ਮੁੱਖ ਮੰਤਰੀ ਵੱਲੋਂ ਇਤਿਹਾਸਕ ਮੌਕੇ ਨੂੰ ਸੱਚੀ ਭਾਵਨਾ ਨਾਲ ਯਾਦਗਾਰੀ ਬਣਾਉਣ ਲਈ ਸਿਆਸੀ ਪਾਰਟੀਆਂ ਨੂੰ ਆਪਸੀ ਵਖਰੇਵਿਆਂ ਤੋਂ ਉਪਰ ਉਠਣ ਦੀ ਅਪੀਲ
ਬਾਦਲ ਵੱਲੋਂ ਵਿਸ਼ੇਸ਼ ਇਜਲਾਸ ਲਈ ਪੰਜਾਬ ਸਰਕਾਰ ਦੀ ਸ਼ਲਾਘਾ, ਸਾਰੀਆਂ ਸਿਆਸੀ ਪਾਰਟੀਆਂ ਨੂੰ ਨਿੱਜੀ ਤੇ ਸਿਆਸੀ ਰਵੱਈਏ ਵਿੱਚ ਮਿਲਣਸਾਰ ਪਹੁੰਚ ਅਪਨਾਉਣ ਦੀ ਅਪੀਲ
ਚੰਡੀਗੜ, 6 ਨਵੰਬਰ 2019: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੇ ਅੱਜ ਸਰਬਸੰਮਤੀ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਨਵਤਾ, ਸਹਿਣਸ਼ੀਲਤਾ ਅਤੇ ਦਇਆ ਤੋਂ ਇਲਾਵਾ ਵਾਤਾਵਰਣ ਦੀ ਸੁਰੱਖਿਆ ਦੇ ਸੰਦੇਸ਼ ਨੂੰ ਅੱਗੇ ਵਧਾਉਣ ਦਾ ਸੰਕਲਪ ਲਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਕ ਮੌਕੇ ’ਤੇ ਸੱਦੇ ਵਿਸ਼ੇਸ਼ ਇਜਲਾਸ ਦੌਰਾਨ ਹਾੳੂਸ ਦੇ ਨੇਤਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਦਨ ‘ਮਹਾਨ ਗੁਰੂ ਦੀ ਸਮੇਂ ਦੇ ਹੱਦ ਬੰਨੇ ਤੋਂ ਪਾਰ ਦੀ ਵਿਰਾਸਤ ਅਤੇ ਆਪ ਜੀ ਵੱਲੋਂ ਦਰਸਾਏ ਆਦਰਸ਼ਾਂ ਅਤੇ ਮੁੱਲਾਂ ਨੂੰ ਵੀ ਮੁੜ ਸਮਰਪਿਤ ਹੋਇਆ।’
ਸਦਨ ਵਿੱਚ ਪੇਸ਼ ਕੀਤੇ ਮਤੇ ਮੁਤਾਬਕ,‘‘ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਕ ਮੌਕੇ ’ਤੇ ਇਹ ਸਦਨ ਉਸ ਮਹਾਨ ਰੂਹਾਨੀ ਰਹਿਬਰ ਦਾ ਧਿਆਨ ਧਰ ਕੇ ਆਪਣੀ ਸ਼ਰਧਾ ਅਤੇ ਅਕੀਦਤ ਦਾ ਇਜ਼ਹਾਰ ਕਰਦਿਆਂ ਹੋਇਆ ਨਿਮਰਤਾ ਸਹਿਤ ਉਨਾਂ ਦੇ ਸਤਿਕਾਰ ਵਿੱਚ ਨਤਮਸਤਕ ਹੁੰਦਾ ਹੈ।’’
‘‘ਗੁਰੂ ਨਾਨਕ ਦੇਵ ਜੀ ਨੇ ਧਰਮਾਂ, ਜਾਤਾਂ, ਦੇਸ਼ਾਂ ਤੇ ਕੌਮਾਂ ਦੀਆਂ ਹੱਦਾਂ ਤੋਂ ਪਾਰ ਸਾਰੇ ਜਹਾਨ ਨੂੰ ਏਕਤਾ, ਬਰਾਬਰੀ, ਸੱਚ ਅਤੇ ਪ੍ਰੇਮ ਦਾ ਸਾਂਝਾ ਉਪਦੇਸ਼ ਦਿੱਤਾ। ਅਮੀਰ-ਗਰੀਬ, ਊਚ-ਨੀਚ ਤੇ ਪੁਰਖ-ਨਾਰ ਨੂੰ ਬਰਾਬਰ ਦਾ ਮਾਣ ਦੇ ਕੇ ਅਤੇ ਆਪਣੇ ਆਪ ਨੂੰ ਗਰੀਬਾਂ-ਮਸਕੀਨਾਂ ਦਾ ਸੰਗੀ ਆਖ ਕੇ ਸਾਰੀ ਮਾਨਵਤਾ ਨੂੰ ਸਦੀਵੀ ਓਟ ਤੇ ਪਿਆਰ ਦਿੱਤਾ।’’
