ਬਾਗ਼ੀ ਮਝੈਲਾਂ ਨੇ ਕੀਤਾ ਨਵੇਂ ਅਕਾਲੀ ਦਲ ਦੇ ਗਠਨ ਦਾ ਐਲਾਨ , ਬ੍ਰਹਮਪੁਰਾ ਹੋਣਗੇ ਪ੍ਰਧਾਨ
ਪਾਰਟੀ ਦਾ ਨਾਂ ਹੋਵੇਗਾ ਸ਼ਿਰੋਮਣੀ ਅਕਾਲੀ ਦਲ ( ਟਕਸਾਲੀ )
ਅਕਾਲੀ ਤਖ਼ਤ ਤੇ ਨਤਮਸਤਕ ਹੋ ਕੇ ਕੀਤਾ ਐਲਾਨ
ਵੇਰਵੇ ਲਈ ਹੇਠ ਲਿਖੇ ਲਿੰਕ ਤੇ ਕਲਿੱਕ ਕਰੋ :
ਨਵੀਂ ਪਾਰਟੀ ਦੇ ਐਲਾਨ ਮੌਕੇ ਤਿੰਨਾਂ ਸੀਨੀਅਰ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ , ਸੇਵਾ ਸਿੰਘ ਸੇਖਵਾਂ ਅਤੇ ਡਾ ਰਤਨ ਸਿੰਘ ਅਜਨਾਲਾ ਵੱਲੋਂ ਜਾਰੀ ਕੀਤੇ ਬਿਆਨ ਦਾ ਮੂਲ ਇਸ ਪ੍ਰਕਾਰ ਹੈ :
ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਸ. ਪਰਕਾਸ਼ ਸਿੰਘ ਬਾਦਲ ਪਰਿਵਾਰ ਦੇ ਏਕਾਧਿਕਾਰ ਅਤੇ ਨਿਰਕੁੰਸ਼ਤਾ ਤੋਂ ਆਜ਼ਾਦ ਕਰਵਾਉਣ ਲਈ ਇਸ ਨੂੰ ਮੁੜ ਉਹਨਾਂ ਮਹਾਨ ਸਿਧਾਂਤਾਂ ਅਤੇ ਕੌਮੀ ਰੂਪ ਰੇਖਾ ਅਨੁਸਾਰ ਸਥਾਪਿਤ ਕਰਨ ਜਾ ਰਹੇ ਹਾਂ ਜਿਸ ਦੀ ਸਥਾਪਨਾ ਸਾਡੇ ਸਤਿਕਾਰਯੋਗ ਦੂਰਅੰਦੇਸ਼ ਪੁਰਖਿਆਂ ਨੇ ੧੪ ਦਸੰਬਰ, ੧੯੨੦ ਨੂੰ ਕੀਤੀ ਸੀ । ਇਹ ਉਹ ਸ਼੍ਰੋਮਣੀ ਅਕਾਲੀ ਦਲ ਹੋਵੇਗਾ ਜੋ ਸਿੱਖ ਪੰਥ ਅਤੇ ਸਮੂਹ ਸਬੰਧਿਤ ਧਿਰਾਂ ਦੀਆਂ ਧਾਰਮਿਕ, ਰਾਜਨੀਤਿਕ, ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਰੀਝਾਂ, ਆਸ਼ਾਵਾਂ ਅਤੇ ਅਭਿਲਾਸ਼ਾਵਾਂ ਦੀ ਪ੍ਰਾਪਤੀ ਅਤੇ ਪੂਰਤੀ ਦਾ ਪ੍ਰਤੀਕ ਹੋਵੇਗਾ।
