ਜਦੋਂ ਇੱਕ ਸਿੱਖ ਡੀ.ਆਈ.ਜੀ ਨੇ ਦਰਬਾਰ ਸਾਹਿਬ 'ਤੇ ਫਾਇਰ ਖੋਲ੍ਹਣੋਂ ਦਿੱਤਾ ਕੋਰਾ ਜਵਾਬ
ਗੁਰਪ੍ਰੀਤ ਮੰਡਿਆਣੀ , ਸਪੈਸ਼ਲ ਖ਼ੋਜੀ ਰਿਪੋਟਰ , ਬਾਬੂਸ਼ਾਹੀ ਡਾਟ ਕਾਮ
3 ਜੂਨ 1984 ਨੂੰ ਸਵੇਰੇ ਮੇਜ਼ਰ ਜਨਰਲ ਕੁਲਦੀਪ ਸਿੰਘ ਬਰਾੜ ਨੇ ਬੀ.ਐਸ.ਐਫ. ਦੇ ਡੀ.ਆਈ.ਜੀ. ਸ. ਗੁਰਦਿਆਲ ਸਿੰਘ ਪੰਧੇਰ ਨੂੰ ਮੀਟਿੰਗ ਵਿੱਚ ਹੁਕਮ ਕੀਤਾ ਕਿ ਉਹ ਉੱਚੀਆਂ ਇਮਾਰਤਾਂ ਤੋਂ ਦਰਬਾਰ ਸਾਹਿਬ ਵੱਲ ਨੂੰ ਫਾਇਰਿੰਗ ਸ਼ੁਰੂ ਕਰਾਵੇ ਪਰ ਸ. ਪੰਧੇਰ ਨੇ ਅਜਿਹੀ ਕਾਰਵਾਈ 'ਤੇ ਹੈਰਾਨੀ ਜ਼ਾਹਿਰ ਕਰਦਿਆਂ ਆਮ ਲੋਕਾਂ 'ਤੇ ਗੋਲੀ ਚਲਾਉਣ ਨੂੰ ਮਾੜੀ ਗੱਲ ਕਿਹਾ। ਬਰਾੜ ਦੇ ਦੁਬਾਰਾ ਕਹਿਣ 'ਤੇ ਸ. ਪੰਧੇਰ ਨੇ ਬਰਾੜ ਤੋਂ ਇਸ ਸਬੰਧੀ ਲਿਖਤੀ ਹੁਕਮਾਂ ਦੀ ਮੰਗ ਕੀਤੀ। ਬਰਾੜ ਨੂੰ ਉਮੀਦ ਸੀ ਕਿ ਉਹਦੇ ਹੁਕਮ 'ਤੇ ਕੋਈ ਉਜ਼ਰ ਨਹੀਂ ਕਰੇਗਾ। ਪੰਧੇਰ ਵੱਲੋਂ ਫਾਇਰਿੰਗ ਵਾਲੇ ਹੁਕਮ ਨੂੰ ਸੱਤ ਬਚਨ ਵਾਂਗ ਨਾ ਮੰਨਣ ਕਰਕੇ ਬਰਾੜ ਨੇ ਇਨ੍ਹਾਂ ਗ਼ੁੱਸਾ ਕੀਤਾ ਕਿ ਜੇ ਇਸ ਦੀ ਪੇਂਡੂ ਮੁਹਾਵਰੇ 'ਚ ਗੱਲ ਕਰਨੀ ਹੋਵੇ ਤਾਂ ਇਉਂ ਕਿਹਾ ਜਾ ਸਕਦਾ ਹੈ ਕਿ ਉਹ ਕੁਰਸੀ ਤੋਂ ਬੁੜ੍ਹਕ ਕੇ ਸਿੱਧਾ ਛੱਤਣ ਨਾਲ ਵੱਜਿਆ। ਬਰਾੜ ਨੇ ਸੰਘ ਪਾੜਦਿਆਂ ਹੋਇਆ ਜ਼ੋਰ-ਜ਼ੋਰ ਨਾਲ ਮੇਜ 'ਤੇ ਮੁੱਕੇ ਮਾਰਦਿਆਂ ਪੰਧੇਰ ਨੂੰ ਅੰਗਰੇਜ਼ੀ 'ਚ ਕਿਹਾ ਕਿ 'ਦਿਸ ਇਜ਼ ਐਨ ਓਪਨ ਮਿਊਟਨੀ' ਤੂੰ ਖੁੱਲ੍ਹੀ ਬਗ਼ਾਵਤ ਕਰ ਰਿਹਾ ਹੈ। ਪੰਧੇਰ ਨੇ ਬਰਾੜ ਨੂੰ ਕਿਹਾ ਕਿ ਮੈਂ ਤੇਤੋਂ ਲਿਖਤੀ ਹੁਕਮ ਹੀ ਮੰਗ ਰਿਹਾ ਹਾਂ ਇਸ 'ਚ ਬਗ਼ਾਵਤ ਵਾਲੀ ਕਿਹੜੀ ਗੱਲ ਹੈਂ।'
ਅੱਗ ਬਬੂਲੇ ਹੋਏ ਬਰਾੜ ਨੇ ਕਿਹਾ ਕਿ ਲਿਖਤੀ ਹੁਕਮਾਂ ਦੀ ਕੀ ਲੋੜ ਹੈ? ਪੰਧੇਰ ਨੇ ਜਵਾਬ ਦਿੱਤਾ ਕਿ ਮੈਂ ਵੀਂ ਆਪਦੇ ਕਾਗ਼ਜ਼ ਪੂਰੇ ਕਰਨੇ ਨੇ। ਸਾਨੂੰ ਪੁਲੀਸ ਟੈਕਟੀਕਲ ਵਰਕ ਦੇ ਸਿਲੇਬਸ ਰਾਹੀਂ ਪੁਲੀਸ ਟਰੇਨਿੰਗ ਵੇਲੇ ਇਹ ਪੜ੍ਹਾਇਆ ਜਾਂਦਾ ਹੈ ਕਿ ਗੋਲੀ ਚਲਾਉਣ ਤੋਂ ਪਹਿਲਾਂ ਉਹ ਅੱਠ ਗੱਲਾਂ ਦੇ ਜਵਾਬ ਲਿਖ ਕੇ ਰੱਖਣ ਜਿਵੇਂ ਕਿ ਜਿਨ੍ਹਾਂ 'ਤੇ ਗੋਲੀ ਚਲਾਉਣੀ ਹੈ ਉਨ੍ਹਾਂ ਦੀ ਗਿਣਤੀ ਕਿੰਨੀ ਹੈ, ਉਨ੍ਹਾਂ ਕੋਲ ਕਿਸ ਕਿਸਮ ਦੇ ਹਥਿਆਰ ਨੇ, ਉਨ੍ਹਾਂ ਕੋਲ ਕਿੰਨੀ ਤਾਕਤ ਹੈ, ਫਾਇਰਿੰਗ ਵੇਲੇ ਕਿੰਨੀਆਂ ਮੌਤਾਂ ਹੋ ਸਕਦੀਆਂ ਨੇ, ਅਜਿਹੇ ਮੌਕੇ ਕਾਨੂੰਨ ਦਾ ਕੀ ਤਕਾਜ਼ਾ ਹੈ? ਵਗ਼ੈਰਾ-ਵਗ਼ੈਰਾ। ਇਹ ਪੜ੍ਹਾਇਆ ਜਾਂਦਾ ਹੈ ਕਿ ਬਾਅਦ ਵਿੱਚ ਹੋਣ ਵਾਲੀ ਕਿਸੇ ਇਨਕੁਆਰੀ ਮੌਕੇ ਤੁਹਾਨੂੰ ਇਹ ਅੱਠ ਗੱਲਾਂ ਦੇ ਜ਼ਰੂਰ ਜਵਾਬ ਦੇਣੇ ਪੈਣਗੇ। ਤੁਸੀਂ ਮੈਨੂੰ ਜੇ ਮੈਨੂੰ ਲਿਖਤੀ ਹੁਕਮ ਦਿਓਗੇ ਤਾਂ ਹੀ ਮੈਂ ਅੱਠ ਗੱਲਾਂ ਦੇ ਜਵਾਬ ਕਾਗ਼ਜ਼ਾਂ 'ਤੇ ਪਹਿਲਾਂ ਲਿਖ ਕੇ ਰੱਖੂੰਗਾ ਫਿਰ ਗੋਲੀ ਚਲਾਉਣਾ। ਪੰਧੇਰ ਨੂੰ ਨਾ ਮੰਨਦਾ ਦੇਖ ਕੇ ਜਨਰਲ ਬਰਾੜ ਨੇ ਨਾਲ ਹੀ ਬੈਠੇ ਆਪਣੇ ਸੀਨੀਅਰ ਲੈਫ਼ਟੀਨੈਂਟ ਜਨਰਲ ਕੇ ਸੁੰਦਰ ਜੀ ਨੂੰ ਕਿਹਾ ਕਿ ਉਹ ਪੰਧੇਰ ਦੀ ਥਾਂ 'ਤੇ ਹੋਰ ਡੀ.ਆਈ.ਜੀ. ਦਾ ਪ੍ਰਬੰਧ ਕਰੇ। ਇਹ ਸੁਣਦਿਆਂ ਸਾਰ ਸ. ਪੰਧੇਰ ਸਾਹਿਬ ਮੀਟਿੰਗ 'ਚੋਂ ਬਾਹਰ ਆ ਗਏ ਤੇ ਉਨ੍ਹਾਂ ਨੇ ਆਪਣੇ ਡਾਇਰੈਕਟਰ ਜਨਰਲ ਬੀਰਬਲ ਨਾਥ ਨੂੰ ਸਾਰੀ ਗੱਲ ਵਾਇਰਲੈੱਸ 'ਤੇ ਦੱਸੀ ਅਤੇ ਕਿਹਾ ਕਿ ਹੁਣ ਮੈਂ ਇੱਕ ਦਿਨ ਵੀ ਇਸ ਅਹੁਦੇ 'ਤੇ ਨਹੀਂ ਰਹਿਣਾ ਚਾਹੁੰਦਾ। ਮੈਨੂੰ ਤੁਰੰਤ ਇੱਕ ਮਹੀਨੇ ਦੀ ਛੁੱਟੀ ਦਿੱਤੀ ਜਾਵੇ। 3 ਜੂਨ ਨੂੰ ਸ਼ਹੀਦੀ ਗੁਰਪੁਰਬ ਸੀ ਕਰਫ਼ਿਊ ਖੁੱਲ੍ਹਾ ਸੀ ਜਿਸ ਕਰਕੇ ਹਜ਼ਾਰਾਂ ਸੰਗਤਾਂ ਗੁਰਪੁਰਬ ਮਨਾਉਣ ਖ਼ਾਤਰ ਸ੍ਰੀ ਦਰਬਾਰ ਸਾਹਿਬ 'ਚ ਇਕੱਠੀਆਂ ਹੋਈਆਂ ਸਨ। ਜਨਰਲ ਬਰਾੜ ਉਸੇ ਦਿਨ ਦਰਬਾਰ ਸਾਹਿਬ ਨਾਲ ਲੱਗਦੀਆਂ ਉੱਚੀਆਂ ਇਮਾਰਤਾਂ ਤੋਂ ਦਰਬਾਰ ਸਾਹਿਬ ਵੱਲ ਬੀ.ਐਸ.ਐਫ਼ ਤੋਂ ਉਵੇਂ ਫਾਇਰਿੰਗ ਕਰਾਉਣਾ ਚਾਹੁੰਦਾ ਸੀ ਜਿਵੇਂ 1 ਜੂਨ ਨੂੰ ਸੀ.ਆਰ.ਪੀ. ਅਤੇ ਬੀ.ਐਸ.ਐਫ. ਨੇ ਕੀਤੀ ਸੀ। ਹਾਲਾਂਕਿ 4 ਜੂਨ ਨੂੰ ਫ਼ੌਜ ਨੇ ਖ਼ੁਦ ਹੀ ਦਰਬਾਰ ਸਾਹਿਬ 'ਤੇ ਧਾਵਾ ਬੋਲ ਦੇਣਾ ਸੀ ਪਰ ਬਰਾੜ ਪਤਾ ਨਹੀਂ ਕਿਉਂ ਬੀ.ਐਸ.ਐਫ. ਹੱਥੋਂ ਅਜਿਹੀ ਫਾਇਰਿੰਗ 3 ਜੂਨ ਨੂੰ ਹੀ ਕਰਾਉਣੀ ਚਾਹੁੰਦਾ ਸੀ। ਜੇ ਫ਼ੌਜ ਦੇ ਚਿੱਤ ਵਿੱਚ ਅਜਿਹਾ ਕਰਨਾ ਸਿਰਫ਼ ਖਾੜਕੂਆਂ ਦੇ ਖ਼ਿਲਾਫ਼ ਹੀ ਕਿਸੇ ਵੱਡੇ ਹਮਲੇ ਦਾ ਹਿੱਸਾ ਹੁੰਦਾ ਤਾਂ ਕਰਫ਼ਿਊ ਲਗਾ ਕੇ ਗੁਰਪੁਰਬ ਮੌਕੇ ਆਮ ਲੋਕਾਂ ਨੂੰ ਦਰਬਾਰ ਸਾਹਿਬ ਵਿੱਚ ਇਕੱਠਾ ਹੋਣੋਂ ਇਹ ਸੋਚ ਕੇ ਰੋਕ ਸਕਦੀ ਸੀ .ਬੀ.ਐਸ.ਐਫ਼ ਵੱਲੋਂ ਹੋਣ ਵਾਲੀ ਫਾਇਰਿੰਗ ਨਾਲ ਆਮ ਲੋਕ ਮਾਰੇ ਜਾਣਗੇ। ਹਜ਼ਾਰਾਂ ਲੋਕਾਂ ਨੂੰ ਇਕੱਠੇ ਹੋਣ ਦੇਣਾ ਅਤੇ ਦਰਬਾਰ ਸਾਹਿਬ ਵੱਲ ਉੱਚੀਆਂ ਇਮਾਰਤਾਂ ਤੋਂ ਅੰਨ੍ਹੇਵਾਹ ਫਾਇਰਿੰਗ ਕਰਾਉਣ ਦੀ ਸੋਚਣਾ ਹੀ ਆਪਣੇ ਆਪ ਵਿੱਚ ਇਹ ਸਾਬਿਤ ਕਰਨ ਵਿੱਚ ਕਾਫ਼ੀ ਹੈ ਕਿ ਫ਼ੌਜ ਦੇ ਇਰਾਦੇ ਕੀ ਸਨ।
ਡੇਅ ਐਂਡ ਨਾਈਟ ਚੈਨਲ ਵੱਲੋਂ ਤਿਆਰ ਕਰਾਈ ਗਈ ਇੱਕ ਡਾਕੂਮੈਂਟਰੀ ਵਿੱਚ ਉੱਪਰਲਾ ਸਭ ਕੁਝ ਦੱਸਣ ਤੋਂ ਇਲਾਵਾ ਡੀ.ਆਈ.ਜੀ. ਸ. ਪੰਧੇਰ ਦੱਸਦੇ ਹਨ ਕਿ ਪਹਿਲੀ ਜੂਨ ਨੂੰ ਮੈਂ ਬੀ.ਐਸ.ਐਫ. ਹੈੱਡਕੁਆਟਰ ਜਲੰਧਰ ਵਿੱਚ ਇੱਕ ਮੀਟਿੰਗ ਵਿੱਚ ਸ਼ਾਮਲ ਸਾਂ। ਉੱਥੇ ਦੁਪਹਿਰ 1 ਵਜੇ ਮੈਨੂੰ ਪਤਾ ਲੱਗਿਆ ਕਿ ਬੀ.ਐਸ.ਐਫ਼. ਨੇ ਉੱਚੀਆਂ ਇਮਾਰਤਾਂ ਤੋਂ ਦਰਬਾਰ ਸਾਹਿਬ ਵੱਲ ਫਾਇਰਿੰਗ ਸ਼ੁਰੂ ਕਰ ਦਿੱਤੀ ਹੈ ਤਾਂ ਮੈਂ ਫ਼ੌਰਨ ਅੰਮ੍ਰਿਤਸਰ ਵੱਲ ਨੂੰ ਕੂਚ ਕਰ ਦਿੱਤਾ। ਮੈਂ ਸਿੱਧਾ ਕੋਤਵਾਲੀ ਪਹੁੰਚਿਆ ਉੱਥੇ ਜਾ ਕੇ ਬੀ.ਐਸ.ਐਫ਼. ਵੱਲੋਂ ਕੀਤੀ ਜਾਂਦੀ ਫਾਇਰਿੰਗ ਰੁਕਵਾਈ। ਨਾਲ ਦੀ ਨਾਲ ਮੈਂ ਸੀ.ਆਰ.ਪੀ. ਦੇ ਡੀ.ਆਈ. ਜੀ. ਨੂੰ ਵੀ ਸਲਾਹ ਦਿੱਤੀ ਕਿ ਉਹ ਵੀ ਆਪਣੀ ਫਾਇਰਿੰਗ ਬੰਦ ਕਰਾਵੇ। ਪਰ ਸੀ.ਆਰ.ਪੀ. ਨੇ ਫਾਇਰਿੰਗ ਜਾਰੀ ਰੱਖੀ। ਜਿਸ ਨਾਲ ਕਈ ਮੌਤਾਂ ਤੇ ਦਰਜਨਾਂ ਲੋਕ ਪਰਿਕਰਮਾ ਵਿੱਚ ਜਾਂਦੇ ਹੋਏ ਫੱਟੜ ਹੋਏ। ਇਹ ਫਾਇਰਿੰਗ ਰਾਤ 9 ਵਜੇ ਤੱਕ ਜਾਰੀ ਰਹੀ। ਪ੍ਰਕਰਮਾ ਕੀਤਾ ਜਾਂਦਾ ਹੈ ਕਿ ਇਹ ਫਾਇਰਿੰਗ ਇਸ ਮਕਸਦ ਨਾਲ ਕਰਵਾਈ ਗਈ ਸੀ ਕਿ ਖਾੜਕੂ ਇਸ ਫਾਇਰਿੰਗ ਦਾ ਜਵਾਬ ਦੇ ਕੇ ਇਹ ਦੱਸ ਦੇਣਗੇ ਕਿ ਉਨ੍ਹਾਂ ਦੇ ਮੋਰਚੇ ਕਿੱਥੇ-ਕਿੱਥੇ ਨੇ ਤੇ ਉਨ੍ਹਾਂ ਕੋਲ ਕਿਸ ਕਿਸਮ ਦੇ ਹਥਿਆਰ ਨੇ ਪਰ ਖਾੜਕੂਆਂ ਨੇ ਇਸ ਫਾਇਰਿੰਗ ਦਾ ਕੋਈ ਜਵਾਬ ਨਾ ਦਿੱਤਾ ਪਰ ਇਸ ਟੈਸਟਿੰਗ ਵਿੱਚ ਦਰਜਨਾਂ ਆਮ ਲੋਕ ਬਲੀ ਚੜ੍ਹੇ। 