ਜੱਸੀ ਆਨਰ ਕਿਲਿੰਗ : ਸਪਲੀਮੈਂਟਰੀ ਚਲਾਨ ਦਾਇਰ , ਅਪ੍ਰੈਲ ਦੇ ਦੂਜੇ ਹਫ਼ਤੇ ਮੁਕੱਦਮਾ ਸ਼ੁਰੂ ਹੋਣ ਦੀ ਉਮੀਦ
ਮਲੇਰਕੋਟਲਾ , 31 ਮਾਰਚ , 2019 : ਕੈਨੇਡਾ ਦੀ ਨਾਗਰਿਕ ਮੁਟਿਆਰ ਜਸਵਿੰਦਰ ਜੱਸੀ ਦੇ ਆਨਰ ਕਤਲ ਕੇਸ 'ਚ ਉਸਦੀ ਮਾਂ ਅਤੇ ਮਾਮੇ ਦੇ ਖ਼ਿਲਾਫ਼ ਗਵਾਹੀਆਂ ਅਤੇ ਮੁਕੱਦਮੇ ਦੀ ਅਦਾਲਤੀ ਕਾਰਵਾਈ ਅਪ੍ਰੈਲ ਮਹੀਨੇ ਦੇ ਦੂਜੇ ਹਫ਼ਤੇ ਸ਼ੁਰੂ ਹੋਣ ਦੀ ਉਮੀਦ ਹੈ . ਪੰਜਾਬ ਪੁਲਿਸ ਨੇ ਇਨ੍ਹਾਂ ਦੋਹਾਂ ਦੋਸ਼ੀਆਂ ਦੇ ਖ਼ਿਲਾਫ਼ ਦਰਜ ਪਹਿਲੇ ਚਲਾਨ 'ਚ ਵਾਧਾ ਕਰਦੇ ਹੋਏ ਸਪਲੀਮੈਂਟਰੀ ਚਲਾਨ 29 ਮਾਰਚ , 2019 ਨੂੰ ਮਲੇਰਕੋਟਲਾ ਦੀ ਅਦਾਲਤ ਵਿਚ ਦਾਇਰ ਕਰ ਦਿੱਤਾ ਹੈ .
ਕੈਨੇਡਾ ਤੋਂ ਡੀ ਪੋਰਟ ਕੀਤੇ ਗਏ ਦੋਵੇਂ ਦੋਸ਼ੀਆਂ ( ਮਲਕੀਤ ਕੌਰ ਅਤੇ ਸੁਰਜੀਤ ਸਿੰਘ ਬਦੇਸ਼ਾ ) ਦੀ ਮਲੇਰਕੋਟਲਾ ਅਦਾਲਤ ਵਿਚ ਅਗਲੀ ਪੇਸ਼ੀ 5 ਅਪ੍ਰੈਲ ਨੂੰ ਹੈ . ਉਮੀਦ ਹੈ ਕਿ ਇਹ ਅਦਾਲਤ ਇਸ ਕੇਸ ਨੂੰ ਅੱਗੇ ਮੁਕੱਦਮੇ ਦੀ ਸੁਣਵਾਈ ਲਈ ਸੈਸ਼ਨ ਅਦਾਲਤ ਸੰਗਰੂਰ ਦੇ ਹਵਾਲੇ ਕਰ ਦੇਵੇਗੀ ਅਤੇ ਅਗਲੀ ਅਦਾਲਤੀ ਕਾਰਵਾਈ ਇਸੇ ਅਦਾਲਤ ਵਿਚ ਹੋਵੇਗੀ.
ਇਸ ਵੇਲੇ ਦੋਵੇਂ ਦੋਸ਼ੀ ਸੰਗਰੂਰ ਜੇਲ੍ਹ ਵਿਚ ਬੰਦ ਹਨ . .
ਬਾਬੂਸ਼ਾਹੀ ਦੀ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਇਨ੍ਹਾਂ ਦੋਹਾਂ ਦੇ ਖ਼ਿਲਾਫ਼ ਪਹਿਲਾਂ ਹੀ ਇਸ ਮੁਕੱਦਮੇ ਵਿਚ ਸਾਹਮਣੇ ਆ ਚੁੱਕੇ ਸਬੂਤਾਂ ਅਤੇ ਗਵਾਹੀਆਂ ਅਤੇ ਪੁਲਿਸ ਦੀ ਪੜਤਾਲ ਅਤੇ ਦੋਸ਼ੀਆਂ ਤੋਂ ਹਿਰਾਸਤੀ ਪੁੱਛਗਿੱਛ ਦੌਰਾਨ ਸਾਹਮਣੇ ਆਏ ਤੱਥਾਂ ਤੇ ਅਧਾਰਿਤ , ਇਨ੍ਹਾਂ ਦੋਹਾਂ ਦੋਸ਼ੀਆਂ ਨੂੰ ਮੁਜਰਮ ਕਰਾਰ ਦੇਣ ਦੀ ਮੰਗ ਕਰੇਗੀ .
