ਜਨਰਲ ਕੁਲਦੀਪ ਸਿੰਘ ਬਰਾੜ ਫਾਈਲ ਫੋਟੋ
ਸਾਕਾ ਦਰਬਾਰ ਸਾਹਿਬ ਜੂਨ 1984
ਜਦੋਂ ਜਨਰਲ ਬਰਾੜ ਦੇ ਮਾਮੇ ਨੇ ਕੀਤਾ ਐਲਾਨ ," ਮੈਂ ਭਾਣਜੇ ਨੂੰ ਮਾਰ ਦੇਣੈ "
ਗੁਰਪ੍ਰੀਤ ਸਿੰਘ ਮੰਡਿਆਣੀ
ਦਰਬਾਰ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਕਾਰਨ ਸਿੱਖਾਂ ਦੇ ਜਜ਼ਬਾਤ ਇਸ ਕਦਰ ਭੜਕੇ ਕਿ ਇਸ ਹਮਲੇ ਦੇ ਮੁਰ੍ਹੈਲੀ ਲੈਫ਼ਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ਵਰਗਿਆਂ ਦੇ ਰਿਸ਼ਤੇਦਾਰਾਂ ਨੇ ਉਹਨੂੰ ਲਾਹਨਤਾਂ ਪਾਉਂਦਿਆਂ ਉਹਦੇ ਨਾਲ ਵਰਤ-ਵਰਤਾਅ ਛੱਡ ਦਿੱਤਾ। ਕੁਲਦੀਪ ਸਿੰਘ ਬਰਾੜ ਪੱਤਰਕਾਰ ਕੰਵਰ ਸੰਧੂ ਨਾਲ ਕੋਈ ਇੰਟਰਵਿਊ ਵਿੱਚ ਦੱਸਦਾ ਹੈ ਕਿ ਮੇਰਾ ਇੱਕ ਮਾਮਾ ਜੋ ਕਿ ਇੰਗਲੈਂਡ ਵਿੱਚ ਰਹਿੰਦਾ ਸੀ ਉਹਦੇ ਨਾਲ ਮੇਰੇ ਬਹੁਤ ਨਿੱਘੇ ਸਬੰਧ ਸਨ। ਦਰਬਾਰ ਸਾਹਿਬ 'ਤੇ ਫ਼ੌਜੀ ਧਾਵੇ ਨੂੰ ਉਹ ਆਪਣੇ ਧਰਮ 'ਤੇ ਹਮਲਾ ਸਮਝਣ ਲੱਗ ਪਿਆ। ਹਾਲਾਂਕਿ ਉਹ ਰਹਿਤੀਆ ਸਿੱਖ ਨਹੀਂ ਸੀ, ਵਲੈਤ ਵਿੱਚ ਰਹਿਣ ਵਾਲੇ ਔਸਤਨ ਲੋਕਾਂ ਵਾਂਗ ਉਹ ਸ਼ਰਾਬਖ਼ਾਨੇ ਜਾਣ ਦਾ ਵੀ ਸ਼ੌਕੀਨ ਸੀ। ਬਰਾੜ ਕਹਿੰਦਾ ਹੈ ਕਿ ਪਰ ਮੇਰੇ ਵੱਲੋਂ ਇਸ ਹਮਲੇ ਦੀ ਕਮਾਂਡ ਕਰਨ ਕਰਕੇ ਉਹ ਮੇਰੇ 'ਤੇ ਐਨਾ ਲੋਹਾ ਲਾਖਾ ਹੋਇਆ ਕਿ ਉਹ ਮੈਨੂੰ ਮਾਰਨ 'ਤੇ ਉਤਾਰੂ ਹੋ ਗਿਆ। ਬਰਾੜ ਦੇ ਮਾਮੇ ਨੇ ਆਪਣੀ ਭੈਣ ਤੇ ਜਰਨਲ ਬਰਾੜ ਦੀ ਮਾਤਾ ਤੇ ਉਹਦੇ ਪਿਓ ਨੂੰ ਦੱਸ ਦਿੱਤਾ ਸੀ ਕਿ ਮੈਂ ਆਪਣੇ ਭਾਣਜੇ ਨੂੰ ਮਾਰ ਦੇਣਾ ਹੈ। ਉਹਦੇ ਮਾਮੇ ਨੇ ਇਹ ਵੀ ਕਿਹਾ ਕਿ ਇਹ ਤੋਂ ਪਹਿਲਾਂ ਕਿ ਸਿੱਖ ਖਾੜਕੂ ਉਹਨੂੰ ਮਾਰਨ ਮੈਂ ਹੀ ਉਹਨੂੰ ਮਾਰ ਦਿਊਂਗਾ। ਹਮਲੇ ਦੇ ਪਹਿਲਾਂ ਦੇ ਹਾਲਾਤ ਦੱਸਦਾ ਹੋਇਆ ਜਨਰਲ ਬਰਾੜ ਕਹਿੰਦਾ ਹੈ ਕਿ ਦਰਬਾਰ ਸਾਹਿਬ ਦੇ ਧਾਵੇ ਤੋਂ ਪਹਿਲਾਂ ਮੈਂ ਫ਼ੌਜ ਦੀਆਂ ਵੱਖ-ਵੱਖ ਯੂਨਿਟਾਂ ਵਿੱਚ ਗਿਆ। ਉੱਥੇ ਜਾ ਕੇ ਮੈਂ ਕਿਹਾ ਕਿ ਜੇ ਕੋਈ ਧਾਰਮਿਕ ਜਜ਼ਬਾਤਾਂ ਦੇ ਤਹਿਤ ਦਰਬਾਰ ਸਾਹਿਬ 'ਤੇ ਹਮਲੇ ਵਿੱਚ ਨਹੀਂ ਹੋਣਾ ਚਾਹੁੰਦਾ ਤਾਂ ਉਹ ਹੱਥ ਖੜ੍ਹਾ ਕਰ ਦੇਵੇ, ਉਹਨੂੰ ਕੁਝ ਨਹੀਂ ਕਿਹਾ ਜਾਵੇਗਾ। ਇਸ 'ਤੇ ਇੱਕ ਸਿੱਖ ਕੈਪਟਨ ਨੇ ਹੱਥ ਖੜ੍ਹਾ ਕੀਤਾ। ਮੈਂ ਉਹਨੂੰ ਕਿਹਾ ਕਿ ਕੋਈ ਗੱਲ ਨੀਂ ਇੱਕ ਪਾਸੇ ਹੋਜਾ ਤੈਨੂੰ ਕੁਝ ਨਹੀਂ ਕਹਿੰਦੇ। ਸਿੱਖ ਕੈਪਟਨ ਕਹਿੰਦਾ ਨਹੀਂ ਜਨਾਬ ! ਤੁਸੀਂ ਮੈਨੂੰ ਗ਼ਲਤ ਸਮਝਿਆ ਹੈ ਸਗੋਂ ਮੈਂ ਇਸ ਕਰਕੇ ਹੱਥ ਖੜ੍ਹਾ ਕੀਤਾ ਹੈ ਕਿ ਮੈਂ ਸਭ ਤੋਂ ਪਹਿਲਾਂ ਦਰਬਾਰ ਸਾਹਿਬ 'ਚ ਵੜਨਾ ਚਾਹੁੰਦਾ ਹਾਂ। ਸਿੱਖ ਅਫ਼ਸਰ ਦੇ ਉਤਸ਼ਾਹ ਨੂੰ ਦੇਖਦਿਆਂ ਬਰਾੜ ਨੇ ਉਹਦੇ ਕਮਾਂਡਰ ਨੂੰ ਕਿਹਾ ਕਿ ਇਹਦੀ ਟੋਲੀ ਨੂੰ ਸਭ ਤੋਂ ਮੂਹਰੇ ਲਾਇਆ ਜਾਵੇ। ਇਹ ਕੈਪਟਨ ਜਸਬੀਰ ਸਿੰਘ ਰੈਣਾ ਸੀ ਜੋ ਕਿ ਸਭ ਤੋਂ ਮੂਹਰੇ ਲੱਗਣ ਨੂੰ ਤਹੂ ਹੋਇਆ ਸੀ। ਇਹੀ ਕੈਪਟਨ ਜਸਬੀਰ ਸਿੰਘ ਰੈਣਾ ਸੀ ਜੋ 3 ਜੂਨ ਨੂੰ ਦਰਬਾਰ ਸਾਹਿਬ ਕੰਪਲੈਕਸ ਦੀ ਸੂਹ ਲੈਣ ਖ਼ਾਤਰ ਸ਼ਰਧਾਲੂਆਂ ਦੇ ਭੇਸ ਵਿੱਚ ਅੰਦਰ ਗੇੜਾ ਮਾਰ ਕੇ ਆਇਆ ਸੀ। ਕੈਪਟਨ ਰੈਣਾ, ਦਰਬਾਰ ਸਾਹਿਬ 'ਚ ਵੜਨ ਵਾਲੀ ਪਹਿਲੀ ਫ਼ੌਜੀ ਟੁਕੜੀ ਦੇ ਮੂਹਰੇ ਲੱਗਿਆ ਸੀ। ਘੰਟਾ ਘਰ ਗੇਟ ਵਾਲ਼ਿਓਂ ਪਾਸੋਂ ਜਿਉਂ ਹੀ ਇਸ ਟੁਕੜੀ ਨੇ ਆਪਣੇ ਕਦਮ ਪ੍ਰਕਰਮਾ ਵਿੱਚ ਧਰੇ ਤਾਂ ਨਾਲੋਂ ਨਾਲ ਹੀ ਇਨ੍ਹਾਂ ਦੇ ਗਿੱਟੇ ਸਿੱਖ ਖਾੜਕੂਆਂ ਵੱਲੋਂ ਛੱਡੀਆਂ ਗਈਆਂ ਗੋਲੀਆਂ ਨੇ ਭੁੰਨ ਸੁੱਟੇ। ਕੈਪਟਨ ਰੈਣਾ ਦੀਆਂ ਦੋਵੇਂ ਲੱਤਾਂ ਗੋਲੀਆਂ ਨਾਲ ਉੱਡ ਗਈਆਂ। ਜਨਰਲ ਬਰਾੜ ਦੱਸਦਾ ਹੈ ਕਿ ਇਸ ਟੋਲੀ ਦੇ ਕਮਾਂਡਰ ਇਸਰਾਰ ਖ਼ਾਨ ਨੇ ਮੈਨੂੰ ਦੱਸਿਆ ਕਿ ਕੈਪਟਨ ਰੈਣਾ ਫੱਟੜ ਹੋ ਗਿਆ ਹੈ ਉਹਨੂੰ ਚੁੱਕਣਾ ਚੱਕਰਾਂ ਹੈ ਪਰ ਉਹ ਮੰਨ ਨਹੀਂ ਰਿਹਾ ਤੇ ਸਗੋਂ ਰੀਂਗ-ਰੀਂਗ ਕੇ ਅਕਾਲ ਤਖ਼ਤ ਵੱਲ ਨੂੰ ਵੱਧ ਰਿਹਾ ਹੈ। ਮੈਂ ਇਸਰਾਰ ਖ਼ਾਨ ਨੂੰ ਕਿਹਾ ਕਿ ਨਹੀਂ ਮੈਂ ਉਹਦੀ ਖ਼ਾਤਰ ਐਂਬੂਲੈਂਸ ਘੱਲਦਾ ਹਾਂ ਤੇ ਉਹਨੂੰ ਜ਼ਬਰਦਸਤੀ ਚੱਕ ਕੇ ਬਾਹਰ ਲਿਆਓ। ਹਾਲਾਂਕਿ ਬਰਾੜ ਹੋਣੀ ਸਾਰੇ ਫ਼ੌਜੀ ਅਫ਼ਸਰ ਇਹ ਦਾਅਵਾ ਕਰਦੇ ਨੇ ਕਿ ਪ੍ਰਕਰਮਾ ਵਿੱਚ ਫ਼ਰਸ਼ ਤੋਂ 6 ਇੰਚ ਉੱਚੀਆਂ ਗੋਲੀਆਂ ਦੀ ਫਾਇਰਿੰਗ ਫ਼ੌਜੀਆਂ ਵੱਲ ਆ ਰਹੀ ਸੀ ਜੋ ਕਿ ਫ਼ੌਜੀਆਂ ਦੇ ਗਿੱਟਿਆਂ ਅਤੇ ਗੋਡਿਆਂ ਤੋਂ ਥੱਲੇ ਵੱਜ ਰਹੀ ਸੀ। 