4 ਜੂਨ ਨੂੰ ਸਵੇਰੇ ਡੀ.ਆਈ.ਜੀ. ਪੰਧੇਰ ਨੇ ਆਪਣੇ ਡਾਇਰੈਕਟਰ ਜਨਰਲ ਨੂੰ ਵਾਇਰਲੈੱਸ ਸਿਗਨਲ ਘੱਲ ਕੇ ਇਹ ਦੱਸਿਆ ਕਿ ਫ਼ੌਜ ਨੇ ਅੱਜ ਸਵੇਰੇ ਦਰਬਾਰ ਸਾਹਿਬ 'ਤੇ 2 ਇੰਚ ਦੀਆਂ ਮੋਰਟਾਰ ਤੋਪਾਂ ਨਾਲ 5 ਤੋਂ 7 ਵਜੇ ਤੱਕ ਗੋਲਾਬਾਰੀ ਕੀਤੀ ਹੈ। ਜਿਸ ਨਾਲ ਦਰਬਾਰ ਸਾਹਿਬ ਦੇ ਪ੍ਰਵੇਸ਼ ਦਵਾਰ ਦਾ ਇੱਕ ਹਿੱਸਾ ਨੁਕਸਾਨਿਆਂ ਗਿਆ ਹੈ। ਮੈਨੂੰ ਇਸ ਬਾਰੇ ਹਨੇਰੇ 'ਚ ਰੱਖਿਆ ਗਿਆ ਹੈ। ਬੀ.ਐਸ.ਐਫ਼ ਅਤੇ ਪੀ.ਏ.ਪੀ. ਦੇ ਜਵਾਨਾ 'ਚ ਇਸ ਬਾਰੇ ਰੋਸ ਹੈ। ਮੈਨੂੰ ਇਤਲਾਹਾਂ ਮਿਲੀਆਂ ਨੇ ਕਿ ਪਿੰਡਾਂ 'ਚੋਂ ਦਰਬਾਰ ਸਾਹਿਬ ਦੀ ਰਾਖੀ ਲਈ ਬਹੁਤ ਸਾਰੇ ਲੋਕ ਅੰਮ੍ਰਿਤਸਰ ਵੱਲ ਨੂੰ ਤੁਰ ਪਏ ਨੇ। ਅਜੇ ਵੀ ਸੰਭਲਣ ਦਾ ਵੇਲਾ ਹੈ। ਇਸ ਸੰਦੇਸ਼ ਦੀ ਨਕਲ ਉਨ੍ਹਾਂ ਨੇ ਆਪਣੇ ਆਈ.ਜੀ. ਸ੍ਰੀ ਤ੍ਰਿਪਾਠੀ ਨੂੰ ਵੀ ਘੱਲੀ। 4 ਜੂਨ ਦੁਪਹਿਰ ਵੇਲੇ ਮਿਸਟਰ ਤ੍ਰਿਪਾਠੀ ਨੇ ਸ. ਪੰਧੇਰ ਕੋਲ ਪਹੁੰਚ ਕੇ ਇਸ ਗੱਲ ਦਾ ਗ਼ੁੱਸਾ ਦਿਖਾਇਆ ਕਿ ਉਹਨੇ ਮੇਰੀ ਸ਼ਿਕਾਇਤ ਡਾਇਰੈਕਟਰ ਜਨਰਲ ਕੋਲ ਕਿਉਂ ਕੀਤੀ। ਪੰਧੇਰ ਨੇ ਦੱਸਿਆ ਕਿ ਇਹ ਤੁਹਾਡੀ ਸ਼ਿਕਾਇਤ ਨਹੀਂ ਸੀ ਬਲਕਿ ਮੇਰਾ ਆਪਣਾ ਵਿਚਾਰ ਸੀ ਜੋ ਮੈਂ ਦੱਸਿਆ। ਆਈ.ਜੀ. ਤ੍ਰਿਪਾਠੀ ਨੇ ਪੰਧੇਰ ਨੂੰ ਕਿਹਾ ਕਿ ਫ਼ੌਜੀ ਆਪ੍ਰੇਸ਼ਨ ਦਾ ਫ਼ੈਸਲਾ ਸਰਕਾਰ ਦਾ ਹੈ ਸਾਡਾ ਨਹੀਂ।
ਪਰ ਲੁਧਿਆਣਾ ਜ਼ਿਲ੍ਹੇ 'ਚ ਪੈਂਦੇ ਪਿੰਡ ਰਾੜਾ ਸਾਹਿਬ ਦੇ ਜੰਮਪਲ ਸ. ਗੁਰਦਿਆਲ ਸਿੰਘ ਪੰਧੇਰ ਨੇ ਤ੍ਰਿਪਾਠੀ ਨੂੰ ਕਿਹਾ ਕਿ ਮੈਂ ਦਰਬਾਰ ਸਾਹਿਬ 'ਤੇ ਇਸ ਤਰ੍ਹਾਂ ਦੇ ਹਮਲੇ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ ਭਾਵੇਂ ਮੈਨੂੰ ਹੁਣੇ ਬਰਖ਼ਾਸਤ ਕਰ ਦਿਉ। ਤ੍ਰਿਪਾਠੀ ਨੇ ਪੰਧੇਰ ਨੂੰ ਇੱਕ ਮਹੀਨੇ ਦੀ ਛੁੱਟੀ ਘੱਲਦਿਆਂ ਉਸ ਦੀ ਥਾਂ 'ਤੇ ਚਾਰਜ ਡੀ.ਆਈ.ਜੀ. ਚਤੁਰਵੇਦੀ ਨੂੰ ਦੇ ਦਿੱਤਾ। ਉਸੇ ਵਕਤ ਬੀ.ਐਸ.ਐਫ਼ ਦੀ ਗੱਡੀ ਸ. ਪੰਧੇਰ ਨੂੰ ਉਹਦੇ ਟੱਬਰ ਸਣੇ ਉਹਦੇ ਪਿੰਡ ਰਾੜਾ ਸਾਹਿਬ ਛੱਡ ਆਈ। ਆਈ.