‘‘ਗੁਰੂ ਨਾਨਕ ਦੇਵ ਜੀ ਨੇ ਆਪਣੀ ਪਾਵਨ ਬਾਣੀ ਆਰਤੀ ਦੇ ਰੂਪ ਵਿੱਚ ਬ੍ਰਹਿਮੰਡੀ ਗਾਨ ਦੀ ਰਚਨਾ ਕਰ ਕੇ ਸਾਰੀ ਕਾਇਨਾਤ, ਕੁਦਰਤ ਅਤੇ ਮਾਨਵਤਾ ਦੀ ਆਦੀ ਜੁਗਾਦੀ ਸਾਂਝ ਤੇ ਇਸ ਸਾਰੇ ਵਰਤਾਰੇ ਦੀ ਪਾਵਨਤਾ ਨੂੰ ਪ੍ਰਗਟ ਕੀਤਾ। ਆਪ ਜੀ ਨੇ ਪਵਣ ਨੂੰ ਗੁਰੂ, ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਤਾ ਕਹਿ ਕੇ ਕੁਦਰਤ ਨਾਲ ਮਾਨਵ ਦੇ ਗਹਿਰੇ ਅਤੇ ਸਦੀਵੀ ਰਿਸ਼ਤੇ ਨੂੰ ਉਜਾਗਰ ਕੀਤਾ।’’
‘‘ਆਪ ਜੀ ਨੇ ਆਪਣੀ ਇਲਾਹੀ ਬਾਣੀ ਤੇ ਸੰਗੀਤ ਦੀ ਦਾਤ ਸੰਸਾਰ ਨੂੰ ਬਖਸ਼ ਦਿੱਤੀ ਜਿਹੜੀ ਜੁਗੋ ਜੁਗ ਰੂਹਾਨੀ ਰੌਸ਼ਨੀ, ਸਹਾਰਾ ਅਤੇ ਪ੍ਰੇਰਣਾ ਬਣ ਕੇ ਮਾਨਵਤਾ ਦੇ ਅੰਗ-ਸੰਗ ਰਹੇਗੀ।’’
ਇਹ ਮਤਾ ਪੇਸ਼ ਕਰਦਿਆਂ ਮੁੱਖ ਮੰਤਰੀ ਨੇ ਉਨਾਂ ਨੂੰ ਪਹਿਲੀ ਪਾਤਸ਼ਾਹੀ ਜੀ ਦੀ ਸੇਵਾ ਕਰਨ ਦਾ ਸੁਭਾਗ ਵਿਰਾਸਤ ਵਿੱਚ ਮਿਲੇ ਹੋਣ ਨੂੰ ਚੇਤੇ ਕਰਦਿਆਂ ਕਿਹਾ ਕਿ ਉਹ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੇ ਹਨ ਕਿ ਇਸ ਇਤਿਹਾਸਕ ਮੌਕੇ ’ਤੇ ਸੇਵਾ ਫੇਰ ਉਨਾਂ ਦੇ ਹਿੱਸੇ ਆਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਦੇਸ਼ ਭਰ ਵਿੱਚ ਅੱਖਾਂ ਦੇ ਮੁਫ਼ਤ ਕੈਂਪ ਲਾਏ ਗਏ ਸਨ ਅਤੇ ਇਨਾਂ ਕੈਂਪਾਂ ਵਿੱਚ ਅੱਖਾਂ ਦੀਆਂ ਬਿਮਾਰੀਆਂ ਤੋਂ ਪੀੜਤ ਇਕ ਕਰੋੜ ਤੋਂ ਵੱਧ ਲੋਕਾਂ ਦਾ ਇਲਾਜ ਕੀਤਾ ਗਿਆ। ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਪਟਿਆਲਾ ਜ਼ਿਲੇ ਵਿੱਚ ਇਸ ਨੇਕ ਕੰਮ ਦੀ ਸੇਵਾ ਦਾ ਮੌਕਾ ਉਨਾਂ ਨੂੰ ਮਿਲਿਆ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਚੇਤੇ ਕਰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਉਨਾਂ ਦੇ ਦਾਦਾ ਜੀ ਮਹਾਰਾਜਾ ਭੁਪਿੰਦਰ ਸਿੰਘ ਨੇ ਸਾਲ 1927 ਵਿੱਚ ਰਾਵੀ ਦਰਿਆ ਦੇ ਬੰਨ ਮਜ਼ਬੂਤ ਕਰਨ ਦੀ ਸੇਵਾ ਨਿਭਾਈ ਸੀ ਜੋ ਭਾਰੀ ਹੜਾਂ ਕਾਰਨ ਵਹਿ ਗਏ ਸਨ ਅਤੇ ਇਸ ਤਰਾਂ ਸ੍ਰੀ ਕਰਤਾਰਪੁਰ ਸਾਹਿਬ ਦੇ ਨੁਕਸਾਨੇ ਗਏ ਹਿੱਸੇ ਦੀ ਮੁਰੰਮਤ ਵੀ ਕਰਵਾਈ ਸੀ। ਇਸੇ ਤਰਾਂ ਉਨਾਂ ਦੇ ਪਿਤਾ ਨੇ ਵੀ ਸਾਲ 1935 ਵਿੱਚ ਗੁਰਦੁਆਰਾ ਪੰਜਾ ਸਾਹਿਬ ਵਿੱਚ ਪਵਿੱਤਰ ਸਰੋਵਰ ਦੀ ਉਸਾਰੀ ਦੀ ਸੇਵਾ ਕਰਵਾਈ ਸੀ।
