ਉਹ ਫ਼ਤਿਹ, ਸਾਨੂੰ ਮਾਫ ਕਰੀਂ ......!
ਉਹ ਮਾਸੂਮ!
ਸਾਨੂੰ ਮਾਫ਼ ਕਰੀਂ
ਅਸੀਂ ਤੇਰੇ ਮਲੂਕੜੇ ਪਿੰਡੇ ਤੇ
ਪਾਈਪਾਂ ਦੇ ਸਾਗਟਾਂ
ਦੀ ਘਿਸਰ ਦੇ ਜ਼ਖਮਾਂ 'ਤੇ
ਮੱਲ੍ਹਮ ਨਹੀਂ ਲਾ ਸਕੇ
ਸਮਝ ਨਹੀਂ ਆਉਂਦੀ
ਕਿਉਂ?
ਤੇਰੀ ਉਮਰ ਦੀ ਸਮਰੱਥਾ ਤੋਂ ਉਲਟ
ਸੋਚ ਕੇ
ਬਹੁਤ ਵੱਡੀ ਉਮੀਦ ਤੇਰੀ ਮਲੂਕੜੀ
ਜਾਨ 'ਤੇ ਲਾ ਬੈਠੇ
ਸਿਰਫ ਅਰਦਾਸਾਂ ਹੀ ਸਹਾਰਾ ਬਣੀਆਂ
ਸਾਡੀ ਬੇਵਸੀ ਦੀਆਂ
ਅਸੀਂ ਚੰਨ ਤੋਂ ਵੀ ਅੱਗੇ
ਮੰਗਲ ਦੀਆਂ ਫੜਾਂ ਮਾਰਦੇ ਨੀ ਸੰਗਦੇ
ਨਾ ਸਾਡੇ ਕੋਲ਼ ਤੀਹ ਚਾਲੀ ਫੁੱਟ ਪੌੜ੍ਹੀ ਸੀ
ਓਦੋਂ!!!!!
ਤੇ ਨਾ ਹੁਣ ਕੋਈ ਬਰਮਾ
ਜੋ ਕਰ ਦਿੰਦਾ ਸੁਰਾਖ਼ ਧਰਤੀ ਚ
ਅਸੀਂ ਪੁੱਜ ਜਾਂਦੇ ਤੇਰੇ ਕੋਲ
ਲਾ ਲੈਂਦੇ ਹਿੱਕ ਨਾਲ
ਤੈਨੂੰ ਡਰਨ ਨਾ ਦਿੰਦੇ
ਤੈਨੂੰ ਓਦਰਨ ਨਾ ਦਿੰਦੇ
ਪਰ ਅਸੀਂ ਤਾਂ ਜਿੰਨੇ ਜੋਗੇ ਸੀ
ਲੱਗੇ ਰਹੇ ਹਾਂ
ਤੈਨੂੰ ਬਚਾਉਣ
ਬਾਲਟੀਆਂ ਨਾਲ
ਸੱਬਲਾਂ ਨਾਲ
ਖੁਰਪਿਆਂ ਨਾਲ
ਜਾਨ ਦੀ ਪਰਵਾਹ ਕੀਤੇ ਬਿਨ੍ਹਾਂ
ਪਰ ਤੂੰ ਮਾਫ਼ ਕਰੀਂ
ਅਸੀਂ ਤੇਰੇ ਪੰਜ ਦਿਨ ਦੇ ਨਿਰਜਲੇ ਵਰਤ
ਨੂੰ ਤੁੜਾ ਨਾ ਸਕੇ
ਤੇਰੇ ਮਾਪਿਆਂ ਦੇ ਕਲੇਜੇ ਠੰਢ ਪਾ ਨਾ ਸਕੇ
ਅਸਲ ਚ ਤੂੰ ਨਹੀਂ ਜਾਣਦਾ
ਇਹ ਸਾਡੀ ਤੇ ਸਾਡੇ ਪੁਰਖਿਆਂ ਦੀ ਹੀ ਗਲਤੀ ਹੈ