ਇਸ ਸ਼ਾਨਾਮੱਤੇ, ਅਜ਼ੀਮ ਕੁਰਬਾਨੀਆਂ ਦੇ ਲਖਾਇਕ ਸ਼੍ਰੋਮਣੀ ਅਕਾਲੀ ਦਲ, ਜਿਸ ਨੇ ਦੇਸ਼ ਦੀ ਆਜ਼ਾਦੀ ਲਈ ਮੁਹਰੀ ਭੂਮਿਕਾ ਨਿਭਾਈ, ਦੇਸ਼ ਅਜ਼ਾਦੀ ਬਾਅਦ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਸਫਲ ਮੋਰਚੇ ਲਗਾਏ, ਪੰਜਾਬ ਨੂੰ ਪ੍ਰੋਗਰੈਸਿਵ ਸਰਕਾਰਾਂ ਅਤੇ ਸ਼ਾਸ਼ਨ ਪ੍ਰਦਾਨ ਕਰਕੇ ਦੇਸ਼ ਦਾ ਨੰ. ਇੱਕ ਰਾਜ ਬਣਾਇਆ। ਲੇਕਿਨ ਇਸ ਕਾਂਗਰਸ ਪਾਰਟੀ ਤੋਂ ਬਾਅਦ ਦੂਸਰੇ ਪੁਰਾਣੇ ਰਾਜਨੀਤਿਕ ਦਲ ਦਾ ਪ੍ਰੋਗਰੈਸਿਵ, ਗੁਰਮਤਿ ਆਸ਼ੇ ਵਿੱਚ ਪ੍ਰਪੱਕਤਾ ਅਤੇ ਸਿੱਖ ਪੰਥ ਅਤੇ ਸਮੂਹ ਪੰਜਾਬੀਆਂ ਨਿਰਸੁਆਰਥ ਤੌਰ ਤੇ ਸਮਰਪਿਤ ਮੁਹਾਂਦਰਾ ਉਸ ਦਿਨ ਤੋਂ ਬਦਸੂਰਤ ਹੋਣਾ ਸ਼ੁਰੂ ਹੋ ਗਿਆ ਜਦੋਂ ਉਹ ਬਾਦਲ ਪਰਿਵਾਰ ਦੇ ਏਕਾਧਿਕਾਰ ਅਤੇ ਨਿਰਕੁੰਸ਼ਤਾ ਦਾ ਗੋਲਾ ਬਣ ਗਿਆ।
ਬਾਦਲ ਪਰਿਵਾਰ ਦੇ ਏਕਾਧਿਕਾਰ, ਨਿਰਕੁੰਸ਼ਤਾ, ਅਤਿ ਦੇ ਭ੍ਰਿਸ਼ਟਾਚਾਰ ਅਤੇ ਹੰਕਾਰ ਨੇ ਇਸ ਪੰਥਕ ਰਾਜਨੀਤਿਕ ਦਲ ਦੇ ਨਾਲ-ਨਾਲ ਵਿਸ਼ਵ ਅੰਦਰ ਸਿੱਖਾਂ ਦੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਮਹਾਨ ਧਾਰਮਿਕ ਸੰਸਥਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਪੂਰੀ ਤਰਾਂ੍ਹ ਆਪਣੀ ਦਾਸੀ ਬਣਾ ਲਿਆ। ਜਿਸ ਦੀ ਤਾਜ਼ਾ ਮੂੰਹ ਬੋਲਦੀ ਮਿਸਾਲ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਮਹਾਂ ਘੁਟਾਲਾ ਹੈ।'