ਜੀ. ਤ੍ਰਿਪਾਠੀ ਨੇ ਪੰਧੇਰ ਨਾਲ ਮੀਟਿੰਗ ਤੋਂ ਬਾਅਦ ਆਪਣੇ ਡਾਇਰੈਕਟਰ ਜਨਰਲ ਨੂੰ ਸਿਗਨਲ ਭੇਜ ਕੇ ਪੰਧੇਰ ਵੱਲੋਂ ਸਾਰੇ ਉਠਾਏ ਗਏ ਨੁਕਤੇ ਰੱਦ ਕਰ ਦਿੱਤੇ। ਉਹਨੇ ਲਿਖਿਆ ਕਿ ਬੀ.ਐਸ.ਐਫ. ਤੇ ਪੀ.ਏ.ਪੀ. ਦੇ ਜਵਾਨਾ ਵਿੱਚ ਕੋਈ ਨਰਾਜ਼ਗੀ ਨਹੀਂ ਹੈ ਅਤੇ ਨਾ ਹੀ ਪਿੰਡਾਂ ਵਿੱਚੋਂ ਲੋਕ ਅੰਮ੍ਰਿਤਸਰ ਵੱਲ ਨੂੰ ਆ ਰਹੇ ਨੇ। ਤ੍ਰਿਪਾਠੀ ਨੇ ਇਹ ਵੀ ਲਿਖਿਆ ਕਿ ਪੰਧੇਰ ਸਰਕਾਰੀ ਡਿਊਟੀ ਦੀ ਬਿਜਾਏ ਆਪਣੇ ਧਰਮ ਪ੍ਰਤੀ ਬਜ਼ਿਦ ਹੈ। ਇਸ ਕਰਕੇ ਉਸ 'ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਉਸ ਨੂੰ ਸੰਵਿਧਾਨ ਦੀ ਦਫ਼ਾ 311 ਤਹਿਤ ਨੌਕਰਿਓਂ ਬਰਖ਼ਾਸਤ ਕਰਨ ਦਾ ਕੇਸ ਵੀ ਤਿਆਰ ਹੋ ਗਿਆ। ਇਸ ਦਫ਼ਾ ਤਹਿਤ ਬਰਖ਼ਾਸਤ ਕੀਤੇ ਜਾਣ ਵਾਲੇ ਕਿਸੇ ਮੁਲਾਜ਼ਮ ਨੂੰ ਇਹ ਨਹੀਂ ਦੱਸਿਆ ਜਾਂਦਾ ਕਿ ਤੈਨੂੰ ਕਿਹੜੇ ਕਸੂਰ ਹੇਠ ਬਰਖ਼ਾਸਤ ਕੀਤਾ ਗਿਆ ਹੈ ਨਾ ਹੀ ਇਹਦੀ ਕਿਸੇ ਅਦਾਲਤ ਕੋਲ ਅਪੀਲ ਹੋ ਸਕਦੀ ਹੈ। ਪਰ ਸ. ਪੰਧੇਰ ਦੀ ਅਜਿਹੀ ਬਰਖ਼ਾਸਤਗੀ ਤਾਂ ਭਾਵੇਂ ਨਹੀਂ ਹੋਈ ਪਰ ਸਾਲਾਂ ਬੱਧੀ ਹੋਣ ਵਾਲੀ ਇਨਕੁਆਰੀ ਰਾਹੀਂ ਮਾਨਸਿਕ ਧੂਹ ਘੜੀਸ ਜ਼ਰੂਰ ਹੁੰਦੀ ਰਹੀ।
ਜਿਸ ਮੀਟਿੰਗ ਦਾ ਉੱਪਰ ਜ਼ਿਕਰ ਕੀਤਾ ਗਿਆ ਹੈ ਉਹ ਮੀਟਿੰਗ 3 ਜੂਨ ਨੂੰ ਸਵੇਰੇ ਅੰਮ੍ਰਿਤਸਰ ਦੀ ਫ਼ੌਜੀ ਛਾਉਣੀ ਵਿੱਚ ਹੋਈ ਸੀ। ਉਸ ਮੀਟਿੰਗ ਵਿੱਚ ਫ਼ੌਜ, ਪੁਲੀਸ, ਸਿਵਲ ਅਤੇ ਖ਼ੁਫ਼ੀਆ ਮਹਿਕਮੇ ਦੇ ਆਲਾ ਅਫ਼ਸਰਾਂ ਨੇ ਸ਼ਿਰਕਤ ਕੀਤੀ ਸੀ। 2 ਜੂਨ ਸ਼ਾਮ ਨੂੰ ਗਵਰਨਰ ਭੈਰੋਂ ਦੱਤ ਪਾਂਡੇ ਨੇ ਅੰਮ੍ਰਿਤਸਰ ਦੇ ਡੀ.ਸੀ. ਸ. ਗੁਰਦੇਵ ਸਿੰਘ ਬਰਾੜ ਨੂੰ ਆਖਿਆ ਕਿ ਉਹ ਇੱਕ ਚਿੱਠੀ ਲਿਖ ਕੇ ਸਿਵਲ ਪ੍ਰਸ਼ਾਸਨ ਦੀ ਸਹਾਇਤਾ ਲਈ ਫ਼ੌਜ ਸੱਦਣ ਦੀ ਮੰਗ ਕਰੇ। ਭਾਵੇਂ ਪੰਜਾਬ 'ਤੇ ਫ਼ੌਜ ਚਾੜ੍ਹਨ ਦਾ ਫ਼ੈਸਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਸੀ ਇਸ ਸਬੰਧੀ ਫ਼ੌਜ ਪੰਜਾਬ ਵੱਲ ਨੂੰ ਤੁਰ ਪਈ ਸੀ ਅਤੇ ਇਸ ਕੁਮਕ ਦਾ ਪਹਿਲਾ ਹਿੱਸਾ 29 ਮਈ ਨੂੰ ਹੀ ਮੇਰਠ ਤੋਂ 465 ਕਿੱਲੋਮੀਟਰ ਦਾ ਸਫ਼ਰ ਤੈਅ ਕਰਕੇ ਅੰਮ੍ਰਿਤਸਰ ਪੁੱਜ ਵੀ ਗਿਆ ਸੀ। ਪਰ ਸਰਕਾਰ ਨੇ ਲੋਕਾਂ ਨੂੰ ਇਹ ਦੱਸਣਾ ਸੀ ਕਿ ਫ਼ੌਜ ਡੀ.