ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ 17 ਮਾਰਚ 2019 - ਕ੍ਰਾਈਸਟਚਰਚ ਵਿਖੇ ਸ਼ੁੱਕਰਵਾਰ ਨੂੰ ਹੋਏ ਅੱਤਵਾਦੀ ਹਮਲੇ 'ਚ ਮਰਨ ਵਾਲਿਆਂ ਦੀਆਂ ਲਾਸ਼ਾਂ ਪਰਿਵਾਰਾਂ ਦੇ ਹਵਾਲੇ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਭਾਰਤੀਆਂ ਦੇ ਨਾਵਾਂ ਦਾ ਵੇਰਵਾ ਆ ਚੁੱਕਾ ਹੈ ਜਿਨ੍ਹਾਂ ਵਿਚ ਆਰਿਫ ਵੋਰਾ (58), ਰਾਮੀਜ ਵੋਰਾ (28) ਦੋਵੇਂ ਪਿਉ-ਪੁੱਤਰ, ਇਸ ਤੋਂ ਇਲਾਵਾ ਮਹਿਬੂਬ ਖੋਖਰ (64), ਓਜੇਰ ਕਾਦਰ (24), ਅਤੇ ਇਕ ਔਰਤ ਕੇਰਲਾ ਤੋਂ ਅਨਸੀ ਅਲੀਬਾਵਾ (23), ਮੁਹੰਮਦ ਇਮਰਾਨ ਖਾਨ (46) ਕਰੀਮਨਗਰ ਤੇਲੰਗਾਨਾ, ਫਰਹਾਜ਼ ਆਹਸ਼ਨ (31) ਹੈਦਰਾਬਾਦ ਅਤੇ ਜੁਨੈਦ ਕਾਰਾ (38) ਗੁਜਰਾਤ ਸ਼ਾਮਿਲ ਹਨ। ਅਹਿਮਦ ਇਕਬਾਲ ਜਹਾਂਗੀਰ ਹੈਦਰਾਬਾਦ ਜ਼ਖਮੀ ਚੱਲ ਰਹੇ ਹਨ। ਭਾਰਤੀ ਹਾਈ ਕਮਿਸ਼ਨ ਨੇ 'ਸੁਪੋਰਟ ਗਰੁੱਪ' ਵਜੋਂ ਕ੍ਰਾਈਸਟਚਰਚ ਵਿਖੇ ਸਹਾਇਤਾ ਕੇਂਦਰ ਖੋਲ੍ਹਿਆ ਗਿਆ ਹੈ।
ਦੋਸ਼ੀ ਉਤੇ ਅਜੇ ਇਕ ਹੀ ਕਤਲ ਦਾ ਦੋਸ਼: ਫੜੇ ਗਏ ਕਾਤਿਲ ਉਤੇ ਵਿਸ਼ੇਸ਼ ਤਰ੍ਹਾਂ ਦੀ ਸਜ਼ਾ ਦਾ ਵੀ ਸੋਚਿਆ ਜਾ ਰਿਹਾ ਹੈ। ਇਸ ਵੇਲੇ ਸਿਰਫ ਉਸ ਉਤੇ ਇਕ ਕਤਲ ਦਾ ਕੇਸ ਪਾਇਆ ਗਿਆ ਹੈ ਜਦ ਕਿ ਬਾਕੀ ਦੇ ਸਾਰੇ ਦੋਸ਼ (50 ਕਤਲ) ਅਜੇ ਰੋਕ ਕੇ ਰੱਖੇ ਗਏ ਹਨ। ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ 'ਦਾ ਟੈਰੋਰਿਜ਼ਮ ਸੁਪਰੈਸ਼ਨ ਐਕਟ 2002' ਅਧੀਨ ਇਸ ਸਾਰੇ ਕੇਸ ਨੂੰ ਰੱਖਣ ਦੇ ਲਈ ਕਾਫੀ ਕਾਨੂੰਨੀ ਕਾਗਜ਼ੀ ਕਾਰਵਾਈ ਦੇ ਵਿਚੋਂ ਲੰਘਣਾ ਪਵੇਗਾ। ਨਿਊਜ਼ੀਲੈਂਡ ਦੇ ਵਿਚ ਇਹ ਕਾਨੂੰਨ ਅਜੇ ਤੱਕ ਕਦੇ ਵੀ ਵੱਡੀ ਮਾਤਰਾ ਵਿਚ ਨਹੀਂ ਵਰਤਿਆ ਗਿਆ ਅਤੇ ਕਾਨੂੰਨੀ ਮਾਹਿਰ ਵੀ ਇਸ ਦੀ ਜਿਆਦਾ ਮੁਹਾਰਿਤ ਨਹੀਂ ਰੱਖਦੇ। ਅੱਤਵਾਦ ਸਬੰਧੀ ਕਾਨੂੰਨ ਜਿਆਦਾਤਰ ਗਰੁੱਪਾਂ ਦੇ ਉਤੇ ਅਪਲਾਈ ਹੁੰਦਾ ਹੈ ਜੋ ਕਿ ਵਿੱਤੀ ਅਤੇ ਕ੍ਰਾਸ ਬਾਰਡਰ ਅਪਰਾਧ ਦੁਆਲੇ ਘੁੰਮਦਾ ਹੈ। ਜੇਕਰ ਇਕੱਲਾ ਵਿਅਕਤੀ ਅਜਿਹਾ ਕਾਰਾ ਕਰਦਾ ਹੈ ਤਾਂ ਹੋਰ ਕਾਨੂੰਨੀ ਕਾਰਵਾਈ ਦੀ ਲੋੜ ਹੈ। ਨਿਊਜ਼ੀਲੈਂਡ ਦੇ ਵਿਚ ਅਕਸਰ ਬਹੁਗਿਣਤੀ ਅਪਰਾਧਾਂ ਦੇ ਲਈ ਇਕ ਤੋਂ ਬਾਅਦ ਦੂਜੀ ਸਜ਼ਾ ਦੀ ਸ਼ੁਰੂਆਤ ਦੀ ਜਿਆਦ ਪ੍ਰਥਾ ਨਹੀਂ ਹੈ। ਬਹੁਤ ਘੱਟ ਅਜਿਹੀ ਸਜਾ ਹੋਈ ਹੈ।ਜਦ ਕਿ ਅਮਰੀਕਾ ਦੇ ਵਿਚ 150 ਸਾਲ ਤੱਕ ਵੀ ਸਜ਼ਾ ਦਿੱਤੀ ਜਾਂਦੀ ਹੈ। ਹੁਣ ਤੱਕ ਇਥੇ ਬਿਨਾਂ ਪੇਰੋਲ ਸਜ਼ਾ 30 ਸਾਲ ਤੱਕ ਕੀਤੀ ਗਈ ਹੈ ਜੋ ਕਿ ਵਿਲੀਅਮ ਬੈਲ ਨੂੰ ਹੈ ਜਿਸ ਨੇ ਮਾਊਟ ਵਲਿੰਗਟਨ ਆਰ. ਐਸ. ਏ. ਦੇ ਵਿਚ ਤਿੰਨ ਬੰਦੇ ਮਾਰ ਦਿੱਤੇ ਸਨ।