ਗੁਰੂ ਦੀ ਗੋਲਕ, ਗਰੀਬ ਦੇ ਮੂੰਹ' ਨੂੰ ਆਪਣਾ ਨਿਜੀ ਖਜਾਨਾ ਬਣਾ ਲਿਆ। ਸ਼੍ਰੀ ਅਕਾਲ ਤਖਤ ਸਾਹਿਬ ਅਤੇ ਦੂਸਰੇ ਤਖਤਾਂ ਦੇ ਸਿੰਘ ਸਾਹਿਬਾਨਾਂ ਨੂੰ ਆਪਣੇ ਦਰ ਤੇ ਖੜ੍ਹੇ ਰਹਿਣ ਵਾਲੇ ਦਾਸਰੇ ਬਣਾ ਕੇ ਇਨਾਂ੍ਹ ਮਹਾਨ ਪੰਥਕ ਸੰਸਥਾਵਾਂ ਨੂੰ ਆਪਣੀ ਏਕਾਧਿਕਾਰਵਾਦੀ, ਨਿਰਕੁੰਸ਼ ਅਤੇ ਹੰਕਾਰ ਭਰੀ ਰਾਜਨੀਤਿਕ ਬੇਅਦਬੀ ਦਾ ਸ਼ਿਕਾਰ ਬਣਾਇਆ।
ਜੋ ਵੀ ਰਾਜਨੀਤਿਕ ਜਾਂ ਧਾਰਮਿਕ ਆਗੂ ਉਨਾਂ੍ਹ ਦੀ ਤਾਨਾਸ਼ਾਹੀ ਕਾਰਗੁਜ਼ਾਰੀ ਨੂੰ ਚੁਣੌਤੀ ਦੇਣ ਦੀ ਹਿੰਮਤ ਜੁਟਾਉਂਦਾ, ਉਸਦਾ ਰਾਜਨੀਤਿਕ ਸਿਰ, ਰੁਤਬਾ, ਵਜੂਦ ਕਲਮ ਕਰ ਦਿੱਤਾ ਜਾਂਦਾ। ਸਾਡੇ ਨਾਲ ਵੀ ਬਾਦਲ ਪਰਿਵਾਰ ਨੇ ਅਜਿਹਾ ਕਰਨ ਦੀ ਹਮਾਕਤ ਕੀਤੀ ਹੈ।
ਲੇਕਿਨ ਸਚਾਈ ਇਹ ਹੈ ਕਿ ਸਥਾਪਿਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਜੋ ਰਾਜਨੀਤਿਕ, ਧਾਰਮਿਕ ਅਤੇ ਸੱਭਿਆਚਾਰਕ ਤੌਰ ਤੇ ਸਿੱਖ ਪੰਥ ਦਾ ਘਾਣ ਕੀਤਾ ਹੈ ਉਸ ਨੂੰ ਨਾਂ ਤਾਂ ਦੇਸ਼-ਵਿਦੇਸ਼ ਵਸਦੀ ਸਮੂਹ ਸਿੱਖ ਸੰਗਤ ਅਤੇ ਨਾਂ ਹੀ ਸਾਡਾ ਇਹ ਸ਼੍ਰੋਮਣੀ ਅਕਾਲੀ ਦਲ ਮੁਆਫ ਕਰੇਗਾ। ਜੋ ਗਲਤੀਆਂ ਅਤੇ ਬੇਵਕੂਫੀਆਂ ਸੱਤਾ ਅਤੇ ਹੰਕਾਰ ਦੇ ਨਸ਼ੇ ਵਿੱਚ ਇਸ ਦਲ ਦੇ ਸਿਰਮੌਰ ਆਗੂਆਂ ਨੇ ਕੀਤੀਆਂ ਹਨ ਉਹਨਾਂ ਲਈ ਉਹ ਹੁਣ ਖਾਮਿਆਜ਼ਾ ਭੁਗਤਣ ਲਈ ਤਿਆਰ ਰਹਿਣ । ਕੋਈ ਸੱਚਾ ਸਿੱਖ ਅਤੇ ਪੰਜਾਬੀ ਸੌਦਾ ਸਾਧ ਦੀ ਮੁਆਫੀ, ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੀ ਸਿੱਖ ਸੰਗਤ ਤੇ ਜਰਨਲ ਡਾਇਰ ਵਾਂਗ ਜਾਲਮਾਨਾ ਤਰੀਕੇ ਨਾਲ ਕੀਤੀ ਗੋਲੀਬਾਰੀ ਜਿਸ ਵਿੱਚ ੨ ਸਿੱਖ ਨੌਜਵਾਨ ਸ਼ਹੀਦ ਹੋ ਗਏ ਅਤੇ ਅਨੇਕਾਂ ਸਿੱਖ ਜਖਮੀ ਹੋ ਗਏ ਨੂੰ ਸਹਿਣ ਨਹੀ ਕਰ ਸਕਦਾ। ਇਹ ਅਕਾਲੀ ਦਲ ਇਹਨਾਂ ਪਾਪਾਂ ਦੇ ਭਾਗੀਦਾਰਾਂ ਅਤੇ ਜੁੰਮੇਵਾਰਾਂ ਨੂੰ ਬਣਦੀਆਂ ਸਜ਼ਾਵਾਂ ਤੱਕ ਅੰਜਾਮ ਦੇਵੇਗਾ। ਇਸ ਲਈ ਅਸੀਂ ਸਿੱਖ ਸੰਗਤ ਅਤੇ ਦੇਸ਼ ਦੀ ਅਦਾਲਤ ਵਿੱਚ ਜਾਵਾਂਗੇ।
ਅਸੀਂ ਆਪਣੇ ਗੁਰੂਆਂ ਅਤੇ ਸਿਰਲੱਥ ਯੋਧਿਆਂ ਦੇ ਜਾਹੋਜਲਾਲ, ਨਿਡਰਤਾ, ਤੇਜਪ੍ਰਤਾਪ, ਪ੍ਰਤਿਭਾਸ਼ਾਲੀ ਦੂਰਅੰਦੇਸ਼ ਉਪਦੇਸ਼ਾਂ ਅਤੇ ਕਰਮਸ਼ੀਲਤਾ ਦਾ ਓਟ-ਆਸਰਾ ਲੈ ਕੇ ਇਸ ਬਾਦਲ ਪਰਿਵਾਰ ਦੇ ਏਕਾਧਿਕਾਰ ਅਤੇ ਨਿਰਕੁੰਸ਼ਤਾ ਤੋਂ ਇਹਨਾਂ ਮਹਾਨ ਸੰਸਥਾਵਾਂ ਨੂੰ ਆਜ਼ਾਦ ਕਰਵਾਉਣ ਲਈ ਸਿੱਖ ਪੰਥ, ਸੰਗਤ ਅਤੇ ਦੇਸ਼-ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਸਾਹਮਣੇ ਰੂ-ਬ-ਰੂ ਹਾਂ।
ਆਉ ਸਿਰਲੱਥ ਖਾਲਸਾ ਜੀ ਅਤੇ ਨਿਡਰ ਪੰਜਾਬੀ ਸੂਰਮਿਉਂ, ਅੱਜ ਇਹ ਸੰਕਲਪ ਲਈਏ:
"ਕਦੇ ਨਾ ਰੁਕ ਕੇ ਕੰਡਾ ਕੱਢਿਆ, ਜ਼ਖਮ ਕਦੇ ਨਾ ਸੀਤਾ ਮੈਂ,
ਕਦੇ ਨਾ ਪਿੱਛੇ ਮੁੜ ਕੇ ਤੱਕਿਆ, ਕੂਚ ਜਦੋਂ ਵੀ ਕੀਤਾ ਮੈਂ"
ਪਿਆਰੇ ਖਾਲਸਾ ਜੀ ਸਤਿਕਾਰਤ ਪੰਜਾਬੀਉ, ਅਸੀਂ ਮੋਟੇ ਤੌਰ ਤੇ ਇੱਕ ਐਸਾ ਸ਼੍ਰੋਮਣੀ ਅਕਾਲੀ ਦਲ ਗਠਨ ਕਰਨ ਦਾ ਇਸ ਅਲੌਕਿਕ ਅਜ਼ੀਮ ਸੰਸਥਾ, ਸ਼੍ਰੀ ਅਕਾਲ ਤਖਤ ਸਾਹਿਬ ਦਾ aਟ-ਆਸਰਾ ਲੈ ਕੇ ਪ੍ਰਣ ਕਰ ਰਹੇ ਹਾਂ ਜਿਸ ਦਾ ਨਾਮਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਹੋਵੇਗਾ ਅਤੇ ਜੋ ਸਮੂਹ ਪੰਥ ਅਤੇ ਪੰਜਾਬੀਆਂ ਦੇ ਪਵਿੱਤਰ ਹੱਕਾਂ ਅਤੇ ਹਿਤਾਂ ਦੀ ਰਾਖੀ ਕਰਦਾ ਉਨਾਂ੍ਹ ਨੂੰ ਉਹ ਮੂਲ-ਢਾਂਚਾ, ਮੁੱਖ-ਸਾਧਨ ਅਤੇ ਲੋੜੀਂਦਾ ਤਾਣਾ-ਬਾਣਾ ਮੁਹੱਈਆ ਕਰਵਾਏਗਾ ਜਿਸਦੀ ਹਰ ਆਧੁਨਿਕ ਵਿਅਕਤੀ ਇੱਛਾ ਰੱਖਦਾ ਹੈ।
ਇਹ ਅਕਾਲੀ ਦਲ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਨਿਰੋਲ ਧਰਮੀ ਅਤੇ ਧਾਰਮਿਕ ਵਿਸ਼ਿਆਂ ਤੱਕ ਸੀਮਿਤ ਕਰੇਗਾ। ਇਸਦਾ ਉਮੀਦਵਾਰ ਜਾਂ ਮੈਂਬਰ ਰਾਜ ਅਸੈਂਬਲੀ ਜਾਂ ਪਾਰਲੀਮੈਂਟ ਲਈ ਉਮੀਦਵਾਰ ਨਹੀਂ ਬਣਾਇਆ ਜਾਵੇਗਾ। ਇਹ ਪੱਕੇ ਤੌਰ ਤੇ ਨਿਰੋਲ ਖੁਦਮੁਖਤਾਰ ਸੰਸਥਾ ਵਜੋਂੇ ਵਿਚਰੇਗੀ। ਇਸ ਦੇ ਕੋ-ਆਪਟ ਮੈਂਬਰਾਂ ਵਿੱਚ ਵਿਦੇਸ਼ੀ ਸਿੱਖਾਂ ਨੂੰ ਵੀ ਪ੍ਰਤੀਨਿਧਤਾ ਦਿੱਤੀ ਜਾਵੇਗੀ। ਸ਼੍ਰੀ ਅਕਾਲ ਤਖਤ ਸਾਹਿਬ ਅਤੇ ਦੂਸਰੇ ਤਖਤ ਸਾਹਿਬਾਨਾਂ ਦੇ ਜਥੇਦਾਰ ਰਾਜਨੀਤੀ ਅਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਭਾਵ ਅਤੇ ਦਬਾਅ ਤੋਂ ਮੁਕਤ ਕੀਤੇ ਜਾਣਗੇ। ਉਨਾਂ੍ਹ ਦੀ ਨਿਯੁਕਤੀ, ਅਧਿਕਾਰ ਖੇਤਰ, ਸੇਵਾ ਮੁਕਤੀ ਅਤੇ ਗੁਜ਼ਾਰਾ ਭੇਟਾ ਸਿੱਖ ਵਿਦਵਾਨਾਂ ਦੀ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਤਹਿ ਕੀਤੇ ਜਾਣਗੇ।