ਮੁੱਖ ਮੰਤਰੀ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸਿਆਸੀ ਵਖਰੇਵਿਆਂ ਤੋਂ ਉਪਰ ਉਠ ਕੇ ਇਸ ਮਹਾਨ ਸਮਾਗਮ ਨੂੰ ਰਲ-ਮਿਲ ਕੇ ਮਨਾਉਣ ਦੀ ਅਪੀਲ ਕੀਤੀ ਤਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਕ ਪ੍ਰਮਾਤਮਾ, ਭਾਈਚਾਰਕ ਸਾਂਝੀ ਅਤੇ ਅਮਨ-ਸ਼ਾਂਤੀ ਦੇ ਸਦੀਵੀ ਸੰਦੇਸ਼ ਦਾ ਪਾਸਾਰ ਵੱਧ ਤੋਂ ਵੱਧ ਕੀਤਾ ਜਾ ਸਕੇ।
ਕੈਪਟਨ ਅਮਰਿੰਦਰ ਸਿੰਘ ਨੇ ਸਦਨ ਵਿੱਚ ਲੰਮਾ ਸਮਾਂ ਸੇਵਾ ਨਿਭਾਉਣ ਵਾਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਅਪੀਲ ਕੀਤੀ ਕਿ ਸਿਆਸੀ ਵਲਗਣਾਂ ਤੋਂ ਉਪਰ ਉਠ ਕੇ ਇਹ ਪਵਿੱਤਰ ਦਿਹਾੜਾ ਸਾਂਝੇ ਮੰਚ ਤੋਂ ਮਨਾਇਆ ਜਾਵੇ ਤਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਅਤੇ ਸਦਭਾਵਨਾ ਦੇ ਫਲਸਫੇ ਨੂੰ ਦੇਸ਼ ਵਿੱਚ ਫੈਲਾਇਆ ਜਾ ਸਕੇ।
ਇਸ ਮਤੇ ’ਤੇ ਬੋਲਦਿਆਂ ਸ੍ਰੀ ਬਾਦਲ ਨੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ’ਤੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਅਤੇ ਉਪ ਰਾਸ਼ਟਰਪਤੀ ਐਮ.ਵੈਂਕੱਈਆ ਨਾਇਡੂ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਰਗੀਆਂ ਉੱਘੀਆਂ ਸ਼ਖਸੀਅਤਾਂ ਨੂੰ ਸੱਦਣ ਲਈ ਸੂਬਾ ਸਰਕਾਰ ਦੀ ਸ਼ਲਾਘਾ ਕੀਤੀ। ਉਨਾਂ ਅੱਗੇ ਕਿਹਾ ਕਿ ਪੰਜਾਬ ਤੇ ਹਰਿਆਣਾ ਦੇ ਸਾਂਝੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਦੀ ਸਾਂਝੀ ਭਾਈਵਾਲੀ ਨਾਲ ਦੁਨੀਆਂ ਸਾਹਮਣੇ ਮਿਸਾਲੀ ਸੰਦੇਸ਼ ਜਾਵੇਗਾ ਅਤੇ ਖਿੱਤੇ ਵਿੱਚ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਦੇ ਪਾਸਾਰ ਨੂੰ ਅੱਗੇ ਵਧਾਉਣ ਵਿੱਚ ਸਹਾਈ ਹੋਵੇਗਾ।
ਮਤੇ ਦਾ ਫਰਾਖ਼ਦਿਲੀ ਨਾਲ ਸਮਰਥਨ ਕਰਦਿਆਂ ਸ੍ਰੀ ਬਾਦਲ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪਣੇ ਸਿਆਸੀ ਅਤੇ ਨਿੱਜੀ ਰਵੱਈਏ ਵਿੱਚ ਮਿਲਣਸਾਰ ਪਹੁੰਚ ਅਪਣਾਉਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਫਲਸਫੇ ਨੂੰ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਅਪਣਾਉਣਾ ਹੀ ਸੱਚੀ ਅਕੀਦਤ ਹੋਵੇਗੀ।
ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਦਨ ਨੂੰ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਹੇਠ ਸੂਬੇ ਨੇ ਵਿਗਿਆਨ ਤੇ ਤਕਨੀਕੀ ਸਿੱਖਿਆ ਨੂੰ ਪੰਜਾਬੀ ਵਿੱਚ ਲਾਗੂ ਕਰਨ ਦਾ ਫੈਸਲਾ ਕੀਤਾ ਤਾਂ ਕਿ ਆਪਣੀ ਮਾਂ-ਬੋਲੀ ਨੂੰ ਪ੍ਰਫੁੱਲਤ ਕੀਤਾ ਜਾ ਸਕੇ ਅਤੇ ਇਹ ਉਪਰਾਲਾ ਇਸ ਇਤਿਹਾਸਕ ਮੌਕੇ ’ਤੇ ਗੁਰੂ ਸਾਹਿਬ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਸ੍ਰੀ ਚੰਨੀ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਗੁਰੂ ਸਾਹਿਬ ਜੀ ਦੇ ਮਾਨਵਤਾ ਅਤੇ ਭਾਈਚਾਰੇ ਦੇ ਉਪਦੇਸ਼ ਦੇ ਸਤਿਕਾਰ ਵਿੱਚ ਇਸ ਇਤਿਹਾਸਕ ਦਿਹਾੜੇ ਨੂੰ ਸਾਂਝੇ ਰੂਪ ਵਿੱਚ ਮਨਾਉਣ ਦੀ ਅਪੀਲ ਕੀਤੀ। ਸ੍ਰੀ ਚੰਨੀ ਨੇ ਉਮੀਦ ਜ਼ਾਹਰ ਕੀਤੀ ਕਿ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬਾ ਸਰਕਾਰ ਵੱਲੋਂ ਉਲੀਕੇ ਗਏ ਸਮਾਗਮ ਵਿੱਚ ਸ਼ਾਮਲ ਹੋਣ ਲਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਅਪੀਲ ਨੂੰ ਵਿਰੋਧੀ ਧਿਰ ਸਵੀਕਾਰ ਕਰੇਗੀ।
ਕੁਦਰਤ ਅਤੇ ਜੀਵਨ ਪ੍ਰਤੀ ਗੁਰੂ ਸਾਹਿਬ ਜੀ ਦੀ ਵਿਗਿਆਨਕ ਪਹੁੰਚ ਦਾ ਜ਼ਿਕਰ ਕਰਦਿਆਂ ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਮਹਾਨ ਗੁਰੂ ਸਾਹਿਬ ਜੀ ਵੱਲੋਂ ਦਰਸਾਇਆ ਮਾਰਗ ਲੋਕਾਂ ਨੂੰ ਨੇਕ ਰਸਤੇ ’ਤੇ ਤੁਰਨ ਲਈ ਸਹਾਈ ਹੋ ਸਕਦਾ ਹੈ।
ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਕਰਵਾਉਣ ਲਈ ਸੂਬਾ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਗੁਰੂ ਸਾਹਿਬ ਦੇ ਫਲਸਫੇ ਤੇ ਵਿਚਾਰਧਾਰਾ ਦੇ ਮੁਤਾਬਕ ਸਾਂਝੇ ਤੌਰ ’ਤੇ ਕਰਵਾਉਣੇ ਚਾਹੀਦੇ ਹਨ। ਮਤੇ ਦਾ ਜ਼ੋਰਦਾਰ ਸਮਰਥਨ ਕਰਦਿਆਂ ਉਨਾਂ ਨੇ ਉਮੀਦ ਜ਼ਾਹਰ ਕਰਦਿਆਂ ਕਰਤਾਰਪੁਰ ਲਾਂਘਾ ਉਪ-ਮਹਾਂਦੀਪ ਵਿੱਚ ਅਮਨ-ਸ਼ਾਂਤੀ ਦੇ ਪੈਗਾਮ ਦੀ ਮਿਸਾਲ ਸਿੱਧ ਹੋਵੇਗਾ।