
ਉਹ ਲਗਭਗ ਅੱਧਾ ਘੰਟਾ ਸ. ਢੀਂਡਸਾ ਦੇ ਘਰ ਰਹੇ .
ਦੋਹਾਂ ਵਿਚਕਾਰ ਹੋਰ ਕੀ ਗੱਲਬਾਤ ਹੋਈ ਇਸ ਦਾ ਵੇਰਵਾ ਨਹੀਂ ਮਿਲ ਸਕਿਆ .
ਬਾਬੂਸ਼ਾਹੀ ਦੇ ਜਾਣਕਾਰੀ ਅਨੁਸਾਰ , ਸ ਬਾਦਲ ਪਿਛਲੇ ਕਈ ਦਿਨਾਂ ਤੋਂ ਸ ਢੀਂਡਸਾ ਨੂੰ ਮਿਲਣ ਦੇ ਯਤਨ ਵਿਚ ਸਨ .