ਗੁਰੂਦੁਆਰਿਆਂ ਦੇ ਪ੍ਰਬੰਧ ਵਿੱਚੋਂ ਜਾਤ-ਪਾਤ, ਊਚ-ਨੀਚ ਖਤਮ ਕੀਤੀ ਜਾਵੇਗੀ। ਹਰ ਪਿੰਡ ਵਿੱਚ ਇੱਕੋ ਗੁਰੂਦੁਆਰਾ ਸਾਹਿਬ ਅਤੇ ਇੱਕੋ ਸ਼ਮਸ਼ਾਨਘਾਟ ਨਿਸ਼ਚਿਤ ਕੀਤੇ ਜਾਣਗੇ।
ਇਹ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਮਤੇ ਅਨੁਸਾਰ ਭਾਰਤ ਅੰਦਰ ਸਹੀ ਫੈਡਰਲ ਢਾਂਚੇ ਅਤੇ ਸ਼ਕਤੀਆਂ ਦੇ ਵਿਕੇਂਦਰੀਕਰਨ ਦੀ ਤਰਜ਼ਮਾਨੀ ਕਰੇਗਾ। ਮੂਲ ਰੂਪ ਵਿੱਚ ਰਾਜ ਸੂਚੀ ਅੰਦਰ ਉਹਨਾਂ ਸਾਰੇ ਵਿਸ਼ਿਆਂ ਦੀ ਬਹਾਲੀ ਲਈ ਸੰਘਰਸ਼ ਕਰੇਗਾ ਜੋ ਕੇਂਦਰਵਾਦੀ ਰਾਸ਼ਟਰੀ ਸਰਕਾਰਾਂ ਨੇ ਸਮਵਰਤੀ ਸੂਚੀ ਵਿੱਚ ਤਬਦੀਲ ਕੀਤੇ ਹਨ।
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕਿਆਂ ਜੋ ਗੁਆਂਢੀ ਸੂਬਿਆ ਵਿੱਚ ਸ਼ਿਫਟ ਕੀਤੇ ਗਏ, ਦਰਿਆਈ ਹੈੱਡਵਰਕਸਾਂ ਤੇ ਪੰਜਾਬ ਦੇ ਅਧਿਕਾਰ, ਦਰਿਆਈ ਪਾਣੀਆਂ ਤੇ ਪੰਜਾਬ ਦੇ ਹੱਕਾਂ ਦੀ ਪ੍ਰਾਪਤੀ ਲਈ ਨਿਰਣਾਇਕ ਸੰਘਰਸ਼ ਕਰੇਗਾ।
ਪੰਜਾਬ ਦੇ ਨੌਜਵਾਨਾਂ ਨੂੰ ਨਿਰਾਸ਼ਤਾ ਅਤੇ ਬੇਰੋਜ਼ਗਾਰੀ ਕਰਕੇ ਵਿਦੇਸ਼ਾਂ ਵਿੱਚ ਜਾਣ ਤੋਂ ਰੋਕਣ ਲਈ ਰਾਜ ਅੰਦਰ ਭਰਪੂਰ ਵਸੀਲੇ ਪੈਦਾ ਕਰੇਗਾ।
ਪੰਜਾਬ ਨੂੰ ਵਧੀਆ, ਭ੍ਰਿਸ਼ਟਾਚਾਰ ਰਹਿਤ, ਪਾਰਦਰਸ਼ੀ ਅਤੇ ਜਵਾਬਦੇਹ ਸ਼ਾਸਨ ਪ੍ਰਦਾਨ ਕਰੇਗਾ ਤਾਂ ਕਿ ਵਿਸ਼ਵ ਦੇ ਵਿਕਸਿਤ ਰਾਜਾਂ ਦਾ ਹਾਣੀ ਬਣ ਸਕੇ।
ਸਿੱਖਿਆ, ਸਿਹਤ, ਬੇਰੋਜ਼ਗਾਰੀ, ਨਸ਼ਾਮੁਕਤ ਪੰਜਾਬ, ਕਿਸਾਨੀ, ਖੇਤ ਮਜ਼ਦੂਰਾਂ, ਪ੍ਰਦੂਸ਼ਣ ਮੁਕਤ ਪੰਜਾਬ, ਐਗਰੋ ਅਤੇ ਫੂਡ ਪ੍ਰੋਸੈਸਿੰਗ ਸਨਅਤ ਵਿਸ਼ਿਆਂ ਤੇ ਧਿਆਨ ਕੇਂਦਰਤ ਕਰੇਗਾ।
