ਚੰਡੀਗੜ੍ਹ/ਕਪੂਰਥਲਾ, 6 ਨਵੰਬਰ 2019: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਵੱਡ ਆਕਾਰੀ ਸਮਾਗਮ ਦੌਰਾਨ ਮੁੱਖ ਪੰਡਾਲ ਵਿੱਚ ਅੱਜ ਦੂਜੇ ਦਿਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਰਾਜ ਭਰ ਵਿੱਚ ਕਰਵਾਏ ਮੁਕਾਬਲਿਆਂ ਦੇ ਜੇਤੂ ਬੱਚਿਆਂ ਨੇ ਕਵੀਸ਼ਰੀ, ਭਾਸ਼ਣਾਂ ਅਤੇ ਵੀਰ ਗਾਥਾਵਾਂ ਨਾਲ ਮਾਹੌਲ ਨੂੰ ਜੋਸ਼ ਨਾਲ ਭਰ ਦਿੱਤਾ।
ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਈਨਾਖੇੜਾ (ਮੁਕਤਸਰ ਸਾਹਿਬ) ਦੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਪ੍ਰਭਜੋਤ ਸਿੰਘ, ਦਲਜੀਤ ਸਿੰਘ ਤੇ ਸ਼ਿਵਰਾਜ ਸਿੰਘ ਦੀ ਕਵੀਸ਼ਰੀ ''ਗੁਰੂ ਨਾਨਕ ਸਾਂਝੀ ਕੁੱਲ ਦੇ ਐ'' ਨੇ ਮਾਹੌਲ ਨੂੰ ਭਾਵੁਕ ਰੰਗ ਵਿੱਚ ਰੰਗਦਿਆਂ ਗੁਰੂ ਨਾਨਕ ਦੇਵ ਜੀ ਦਾ ਸਰਬ ਸਾਂਝੀਵਾਲਤਾ ਦਾ ਸੁਨੇਹਾ ਲੋਕਾਂ ਵਿੱਚ ਪਹੁੰਚਾਇਆ। ਇਸ ਦੇ ਨਾਲ ਹੀ ਮਾਡਰਨ ਨਾਭਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਸੱਤਵੀਂ ਦੀ ਵਿਦਿਆਰਥਣ ਮੀਤਜੋਤ ਕੌਰ ਨੇ ਗੁਰੂ ਸਾਹਿਬ ਦੇ ਔਰਤ ਨੂੰ ਸਰਬਉੱਚ ਸਥਾਨ ਦੇਣ ਦੇ ਸੰਕਲਪ ਉਤੇ ਆਪਣੇ ਭਾਵਪੂਰਤ ਸ਼ਬਦਾਂ ਤੇ ਜੋਸ਼ੀਲੇ ਅੰਦਾਜ਼ ਨਾਲ ਰੌਸ਼ਨੀ ਪਾਈ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ੍ਰੀ ਮਨੋਹਰ ਕਾਂਤ ਕਲੋਹੀਆ ਅਤੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਦੀ ਅਗਵਾਈ ਵਿੱਚ ਆਏ ਵੱਖ ਵੱਖ ਸਕੂਲਾਂ ਦੇ ਬੱਚਿਆਂ, ਜਿਨਾਂ ਵਿੱਚ ਬਲਪ੍ਰੀਤ ਸਿੰਘ ਸਨਫਲਾਵਰ ਮਾਡਲ ਹਾਈ ਸਕੂਲ ਡਿਪਟੀ ਪਟਿਆਲਾ, ਗੁਰਲੀਨ ਕੌਰ ਖਾਲਸਾ ਮਾਡਲ ਸਕੂਲ ਰੋਪੜ, ਨਵਾਬ ਸਿੰਘ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਹਾਥੀ ਗੇਟ ਅੰਮ੍ਰਿਤਸਰ, ਸਰਪ੍ਰੀਤ ਸਿੰਘ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਅਤੇ ਮਹਿਕ ਬੈਂਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਜਲੰਧਰ ਨੇ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ। ਡਿਪਟੀ ਡਾਇਰੈਕਟਰ (ਓਪਨ ਸਕੂਲ ਪ੍ਰਣਾਲੀ) ਪੰਜਾਬ ਸਕੂਲ ਸਿੱਖਿਆ ਬੋਰਡ ਰਮਿੰਦਰਜੀਤ ਸਿੰਘ ਬਾਸੂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਮਿਹਨਤੀ ਅਧਿਆਪਕਾਂ ਨੇ ਇਨਾਂ ਬੱਚਿਆਂ ਨੂੰ ਮੌਜੂਦਾ ਮੁਕਾਬਲੇਬਾਜ਼ੀ ਦੇ ਯੁੱਗ ਲਈ ਤਿਆਰ ਕੀਤਾ ਹੈ।
ਇਸ ਦੌਰਾਨ ਅੱਜ ਪ੍ਰੋਗਰਾਮ ਦੇ ਦੂਜੇ ਦਿਨ ਪੰਜਾਬ ਸਰਕਾਰ ਵੱਲੋਂ ਲਾਏ ਪੰਡਾਲ ਦੌਰਾਨ ਡਾ. ਹਰਵਿੰਦਰ ਸਿੰਘ ਚੰਡੀਗੜ ਵਾਲੇ ਨੇ ਗੁਰਮਤਿ ਸੰਗੀਤ, ਭਾਈ ਲਖਵੀਰ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ ਨੇ ਕੀਰਤਨ, ਬੀਬੀ ਪਰਮਿੰਦਰ ਕੌਰ ਖ਼ਾਲਸਾ ਦੇ ਜਥੇ ਨੇ ਢਾਡੀ ਵਾਰਾਂ, ਭਾਈ ਨਿਸ਼ਾਨ ਸਿੰਘ ਦੇ ਜਥੇ ਨੇ ਕਵੀਸ਼ਰੀ ਵਾਰਾਂ ਰਾਹੀਂ ਸੰਗਤ ਨੂੰ ਗੁਰੂ ਜੱਸ ਨਾਲ ਜੋੜਿਆ। ਇਸ ਦੇ ਨਾਲ ਹੀ ਅਰਵਿੰਦਰ ਸਿੰਘ ਨੂਰ ਦੇ ਜਥੇ ਨੇ ਕੀਰਤਨ ਅਤੇ ਭਾਈ ਸੁਖਬੀਰ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ ਨੇ ਕੀਰਤਨ ਰਾਹੀਂ ਹਾਜ਼ਰੀ ਲਵਾਈ।