ਕਿ ਅਸੀਂ
ਆਟਾ ਦਾਲ
ਸ਼ਗਨ ਸਕੀਮਾਂ
ਕਰਜ਼ੇ ਮਾਫ਼ੀ
ਗਲੀਆਂ ਨਾਲੀਆਂ
ਵੱਡੇ ਵੱਡੇ ਸਿਨਮੇ
ਵੱਡੇ ਵੱਡੇ ਮਾਲ
ਚੌੜੀਆਂ ਤੇ ਟੋਲ ਪਲਾਜ਼ੇ ਵਾਲੀਆਂ ਸੜਕਾਂ
ਲੀਡਰਾਂ ਦੇ ਹੈਲੀਕਾਪਟਰਾਂ
ਉਨ੍ਹਾਂ ਦੇ ਮਹਿਲਾਂ
ਤੇ ਕਾਗਜ਼ੀ ਕਮੇਟੀਆਂ ਤੇ ਕਮਿਸ਼ਨਾਂ ਨੂੰ
ਵਿਕਾਸ ਸਮਝਦੇ ਰਹੇ
ਹੁਣ ਅਸੀਂ ਕਿੱਥੋਂ ਲੈ ਆਈਏ
ਆਧੁਨਿਕ ਮਸ਼ੀਨਾਂ
ਚੰਗੀਆਂ ਸਿਹਤ ਸਹੂਲਤਾਂ
ਕੁਦਰਤ ਤੇ ਮਾਨਵਤਾ
ਨੂੰ ਸਮਰਪਤ ਸਰਕਾਰਾਂ
ਅਸੀਂ ਤਾਂ ਚੁਣਦੇ ਹਾਂ
ਛਪੰਜਾ ਇੰਚ ਦੀ ਡਿਜ਼ੀਟਿਲ ਛਾਤੀ
ਅਸੀਂ ਚੁਣਦੇ ਹਾਂ
ਮੋਤੀਆਂ ਵਾਲੀ ਸਰਕਾਰ
ਅਸੀਂ ਸਦੀਆਂ ਤੋਂ ਅੱਖ ਚ ਅੱਖ ਨਾ ਪਾ ਸਕੇ
ਇਸ ਲੋਟੂ ਤੰਤਰ ਦੇ
ਅਸੀਂ ਵਿਧੀ ਦਾ ਵਿਧਾਨ ਕਹਿਣ ਗਿੱਝਗੇ
ਅਸੀਂ ਵੀ ਭਾਣਾ ਮੰਨਦੇ ਹਾਂ
ਤੇ ਹੁਣ ਵੀ ਭਾਣਾ ਹੀ ਮਨਾਇਆ ਜਾਵੇਗਾ
ਓ ਮਾਸੂਮ !
ਸਾਨੂੰ ਮਾਫ਼ ਕਰੀਂ
ਅਸੀਂ ਸਾਰੇ ਹੀ ਗੁਨਾਹਗਾਰ ਹਾਂ
ਅਸੀਂ ਪਸ਼ਚਾਤਾਪ ਕਰਦੇ ਹਾਂ
ਇਹ ਕਿਉਂ ਹੋਇਆ
ਕਿਉਂ ਹੋ ਰਿਹੈ
ਕੀ ਇਹ ਠੀਕ ਹੈ??
ਕੀ ਅਸੀਂ ਸੰਤੁਸ਼ਟ ਹਾਂ??
ਕੀ ਅਸੀਂ ਲਾਚਾਰ ਹਾਂ??
ਕੀ ਅਸੀਂ ਬੇਵਕੂਫ਼ ਹਾਂ??
ਕੀ ਫ਼ਤਹਿ ਹਾਸਿਲ ਕਰਨੀ
ਅਸੀਂ ਭੁੱਲਗੇ??
---------
ਸੈਮੀ ਸਿੱਧੂ
11 ਜੂਨ, 2019
( ਵਟ੍ਹਸਐਪ ਤੋਂ )