ਪੰਜਾਬੀ ਭਾਸ਼ਾ ਆਪਣੀ ਮਾਂ ਬੋਲੀ ਨੂੰ ਸਹੀ ਅਰਥਾਂ ਵਿੱਚ ਰਾਜ ਭਾਸ਼ਾ-ਸਿੱਖਿਆ ਦੀ ਮਾਧਿਅਮ ਭਾਸ਼ਾ ਬਣਾਇਆ ਜਾਵੇਗਾ।
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।।
ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।।
ਜਿਥੈ ਨੀਚ ਸਮਾਲਿਅਨਿ ਤਿਥੈ ਨਦਰਿ ਤੇਰੀ ਬਖਸੀਸ।।
ਗੁਰਵਾਕ ਅਨੁਸਾਰ ਐੱਸ. ਸੀ., ਬੀ. ਸੀ., ਇਸਾਈ ਅਤੇ ਮੁਸਲਮਾਨ ਭਾਈਚਾਰਿਆਂ ਨੂੰ ਉਹਨਾਂ ਦੀ ਰੇਸ਼ੋ ਅਨੁਸਾਰ ਸਰਕਾਰ ਵਿੱਚ ਪ੍ਰਤੀਨਿਧਤਾ ਦਿੱਤੀ ਜਾਵੇਗੀ। ਅਨੁਸੂਚਿਤ ਜਾਤੀ ਭਾਈਚਾਰੇ ਦੀ ਕਰੀਬ ੩੨ ਪ੍ਰਤੀਸ਼ਤ ਆਬਾਦੀ ਹੋਣ ਕਰਕੇ ਇਹ ਅਕਾਲੀ ਦਲ ਜੇ ਸੱਤਾ ਵਿੱਚ ਆਉਂਦਾ ਹੈ ਤਾਂ ਉਨਾਂ੍ਹ ਦਾ ਪ੍ਰਤੀਨਿਧ ਉਪ ਮੁੱਖ-ਮੰਤਰੀ ਵਜੋਂ ਨਿਯੁਕਤ ਕਰੇਗਾ।
ਓ ਸਿੱਖੋ, ਸਿਰਲੱਥ ਸੰਘਰਸ਼ਸ਼ੀਲ ਯੋਧਿਓ, ਓ ਪੰਜਾਬੀਓ ਨਿਡਰ ਸੂਰਮਿਓ ਜੇ ਗੁਰਮਤਿ ਆਸ਼ੇ ਅਨੁਸਾਰ ਹਰ ਮੈਦਾਨ ਵਿੱਚ ਫਤਿਹ ਚਾਹੁੰਦੇ ਹੋ ਤਾਂ ਇੱਕ ਵਿਧਾਨ, ਇੱਕ ਨਿਸ਼ਾਨ ਅਤੇ ਇੱਕ ਪ੍ਰਧਾਨ ਦੀ ਅਗਵਾਈ ਹੇਠ ਇੱਕਜੁਟ ਹੋ ਜਾਉ। ਭਵਿੱਖ ਵਿੱਚ ਇੱਕ ਸੁਹਣੇ, ਨਿਰਾਲੇ, ਮਜ਼ਬੂਤ ਅਤੇ ਆਤਮਨਿਰਭਰ ਨੰਬਰ ਇੱਕ ਪੰਜਾਬ ਦੀ ਸਿਰਜਣਾ ਕਰੀਏ।
ਗੁਰੂ ਪੰਥ ਦੇ ਦਾਸ:-
ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਜਥੇਦਾਰ ਸੇਵਾ ਸਿੰਘ ਸੇਖਵਾਂ ਡਾ. ਰਤਨ ਸਿੰਘ ਅਜਨਾਲਾ