ਸੀ. ਅੰਮ੍ਰਿਤਸਰ ਦੇ ਸੱਦੇ 'ਤੇ ਆਈ ਹੈ। ਇਹ ਸੋਚ ਕੇ 2 ਜੂਨ ਨੂੰ ਡੀ.ਸੀ. ਨੂੰ ਹੁਕਮ ਕੀਤਾ ਗਿਆ ਕਿ ਡੀ.ਸੀ. ਦੀ ਕੀ ਮਜਾਲ ਕਿ ਉਹ ਸਰਕਾਰ ਵੱਲੋਂ ਲੋਕਾਂ 'ਤੇ ਅੱਖੀਂ ਘੱਟਾ ਪਾਉਣ ਵਾਲੀ ਕਾਰਵਾਈ 'ਤੇ ਦਸਖ਼ਤ ਨਾ ਕਰੇ। ਪਰ ਸ. ਬਰਾੜ ਵੱਲੋਂ ਨਾਂਹ ਕਰਨ 'ਤੇ ਡੀ.ਸੀ. ਨੂੰ ਡੀ.ਆਈ.ਜੀ. ਪੰਧੇਰ ਵਾਂਗ ਬਦਲਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿ ਗਿਆ ਸੀ। ਗਵਰਨਰ ਨੇ ਸ. ਬਰਾੜ ਨੂੰ ਕਿਹਾ ਕਿ ਮੈਂ ਸਵੇਰ ਥਾਈਂ ਨਵਾਂ ਡੀ.ਸੀ. ਘੱਲ ਰਿਹਾ ਹਾਂ। ਸੋ ਤੁਸੀਂ ਅੰਮ੍ਰਿਤਸਰ ਛਾਉਣੀ ਵਿੱਚ ਫ਼ੌਜ ਵੱਲੋਂ ਸੱਦੀ ਗਈ ਮੀਟਿੰਗ ਵਿੱਚ ਬਤੌਰ ਡੀ.ਸੀ. ਕਰੀਓ। ਇਸ ਮੁਤਾਬਿਕ ਸ. ਗੁਰਦੇਵ ਸਿੰਘ ਬਰਾੜ ਮੀਟਿੰਗ ਵਿੱਚ ਪਹੁੰਚ ਗਏ।
ਮੀਟਿੰਗ ਵਿੱਚ ਕੰਧ 'ਤੇ ਦਰਬਾਰ ਸਾਹਿਬ ਕੰਪਲੈਕਸ ਦਾ ਵੱਡਾ ਨਕਸ਼ਾ ਟੰਗਿਆ ਹੋਇਆ ਸੀ, ਜਨਰਲ ਕੁਲਦੀਪ ਸਿੰਘ ਬਰਾੜ ਸੋਟੀ ਨਕਸ਼ੇ 'ਤੇ ਘੁੰਮਾ ਕੇ ਦੱਸ ਰਿਹਾ ਸੀ ਕਿ ਫ਼ੌਜ ਇਵੇਂ-ਇਵੇਂ ਕਾਰਵਾਈ ਕਰੇਗੀ। ਖਾੜਕੂਆਂ ਨੂੰ ਕਾਬੂ ਕਰਨ ਦੀ ਇਹ ਕਾਰਵਾਈ ਵੱਧ ਤੋਂ ਵੱਧ 2 ਘੰਟਿਆਂ ਵਿੱਚ ਨਿੱਬੜ ਜਾਵੇਗੀ। ਜਨਰਲ ਬਰਾੜ ਵੱਲੋਂ ਦੱਸਣ ਦਾ ਭਾਵ ਅਰਥ ਇਹ ਸੀ ਕਿ ਖਾੜਕੂ ਫ਼ੌਜ ਨੂੰ ਦੇਖ ਕੇ ਹੱਥ ਜੋੜ ਕੇ ਖੜ੍ਹ ਜਾਣਗੇ ਤੇ ਫੌਜ ਉਨ੍ਹਾਂ ਨੂੰ ਘੜੀਸ ਕੇ ਬਾਹਰ ਲੈ ਆਵੇਗੀ। ਆਪਣੇ ਵੱਲੋਂ ਮਾਰੀਆਂ ਗਈਆਂ ਬੜ੍ਹਕਾਂ ਤੋਂ ਬਾਅਦ ਉਨ੍ਹਾਂ ਨੇ ਸ਼ਾਂਤ ਚਿੱਤ ਬੈਠੇ ਡੀ.ਸੀ. ਬਰਾੜ ਨੂੰ ਸਵਾਲ ਕੀਤਾ 'ਮਿਸਟਰ ਗੁਰਦੇਵ ਸਿੰਘ ਵੱਟ ਇਜ਼ ਯੁਅਰ ਓਪੀਨੀਅਨ ?' (ਕਿਉਂ ਬਰਾੜ ਸਾਹਿਬ ਤੁਹਾਡਾ ਕੀ ਖ਼ਿਆਲ ਹੈ' ਤਾਂ ਡੀ.