ਬਲਿਊ ਸਟਾਰ ਦੀ ਵਰ੍ਹੇ ਗੰਢ ਮੌਕੇ ਦਰਬਾਰ ਸਾਹਿਬ 'ਚ ਖ਼ਾਲਿਸਤਾਨ-ਪੱਖੀ ਨਾਹਰੇ
ਜਥੇਦਾਰ ਅਕਾਲ ਤਖ਼ਤ ਨੇ ਦਿੱਤਾ ਕੌਮ ਦੇ ਨਾਂ ਸੰਦੇਸ਼
ਅੰਮ੍ਰਿਤਸਰ , 6 ਜੂਨ 2019 : ਹਮੇਸ਼ਾ ਵਾਂਗ ਇਸ ਵਾਰ ਵੀ ਸਾਕਾ ਨੀਲਾ ਤਾਰਾ ਦੇ ਵਰ੍ਹੇ ਗੰਢ ਦੇ ਮੌਕੇ ਗਰਮ ਖ਼ਿਆਲੀ ਜਥੇਬੰਦੀਆਂ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਕਰਿੰਦਿਆਂ ਨੇ ਦਰਬਾਰ ਸਾਹਿਬ ਕੰਪਲੈਕਸ ' ਚ ਖ਼ਾਲਿਸਤਾਨ ਪੱਖੀ ਨਾਅਰੇਬਾਜ਼ੀ ਕੀਤੀ . ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਲਿਊ ਸਟਾਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਰੱਖੇ ਗਏ ਸਮਾਗਮ ਦੌਰਾਨ ਬੇਸ਼ੱਕ ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਆਪਣਾ ਸੰਦੇਸ਼ ਵੀ ਦਿੱਤਾ ਪਰ ਇਸੇ ਦੌਰ ਪੰਡਾਲ ਵੱਲ ਵਧ ਰਹੇ ਗਰਮ-ਖ਼ਿਆਲੀ ਜਥੇਬੰਦੀਆਂ ਦੇ ਵਰਕਰਾਂ ਨਾਲ - ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਦੀ ਖਿੱਚ -ਧੂਹ ਵੀ ਹੋਈ .ਖ਼ਾਲਿਸਤਾਨ ਪੱਖੀ ਨਾਹਰੇ ਲਾਉਣ ਵਾਲਿਆਂ 'ਚ ਕਈਆਂ ਨੇ ਨੰਗੀਆਂ ਤਲਵਾਰਾਂ ਵੀ ਲਹਿਰਾਈਆਂ .
ਇਸ ਮੌਕੇ ਅਕਾਲ ਤਖ਼ਤ ਸਾਹਿਬ ਵਿਖੇ ਕਰਾਏ ਧਾਰਮਿਕ ਸਮਾਗਮ ਵਿਚ ਸਿੱਖ ਜੱਥੇਬੰਦੀਆਂ ਤੋਂ ਇਲਾਵਾ ਭਾਰੀ ਗਿਣਤੀ ਵਿਚ ਸਿੱਖ ਸੰਗਤਾਂ ਪੁੱਜੀਆਂ । ਸਿੱਖ ਸੰਗਤਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਘਬੀਰ ਸਿੰਘ ਨੇ ਸੰਬੋਧਨ ਕੀਤਾ ਗਿਆ . ਇਸ ਮੌਕੇ ਸਾਕਾ ਨੀਲਾ ਤਾਰਾ ਦੌਰਾਨ ਸ਼ਹੀਦ ਹੋਏ ਸਿੱਖਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ,ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ, ਜਥੇਦਾਰ ਕੇਸਗੜ੍ਹ ਸਾਹਿਬ ਗਿਆਨੀ ਰਘਬੀਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਨਿਹੰਗ ਸਿੰਘ ਜਥੇਬੰਦੀਆਂ ,ਟਕਸਾਲਾਂ, ਕਾਰ ਸੇਵਾ ਸੰਪਰਦਾਵਾਂ ਤੇ ਸਿੱਖ ਸੰਸਥਾਵਾਂ ਦੇ ਮੁਖੀ, ਸ਼੍ਰੋਮਣੀ ਕਮੇਟੀ ਮੈਂਬਰ ਤੇ ਸਟਾਫ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ।