ਮੁੱਖ ਮੰਤਰੀ ਨੇ ਕਿਹਾ, ''ਕਰਤਾਰਪੁਰ ਲਾਂਘੇ ਉਪਰ ਅਕਾਲੀ ਦਲ ਆਈ.ਐਸ.ਆਈ. ਦੇ ਇਸ਼ਾਰੇ 'ਤੇ ਉਸ ਨੂੰ ਨਿਸ਼ਾਨਾ ਬਣਾ ਰਹੇ ਹਨ''
ਚੰਡੀਗੜ੍ਹ, 6 ਨਵੰਬਰ 2019: ਕਰਤਾਰਪੁਰ ਲਾਂਘੇ ਉਪਰ ਬਣੇ ਪਾਕਿਸਤਾਨੀ ਵੀਡਿਓ ਗਾਣੇ ਵਿੱਚ ਖਾਲਿਸਤਾਨੀ ਵੱਖਵਾਦੀ ਆਗੂਆਂ ਦੀ ਤਸਵੀਰਾਂ ਉਤੇ ਤਿੱਖਾ ਹਮਲਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਹੁਣ ਇਹ ਗੱਲ ਸਾਫ ਹੋ ਗਈ ਹੈ ਕਿ ਇਤਿਹਾਸਕ ਲਾਂਘੇ ਪਿੱਛੇ ਆਈ.ਐਸ.ਐਸ. ਦਾ ਹੱਥ ਹੋਣ ਦੀ ਉਨ੍ਹਾਂ ਦੀ ਦਲੀਲ ਸਹੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਬੁਲਾਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਮੌਕੇ ਸਦਨ ਦੇ ਬਾਹਰ ਮੀਡੀਆ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਤੋਂ ਪ੍ਰਧਾਨ ਮੰਤਰੀ ਨੇ ਕਰਤਾਰਪੁਰ ਲਾਂਘਾਂ ਖੋਲ੍ਹਣ ਦਾ ਐਲਾਨ ਕੀਤਾ ਹੈ ਉਦੋਂ ਤੋਂ ਹੀ ਉਨ੍ਹਾਂ ਨੇ ਪਾਕਿਸਤਾਨ ਦੇ ਫੈਸਲੇ ਪਿੱਛੇ ਆਈ.ਐਸ.ਆਈ. ਦੇ ਹੱਥ ਹੋਣ ਦੀ ਚਿਤਾਵਨੀ ਦਿੱਤੀ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਲਾਂਘਾ ਖੋਲ੍ਹਣ ਦੀ ਉਨ੍ਹਾਂ ਸਮੇਤ ਪੂਰੇ ਸਿੱਖ ਕੌਮ ਦੀ ਵਰ੍ਹਿਆਂ ਪੁਰਾਣੀ ਮੰਗ ਸੀ ਕਿ ਉਹ ਇਤਿਹਾਸਕ ਗੁਰਧਾਮ ਦੇ ਦਰਸ਼ਨ ਕਰ ਕੇ ਪਹਿਲੇ ਸਿੱਖ ਗੁਰੂ ਨੂੰ ਅਕੀਦਤ ਭੇਂਟ ਕਰ ਸਕਣ ਪਰ ਇਸ ਦੇ ਨਾਲ ਹੀ ਬਹੁਤ ਚੌਕਸ ਹੋਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਆਈ.ਐਸ.ਆਈ. ਦੇ ਹਮਲੇ ਨੂੰ ਦਰਕਿਨਾਰ ਕਰਨ ਦਾ ਜੋਖ਼ਮ ਨਹੀਂ ਉਠਾ ਸਕਦਾ ਜੋ ਇਸ ਦੇ ਨਾਲ ਜੁੜਿਆ ਹੈ।
ਇਕ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ''ਵੀਡਿਓ ਨੇ ਆਈ.ਐਸ.ਐਸ. ਦੇ ਅਸਲ ਤੇ ਲੁਕਵੇਂ ਏਜੰਡੇ ਨੂੰ ਜ਼ਾਹਰ ਕਰ ਦਿੱਤਾ ਹੈ ਜਿਸ ਬਾਰੇ ਮੈਂ ਪਹਿਲਾਂ ਤੋਂ ਹੀ ਚਿਤਾਵਨੀ ਦਿੰਦਾ ਆ ਰਿਹਾ ਹਾਂ ਕਿ ਆਈ.ਐਸ.ਐਸ. ਇਸ ਪਿੱਛੇ ਲੁਕਵਾਂ ਏਜੰਡਾ ਰੱਖ ਰਹੀ ਹੈ। ਇਕ ਪਾਸੇ ਪਾਕਿਸਤਾਨ ਮਨੁੱਖਤਾ ਅਤੇ ਦਇਆ ਦਿਖਾ ਰਿਹਾ ਹੈ ਜਦੋਂ ਕਿ ਦੂਜੇ ਪਾਸੇ ਆਈ.ਐਸ.ਆਈ. ਦੀ ਸ਼ੈਅ 'ਤੇ ਚੱਲ ਰਹੇ 2020 ਰੈਫਰੰਡਮ ਨੂੰ ਅੱਗੇ ਵਧਾਉਣ ਅਤੇ ਸਲੀਪਰ ਸੈੱਲਾਂ ਨੂੰ ਸਥਾਪਤ ਕਰਨ ਲਈ ਭਾਰਤੀ ਸਿੱਖਾਂ ਨੂੰ ਭੜਕਾਉਣ ਲਈ ਕਰਤਾਰਪੁਰ ਲਾਂਘੇ ਦੀ ਵਰਤੋਂ ਕਰਨ 'ਤੇ ਤੁਲਿਆ ਹੋਇਆ ਹੈ।''
ਇਹ ਵਿਵਾਦ ਉਸ ਸਮੇਂ ਪੈਦਾ ਹੋਇਆ ਜਦੋਂ ਪਾਕਿਸਤਾਨ ਵੀਡਿਓ ਗਾਣੇ ਵਿੱਚ ਤਿੰਨ ਖਾਲਿਸਤਾਨੀ ਵੱਖਵਾਦੀ ਆਗੂਆਂ ਦੀਆਂ ਤਸਵੀਰਾਂ ਵਰਤੀਆਂ ਗਈਆਂ ਜਿਹੜੇ ਜੂਨ 1984 ਵਿੱਚ ਸਾਕਾ ਨੀਲਾ ਤਾਰਾ ਵਿੱਚ ਮਾਰੇ ਗਏ ਸਨ।
ਮੁੱਖ ਮੰਤਰੀ ਨੇ ਅਕਾਲੀ ਆਗੂਆਂ ਨੂੰ ਵੀ ਕਰੜੇ ਹੱਥੀ ਲੈਂਦਿਆਂ ਉਨ੍ਹਾਂ ਉਪਰ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਹ ਕਰਤਾਰਪੁਰ ਲਾਂਘੇ ਦੇ ਮਾਮਲੇ ਵਿੱਚ ਆਪਣੇ ਸੌੜੇ ਰਾਜਸੀ ਹਿੱਤਾਂ ਲਈ ਆਈ.ਐਸ.ਆਈ. ਦੇ ਹੱਥਾਂ ਵਿੱਚ ਖੇਡ ਰਹੇ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਦੀਆਂ ਉਨ੍ਹਾਂ ਤਾਜ਼ਾ ਟਿੱਪਣੀਆਂ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਉਹ (ਮੁੱਖ ਮੰਤਰੀ) ਆਈ.ਐਸ.ਆਈ. ਦੀ ਖੇਡ ਖਿਲਾਫ ਚਿਤਾਵਨੀ ਦੇ ਕੇ ਕਰਤਾਪੁਰ ਲਾਂਘੇ ਨੂੰ ਭੰਗ ਕਰਨ ਦੀ ਕੋਸ਼ਿਸ਼ ਰਹੇ ਹਨ, ਉਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿੱਚ ਅਕਾਲੀ ਦਲ ਸੱਤਾ ਪਾਉਣ ਦੀ ਲਾਲਸਾ ਵਿੱਚ ਅੰਨ੍ਹੇ ਹੋ ਗਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਆਗੂ ਕਦੇ ਵੀ ਆਪਣੇ ਸੌੜੇ ਸਿਆਸੀ ਹਿੱਤਾਂ ਤੋਂ ਅੱਗੇ ਨਹੀਂ ਦੇਖ ਸਕਦੇ ਜਿਨ੍ਹਾਂ ਦਾ ਆਈ.ਐਸ.ਆਈ. ਦੇ ਫੁੱਟਪਾਊ ਏਜੰਡੇ ਦੇ ਸੰਕੇਤ ਤੋਂ ਮੁਨਕਰ ਹੋਣ ਦੀ ਅੜੀਅਲ ਰਵੱਈਏ ਨਾਲ ਖੁਦਗਰਜ਼ੀ ਅਤੇ ਪੰਜਾਬੀਆਂ ਦੇ ਹਿੱਤਾਂ ਨੂੰ ਅਣਗੌਲਿਆ ਕਰਨਾ ਸਾਹਮਣੇ ਆਉਂਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ''ਜੇ ਕੋਈ ਕਰਤਾਰਪੁਰ ਲਾਂਘੇ ਨੂੰ ਸਾਬੋਤਾਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਹ ਆਈ.ਐਸ.ਆਈ. ਹੈ ਪਰ ਅਕਾਲੀ ਆਗੂ ਆਈ.ਐਸ.ਆਈ. ਉਤੇ ਹਮਲਾ ਕਰਨ ਦੀ ਬਜਾਏ ਮੇਰੇ ਉਪਰ ਹਮਲਾ ਕਰ ਰਹੇ ਹਨ।'' ਉਨ੍ਹਾਂ ਕਿਹਾ ਕਿ ਅਕਾਲੀ ਆਗੂ ਆਈ.ਐਸ.ਆਈ. ਦੇ ਖਤਰੇ ਦੀ ਸੰਭਾਵਨਾ ਨੂੰ ਅੱਖੋ ਪਰੋਖੇ ਕਰਦੇ ਹੋਏ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਦੇ ਹੋਏ ਉਨ੍ਹਾਂ ਦੀ ਸਰਕਾਰ ਖਿਲਾਫ ਬਿਆਨ ਦੇ ਕੇ ਅਸਲ ਵਿੱਚ ਆਈ.ਐਸ.ਆਈ. ਦੇ ਸਿੱਖ ਭਾਈਚਾਰੇ ਨੂੰ ਵੰਡਣ ਦੇ ਏਜੰਡੇ ਨੂੰ ਹੀ ਅੱਗੇ ਵਧਾ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਭਾਰਤੀ ਆਈ.ਐਸ.ਆਈ. ਦੇ ਉਨ੍ਹਾਂ ਖਤਰਿਆਂ ਤੋਂ ਜਾਗਰੂਕ ਹੈ ਜੋ ਦੇਸ਼ ਦੀ ਸਥਿਰਤਾ ਖਿਲਾਫ ਹੈ ਅਤੇ ਸਾਡੇ ਦੇਸ਼ ਵਿੱਚ ਅਤਿਵਾਦ ਦੀ ਪੁਸ਼ਤਪਨਾਹੀ ਕਰਨ ਵਿੱਚ ਵੀ ਉਨ੍ਹਾਂ ਦਾ ਹੱਥ ਹੈ। ਫੇਰ ਵੀ ਅਕਾਲੀ ਦਲ ਨੇ ਇਸ ਮਾਮਲੇ ਉਤੇ ਅੱਖਾਂ ਦੇ ਪੱਟੀ ਬੰਨ੍ਹੀ ਹੋਈ ਹੈ ਅਤੇ ਸੰਕੀਰਣ ਰਾਜਸੀ ਚਾਲਾਂ ਚੱਲਣ ਉੁਪਰ ਉਤਾਵਲਾ ਹੈ। ਆਈ.ਐਸ.ਆਈ. ਰੈਫਰੰਡਮ 2020 ਨੂੰ ਉਤਸ਼ਾਹਤ ਕਰਨ ਲਈ ਸਿੱਖ ਭਾਈਚਾਰੇ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਅਤੇ ਅਕਾਲੀ ਆਗੂ ਅਜਿਹੇ ਬਿਆਨ ਦੇ ਕੇ ਅਸਲ ਵਿੱਚ ਉਨ੍ਹਾਂ ਦੀ ਮੱਦਦ ਕਰ ਰਹੇ ਹਨ।
ਮੁੱਖ ਮੰਤਰੀ ਨੇ ਅਕਾਲੀ ਦਲ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕਤੰਤਰੀ ਪਾਰਟੀਆਂ ਵਿੱਚ ਰਾਜਸੀ ਵਖਰੇਵੇਂ ਹੁੰਦੇ ਹੀ ਹਨ ਪਰ ਇਨ੍ਹਾਂ ਵਖਰੇਵਿਆਂ ਨਾਲ ਦੇਸ਼ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਦੇਣੀ ਚਾਹੀਦੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸੌੜੀਆਂ ਰਾਜਸੀ ਚਾਲਾਂ ਤੋਂ ਉਪਰ ਉਠੇ ਅਤੇ ਪੰਜਾਬ ਅਤੇ ਸਾਰਿਆਂ ਦੇ ਹਿੱਤ ਵਿੱਚ ਕੰਮ ਕਰੇ। ਉਨ੍ਹਾਂ ਕਿਹਾ ਕਿ ਅਜਿਹੇ ਖਾਸ ਮੌਕੇ ਜਦੋਂ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਸਾਰੀ ਦੁਨੀਆ ਪੰਜਾਬ ਵੱਲ ਵੇਖ ਰਹੀ ਹੈ, ਅਕਾਲੀ ਦਲ ਵਰਗੀ ਪੁਰਾਣੀ ਰਾਜਸੀ ਪਾਰਟੀ ਵੱਲੋੋਂ ਧੌਂਸ ਜਮਾਉਣੀ ਸ਼ੋਭਾ ਨਹੀਂ ਦਿੰਦਾ।