ਸੀ. ਸਾਹਿਬ ਨੇ ਅੰਗਰੇਜ਼ੀ 'ਚ ਜਵਾਬ ਦਿੱਤਾ 'ਹੀ ਵਿੱਲ ਨੌਟ ਗਿਵ ਅੱਪ' (ਉਹ ਗੋਡੇ ਨਹੀਂ ਟੇਕੇਗਾ) ਇਹ ਗੱਲ ਸੁਣ ਕੇ ਜਨਰਲ ਬਰਾੜ ਫਿਰ ਛੱਤ ਨਾਲ ਵੱਜਣ ਵਾਂਗੂ ਭੜਕਿਆ ਤੇ ਕਿਹਾ 'ਜਦੋਂ ਟੈਂਕ ਗੜਗੜਾਉਂਦੇ ਹਨ, ਜਹਾਜ਼ ਸ਼ੂਕਦੇ ਹਨ ਅਤੇ ਜ਼ਮੀਨ ਅੱਗ ਛੱਡਣ ਲੱਗਦੀ ਹੈ ਤਾਂ ਕਹਿੰਦੇ ਕਰਾਉਂਦੇ ਜਰਨੈਲਾਂ ਦੀਆਂ ਵੀ ਪਤਲੂਨਾਂ ਅੰਦਰ ਲੱਤਾਂ ਕੰਬਲ ਲੱਗ ਪੈਂਦੀਆਂ ਹਨ। ਦੇਖ ਲੈਣਾ, ਇਹ ਸ਼ਖ਼ਸ (ਭਾਵ ਸੰਤ ਜਰਨੈਲ ਸਿੰਘ) ਵੀ ਸਿਰਫ਼ ਦੋ ਘੰਟਿਆ ਅੰਦਰ ਹੀ ਗੋਡਿਆਂ ਪਰਨੇ ਹੋ ਜਾਵੇਗਾ।' ਡੀ.ਸੀ. ਗੁਰਦੇਵ ਸਿੰਘ ਬਰਾੜ ਨੇ ਬੜੀ ਹਲੀਮੀ ਨਾਲ ਜਨਰਲ ਕੁਲਦੀਪ ਸਿੰਘ ਬਰਾੜ ਨੂੰ ਕਿਹਾ, 'ਜਨਰਲ ਸਾਹਿਬ ਦਿਸ ਇਜ਼ ਯੂਅਰ ਓਪੀਨੀਅਨ ਦੈਟ ਯੂ ਮੇ ਹੈਵ, ਯੂ ਹੈਵ ਆਸਕਡ ਮਾਈ ਓਪੀਨੀਅਨ ਵਿਚ ਆਈ ਹੈਵ ਗਿਵਨ।'' (ਜਨਰਲ ਸਾਹਿਬ ਇਹ ਤੁਹਾਡਾ ਖ਼ਿਆਲ ਹੈ, ਤੁਸੀਂ ਮੇਰਾ ਖ਼ਿਆਲ ਪੁੱਛਿਆ ਸੀ ਜੋ ਮੈਂ ਦੱਸ ਦਿੱਤਾ ਹੈ।)
ਇਹੀ ਸਵਾਲ ਮੀਟਿੰਗ ਵਿੱਚ ਕੁਲਦੀਪ ਸਿੰਘ ਬਰਾੜ ਨੇ ਖਾੜਕੂਆਂ ਨੂੰ ਬਾਹਰ ਘੜੀਸ ਲਿਆਉਣ ਦੀ ਕਾਰਵਾਈ ਨੂੰ ਨਿੱਕਾ ਜਿਹਾ ਕੰਮ ਦੱਸਦਿਆਂ ਅੰਗਰੇਜ਼ੀ 'ਚ ਕਿਹਾ, 'ਦਿਸ ਇਜ਼ ਏ ਮਾਈਨਰ ਸਰਜੀਕਲ ਆਪ੍ਰੇਸ਼ਨ' ਜੇ ਇਹਨੂੰ ਮੁਹਾਵਰੇ 'ਚ ਕਹਿਣਾ ਹੋਵੇ ਤਾਂ ਜਨਰਲ ਬਰਾੜ ਨੇ ਇਸ ਨੂੰ ਪੈਰ 'ਚੋਂ ਕੰਡਾ ਕੱਢਣ ਜਿੰਨਾ ਕੰਮ ਦੱਸਿਆ। ਉੱਥੇ ਹਾਜ਼ਰ ਡੀ.ਆਈ.ਜੀ. ਪੰਧੇਰ ਨੇ ਬਰਾੜ ਨੂੰ ਕਿਹਾ ਕਿ, 'ਨੋ ਸਰ ! ਨੌਟ ਮਾਈਨਰ ਬਟ ਇਟ ਵਿੱਲ ਬੀ ਮੇਜਰ ਆਪ੍ਰੇਸ਼ਨ ਭਿੰਡਰਾਵਾਲੇ ਹੈਜ਼ 100 ਕੁਮਿਟਡ ਫੌਲੋਅਰਜ਼ ਦੇ ਵਿੱਲ ਪਰੈਫਰ ਟੂ ਡਾਈ ਦੈਨ ਸੁਰੈਂਡਰ' (ਨਹੀਂ ਸ੍ਰੀਮਾਨ ਜੀ ਇਹ ਛੋਟਾ ਕੰਮ ਨਹੀਂ ਹੈ ਬਲਕਿ ਬਹੁਤ ਵੱਡਾ ਕੰਮ ਹੈ। ਭਿੰਡਰਾਂਵਾਲੇ ਕੋਲ 100 ਪੱਕੇ ਸਮਰਥਕ ਨੇ ਜੋ ਆਤਮ ਸਮਰਪਣ ਨਾਲੋਂ ਮਰਨ ਨੂੰ ਤਰਜੀਹ ਦੇਣਗੇ।) ਸ. ਪੰਧੇਰ ਨੇ ਇਹ ਵੀ ਦੱਸਿਆ ਕਿ ਜੇ ਭਿੰਡਰਾਂਵਾਲੇ ਨੇ ਆਤਮ ਸਮਰਪਣ ਕਰ ਵੀ ਦਿੱਤਾ ਤਾਂ ਉਹਦੀ ਥਾਂ ਹੋਰ ਲੋਕ ਲੜਣਗੇ। ਚੰਗਾ ਇਹ ਹੋਵੇਗਾ ਕਿ ਕਿਸੇ ਨਾ ਕਿਸੇ ਤਰੀਕੇ ਪਹਿਲਾਂ ਨਿਰਦੋਸ਼ ਬੰਦਿਆਂ ਨੂੰ ਬਾਹਰ ਕੱਢ ਲਓ ਤੇ ਫਿਰ ਹਮਲਾ ਕਰੀਓ। ਇਹ ਸੁਣ ਕੇ ਜਨਰਲ ਬਰਾੜ ਨੇ ਪੰਧੇਰ ਦੀ ਦਲੀਲ ਨੂੰ ਰੱਦ ਕਰਦਿਆਂ ਗਰਜ ਕੇ ਇੱਕ ਹੋਰ ਬੜ੍ਹਕ ਮਾਰੀ ਕਹਿੰਦਾ 