6 ਇੰਚ ਉੱਚੀ ਫਾਇਰਿੰਗ ਨਾਲ ਧਰਤੀ ਤੇ ਰੀਂਗ ਕੇ ਅਗਾਂਹ ਵਧਣਾ ਵੀ ਮੌਤ ਨੂੰ ਮਾਸੀ ਕਹਿਣਾ ਸੀ। ਇਸ ਹਾਲਤ ਵਿੱਚ ਇਹ ਸੰਭਵ ਨਹੀਂ ਕਿ ਕਰਨਲ ਰੈਣਾ ਰੀਂਗ ਰੀਂਗ ਕੇ ਅਕਾਲ ਤਖ਼ਤ ਵੱਲ ਨੂੰ ਵੱਧ ਰਿਹਾ ਹੋਵੇ। ਇਹ ਗੱਲ ਦੱਸ ਕੇ ਬਰਾੜ ਇੱਥੇ ਇਹ ਗੱਲ ਸਾਬਿਤ ਕਰਨੀ ਚਾਹੁੰਦਾ ਹੈ ਕਿ ਸਿੱਖ ਫ਼ੌਜੀ ਵੀ ਕਿੰਨੇ ਚਾਅ ਨਾਲ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਤਹੂ ਸਨ। ਹੋ ਸਕਦਾ ਹੈ ਕਿ ਕੈਪਟਨ ਰੈਣਾ ਨੇ ਵੀ ਅਕਾਲ ਤਖ਼ਤ ਸਾਹਿਬ ਦੇ ਕਬਜ਼ੇ ਨੂੰ ਖੱਬੇ ਹੱਥ ਦਾ ਖੇਲ੍ਹ ਸਮਝ ਕੇ ਬਰਾੜ ਦੀਆਂ ਅੱਖਾਂ ਦਾ ਤਾਰਾ ਬਣਨ ਖ਼ਾਤਰ ਸਭ ਤੋਂ ਮੂਹਰੇ ਲੱਗਣ ਦੀ ਫੜ੍ਹ ਮਾਰ ਦਿੱਤੀ ਹੋਵੇ। ਪਰ ਉਹਨੂੰ ਅਸਲੀਅਤ ਪ੍ਰਕਰਮਾ ਵਿੱਚ ਪਹਿਲਾਂ ਪੈਰ ਧਰਨ ਵੇਲੇ ਹੀ ਸਮਝ ਆ ਗਈ। ਹਸਪਤਾਲ ਵਿੱਚ ਕੈਪਟਨ ਰੈਣਾ ਦੀਆਂ ਦੋਵੇਂ ਲੱਤਾ ਵੱਢਣੀਆਂ ਪਈਆਂ ਤੇ ਉਹਨੇ ਵੀਲ੍ਹ ਚੇਅਰ 'ਤੇ ਬੈਠ ਕੇ ਹੀ ਰਾਸ਼ਟਰਪਤੀ ਤੋਂ ਬਹਾਦਰੀ ਮੈਡਲ ਲਿਆ। ਪੱਤਰਕਾਰ ਕੰਵਰ ਸੰਧੂ ਦੇ ਸਾਥੀ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਜਸਵੀਰ ਸਿੰਘ ਰੈਣਾ ਨੇ ਜਨਰਲ ਬਰਾੜ ਦੇ ਉਕਤ ਦਾਅਵੇ ਦਾ ਖੰਡਨ ਇਉਂ ਕੀਤਾ ਹੈ। ਦੋਵਾਂ ਲੱਤਾਂ ਤੋਂ ਵਿਹੂਣਾ ਕੈਪਟਨ ਰੈਣਾ ਕਹਿੰਦਾ ਹੈ ਕਿ ਇੱਕ ਪਾਸੇ ਮੇਰੀ ਫ਼ੌਜੀ ਡਿਊਟੀ ਸੀ ਦੂਜੇ ਪਾਸੇ ਮੇਰਾ ਧਰਮ ਸੀ। ਮੈਂ ਧਰਮ ਦੀ ਬਜਾਏ ਡਿਊਟੀ ਨੂੰ ਤਰਜੀਹ ਦਿੱਤੀ ਜੀਹਦਾ ਖ਼ਮਿਆਜ਼ਾ ਮੈਂ ਹੁਣ ਭੁਗਤ ਰਿਹਾ ਹਾਂ। ਰੈਣਾ ਕਹਿੰਦਾ ਕਿ ਮੈਂ ਹਮਲੇ ਦੇ ਮੂਹਰੇ ਲੱਗ ਤਾਂ ਗਿਆ ਪਰ ਪ੍ਰਕਰਮਾ ਵਿੱਚ ਪੈਰ ਧਰਨ ਸਾਰ ਮੈਨੂੰ ਅਹਿਸਾਸ ਹੋਇਆ ਕਿ ਮੈਂ ਗ਼ਲਤ ਫ਼ੈਸਲਾ ਲੈ ਬੈਠਾ। ਉਹ ਕਹਿੰਦਾ ਹੈ ਕਿ ਮੈਂ ਰੱਬ ਸਾਹਮਣੇ ਆਪਣੀ ਗ਼ਲਤੀ ਤਸਲੀਮ ਕਰਦਾ ਹਾਂ। ਕੈਪਟਨ ਰੈਣਾ ਜੋ ਬਾਅਦ 'ਚ ਕਰਨਲ ਦੇ ਅਹੁਦੇ 'ਤੇ ਪਰਮੋਟ ਹੋਇਆ ਕਹਿੰਦਾ ਹੈ ਕਿ ਮੈਨੂੰ ਆਪਣੀ ਇਸ ਗ਼ਲਤੀ ਦਾ ਅੱਜ ਤੱਕ ਪਛਤਾਵਾ ਹੈ। ਇਸੇ ਪਛਤਾਵੇ ਤਹਿਤ ਮੈਂ ਕਈ ਵਾਰ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਵੀ ਜਾ ਆਇਆ ਹਾਂ। ਮੈਨੂੰ ਅੱਜ ਤੱਕ ਇਹ ਗੱਲ ਸਮਝ ਨਹੀਂ ਲੱਗੀ ਕਿ ਰੱਬ ਮੈਨੂੰ ਇਸ ਗ਼ਲਤੀ ਖ਼ਾਤਰ ਕਿਉਂ ਚੁਣਿਆ। ਬਹਾਦਰੀ ਮੈਡਲ 'ਤੇ ਕੋਈ ਮਾਣ ਨਾ ਮਹਿਸੂਸ ਕਰਦਾ ਹੋਇਆ ਕਰਨਲ ਰੈਣਾ ਦੱਸਦਾ ਹਾਂ ਕਿ ਨੇ ਉਹਨੂੰ ਫ਼ੌਜੀ ਹਮਲੇ 'ਚ ਦਿਖਾਈ ਬਹਾਦਰੀ ਬਦਲੇ ਭਾਵੇਂ ਅਸ਼ੋਕ ਚੱਕਰ ਨਾਲ ਸਨਮਾਨਿਆ ਹੈ ਪਰ ਮੈਂ ਅੱਜ ਥਾਈਂ ਇਹ ਮੈਡਲ ਆਪਦੇ ਗਲ 'ਚ ਕਦੇ ਨਹੀਂ ਪਾਇਆ ਸਗੋਂ ਇਹ ਉਦੋਂ ਦਾ ਹੀ ਡੱਬਾ ਬੰਦ ਪਿਆ ਹੈ।
gurpreetmandiani@gmail.com
+91-887-2664000