ਪੁਲਿਸ ਦੀ ਪਿੱਛ ਗਿੱਛ ਦੌਰਾਨ ਇਹ ਉੱਘੜਵਾਂ ਤੱਥ ਸਾਹਮਣੇ ਆਇਆ ਕਿ ਸੁਰਜੀਤ ਸਿੰਘ ਬਦੇਸ਼ਾ ਨੇ ਇਸ ਕੇਸ 'ਚ ਦੋਸ਼ੀ ਵਜੋਂ ਮੁਜਰਮ ਕਰਾਰ ਦਿੱਤੇ ਗਏ ਦਰਸ਼ਨ ਸਿੰਘ ਨਾਲ ਸੁਰਜੀਤ ਬਦੇਸ਼ਾ ਦੀ ਬਣੀ ਕੁੜਮਾਚਾਰੀ ਵੀ ਇਸੇ ਕੇਸ ਦਾ ਨਤੀਜਾ ਸੀ . ਇਸਤਗਾਸੇ ਦੀ ਕਹਾਣੀ ਅਨੁਸਾਰ ਬੇਦਸ਼ਾ ਨੇ ਆਪਣੀ ਭਾਣਜੀ ਦੇ ਕਤਲ ਦੀ ਸਾਜ਼ਿਸ਼ ਬਦਲੇ ਦਰਸ਼ਨ ਸਿੰਘ ਦੀ ਲੜਕੀ ਦਾ ਵਿਆਹ ਆਪਣੇ ਲੜਕੇ ਨਾਲ ਕੀਤਾ ਅਤੇ ਵਿਆਹ ਦੇ ਆਧਾਰ ਤੇ ਉਸਨੂੰ ਕੈਨੇਡਾ ਲਈ ਗਿਆ .ਪੁਲਿਸ ਦੀ ਕਹਾਣੀ ਅਨੁਸਾਰ ਜੱਸੀ ਦੇ ਕਾਤਲਾਂ ਨੂੰ ਸੁਪਾਰੀ ਦੇਣ ਲਈ ਵਿਚੋਲੇ ਦਾ ਕੰਮ ਦਰਸ਼ਨ ਸਿੰਘ ਨੇ ਨਿਭਾਇਆ ਸੀ . ਭਾਵੇਂ ਭਾਰਤੀ ਸੁਪਰੀਮ ਕੋਰਟ ਨੇ ਹਥਲੀ ਅਦਾਲਤ ਅਤੇ ਹਾਈ ਕੋਰਟ ਦੇ ਫ਼ੈਸਲੇ ਨੂੰ ਰੱਦ ਕਰਦੇ ਹੋਏ ਸਿੰਘ ਨੂੰ ਸ਼ੱਕ ਦੀ ਬਿਨਾਂ ਤੇ ਰਿਹਾ ਕਰ ਦਿੱਤਾ ਸੀ ਪਰ ਉਸਦੀ ਬਦੇਸ਼ਾ ਨਾਲ ਕੁੜਮਾਚਾਰੀ ਦਾ ਬਣਨ ਦਾ ਤੱਥ ਇੱਕ ਸਮਾਜਿਕ ਹਕੀਕਤ ਹੈ . ਪਤਾ ਲੱਗਾ ਹੈ ਕਿ ਪੁਲਿਸ ਸਪਲੀਮੈਂਟਰੀ ਚਲਾਨ ਵਿਚ ਇਸ ਤੱਥ ਨੂੰ ਗਵਾਹੀਆਂ ਸਮੇਤ ਉਚੇਚੇ ਤੌਰ ਤੇ ਕੇਸ ਦਾ ਇੱਕ ਆਧਾਰ ਬਣਾਏਗੀ .
ਚੇਤੇ ਰਹੇ ਕਿ ਇਹ ਕੇਸ ਮੁਕੱਦਮਾ ਨੰਬਰ 48 ਮਿਤੀ ੦9-੦6-2੦੦੦ ਅ/ਧ 302 , 307 , 367 , 326 , 148 , 149 , 120 ਬੀ ਆਈ ਪੀ ਸੀ ਅਸਲ ਐਕਟ ਥਾਣਾ ਅਮਰਗੜ੍ਹ, ਜ਼ਿਲ੍ਹਾ ਸੰਗਰੂਰ ਦਾ ਹੈ .
ਸਬੰਧਿਤ ਖਬਰਾਂ ਦੇ ਲਿੰਕ :
Exclusive : Jassi Honour Killing: Supplementary chargesheet filed, trail to start now