'ਨੌਟ ਆਈ ਐਮ ਏ ਜੱਟ ਸਿੱਖ' (ਮੈਂ ਵੀ ਜੱਟ ਸਿੱਖ ਹਾਂ) ਜਨਰਲ ਬਰਾੜ ਵੱਲੋਂ ਮਾਰੀਆਂ ਜਾ ਰਹੀਆਂ ਬੜ੍ਹਕਾਂ ਦਾ ਬੜੀ ਦਲੇਰੀ ਨਾਲ ਜਵਾਬ ਦਿੰਦਿਆਂ ਸ. ਪੰਧੇਰ ਨੇ ਕਿਹਾ ਕਿ ਜੱਟ ਸਿੱਖ ਦੀਆਂ ਦੋ ਨਿਸ਼ਾਨੀਆਂ ਹੁੰਦੀ ਨੇ, ਪਹਿਲੀ ਇਹ ਕਿ ਉਹਦੇ ਦਾੜ੍ਹੀ ਕੇਸ ਹੁੰਦੇ ਨੇ, ਦੂਜੀ ਇਹ ਕਿ ਉਹ ਪਿੰਡ ਵਿੱਚ ਜੰਮਿਆ ਪਲਿਆ ਹੁੰਦਾ ਹੈ। ਤੂੰ ਕਾਹਦਾ ਜੱਟ ਸਿੱਖ ਨਾ ਤੂੰ ਪਿੰਡ 'ਚ ਰਿਹੈਂ ਦੂਜਾ ਤੂੰ ਹੈਂ ਸਫ਼ਾ ਚੱਟ।
ਪੰਧੇਰ ਨੇ ਆਪਣੇ ਤਜਰਬੇ ਦਾ ਹਵਾਲਾ ਦਿੰਦਿਆਂ ਆਖਿਆ ਕਿ ਮੈਂ ਭਾਰਤ ਦੇ ਉੱਤਰ ਪੱਛਮੀ ਸੂਬਿਆਂ ਵਿੱਚ ਨੌਕਰੀ ਕੀਤੀ ਹੈ ਜਿੱਥੇ ਮੇਰੇ ਕੋਲ ਖਾੜਕੂਆਂ ਨਾਲ ਨਜਿੱਠਣ ਦਾ ਕਾਫ਼ੀ ਤਜ਼ਰਬਾ ਹੈ। ਖਾੜਕੂਆਂ ਨੂੰ ਤੁਸੀਂ ਤਾਕਤ ਦੇ ਜ਼ੋਰ ਨਾਲ ਕਦੇ ਵੀ ਝੁਕਾ ਨਹੀਂ ਸਕਦੇ। ਉਹ ਵਧੀਆ ਵਰਤਾਅ ਨਾਲ ਹੀ ਕੰਮ ਬਣਦਾ ਹੈ। ਮੀਟਿੰਗ ਵਿੱਚ ਹਾਜ਼ਰ ਕੇਂਦਰੀ ਇੰਟੈਲੀਜੈਂਸ ਬਿਉਰੋ ਦੇ ਅੰਮ੍ਰਿਤਸਰ ਵਾਲੇ ਜੁਆਇੰਟ ਡਾਇਰੈਕਟਰ ਐਮ.ਪੀ.ਐਸ. ਔਲਖ ਨੇ ਵੀ ਬਰਾੜ ਨੂੰ ਕਿਹਾ ਕਿ ਇਹ ਕੰਮ ਐਡਾ ਸੁਖਾਲਾ ਨਹੀਂ ਜਿੱਡਾ ਤੁਸੀਂ ਸਮਝਦੇ ਹੋ। ਪੰਜਾਬ ਸੀ.ਆਈ.ਡੀ. ਦੇ ਐਸ.ਪੀ. ਸੁਰਜੀਤ ਸਿੰਘ ਨੇ ਵੀ ਬਰਾੜ ਨੂੰ ਕਿਹਾ ਕਿ ਇਸ ਕੰਮ ਨੂੰ ਨਿੱਕਾ ਜਿਹਾ ਕੰਮ ਸਮਝਣਾ ਭੁੱਲ ਹੈ।
ਬਾਅਦ ਵਿੱਚ ਜਦੋਂ ਜਨਰਲ ਬਰਾੜ ਦੇ ਸਾਰੇ ਅੰਦਾਜ਼ੇ ਸਿਰ ਪਰਨੇ ਹੋਏ ਤਾਂ ਉਹਨੇ ਇਸ ਦੀ ਜ਼ਿੰਮੇਵਾਰੀ ਖ਼ੁਫ਼ੀਆ ਏਜੰਸੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਦੀ ਕਮੀ 'ਤੇ ਸੁੱਟੀ। ਹਾਲਾਂਕਿ ਬਰਾੜ ਵੱਲੋਂ ਮਾਰੀਆਂ ਗਈਆਂ ਬੜ੍ਹਕਾਂ ਨੂੰ ਜਦੋਂ ਕਿਸੇ ਨੇ ਭੋਰਾ ਵੀ ਟੋਕਣ ਦੀ ਕੋਸ਼ਿਸ਼ ਕੀਤੀ ਤਾਂ ਬਰਾੜ ਉਹਨੂੰ ਖਾਣ ਵਾਂਗੂ ਪਿਆ। ਇੱਥੇ ਸਪਸ਼ਟ ਹੋ ਜਾਂਦਾ ਹੈ ਕਿ ਜਨਰਲ ਬਰਾੜ ਕੋਲ ਕਿਸੇ ਜਾਣਕਾਰੀ ਦੀ ਘਾਟ ਨਹੀਂ ਸੀ ਬਲਕਿ ਉਹ ਸਿਰਾਂ ਅਤੇ ਸੀਸਾਂ ਦਾ ਫ਼ਰਕ ਸਮਝਣ ਵਿੱਚ ਫ਼ੇਲ੍ਹ ਰਿਹਾ।
---------
04-06-2019
Gurpreet Singh Johal
+91-887-2664000