ਹਰਿੰਦਰ ਨਿੱਕਾ
- ਸ਼ਹਿਰ ਵਿੱਚ ਟਰੈਕਟਰ ਟਰਾਲੀ ਰਾਹੀਂ ਡੋਰ ਟੂ ਡੋਰ ਹੋਵੇਗੀ ਜ਼ਰੂਰੀ ਵਸਤਾਂ ਦੀ ਸਪਲਾਈ
- ਜ਼ਿਲ੍ਹੇ 'ਚ ਕੋਵਿਡ ਸਬੰਧੀ ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ 9 ਐਫ.ਆਈ.ਆਰ ਦਰਜ
- ਕੋਰੋਨਾ ਵਾਇਰਸ ਤੇ ਕਰਫਿਊ ਬਾਰੇ ਕਿਸੇ ਵੀ ਜਾਣਕਾਰੀ ਲਈ 01672-232304 'ਤੇ ਕੀਤਾ ਜਾਵੇ ਸੰਪਰਕ
- ਰੋਟੇਸ਼ਨ ਦੇ ਆਧਾਰ 'ਤੇ ਕੈਮਿਸਟ ਦੀਆਂ ਦੁਕਾਨਾਂ ਤੇ ਪੈਟਰੋਲ ਪੰਪ ਖੋਲ੍ਹੇ ਜਾਣਗੇ
- ਵਿਦੇਸ਼ੋਂ ਪਰਤੇ ਨਾਗਰਿਕਾਂ ਨੂੰ ਇਕਾਂਤਵਾਸ ਵਿੱਚ ਰੱਖਣ ਦੀ ਪ੍ਰਕਿਰਿਆ ਜਾਰੀ
- ਪਿੰਡਾਂ 'ਚ 115 ਸੈਕਟਰ ਅਫ਼ਸਰ ਤੇ 115 ਏ.ਐਸ.ਆਈ 'ਤੇ ਆਧਾਰਿਤ ਟੀਮਾਂ ਹੋਣਗੀਆਂ ਤਾਇਨਾਤ
- ਰੋਜ਼ਾਨਾ ਕੀਤੀ ਜਾਂਦੀ ਹੈ ਸਮੀਖਿਆ, ਲੋਕ ਜਾਗਰੂਕਤਾ ਲਈ ਜੰਗੀ ਪੱਧਰ 'ਤੇ ਮੁਹਿੰਮ ਜਾਰੀ
- ਡਿਪਟੀ ਕਮਿਸ਼ਨਰ ਨੇ ਪੱਤਰਕਾਰ ਸੰਮੇਲਨ ਦੌਰਾਨ ਦਿੱਤੀ ਜਾਣਕਾਰੀ
ਸੰਗਰੂਰ, 24 ਮਾਰਚ 2020 - ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਮੁਕਤ ਰਹਿਣ ਲਈ ਜ਼ਿਲ੍ਹਾ ਨਿਵਾਸੀਆਂ ਨੂੰ ਘਰਾਂ ਵਿੱਚ ਹੀ ਰਹਿਣ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹਾਲੇ ਤੱਕ ਕੋਈ ਵੀ ਕੋਰੋਨਾ ਵਾਇਰਸ ਦਾ ਪਾਜ਼ੀਟਿਵ ਕੇਸ ਨਹੀਂ ਹੈ ਅਤੇ 6 ਸ਼ੱਕੀ ਮਰੀਜ਼ਾਂ ਵਿੱਚੋਂ 5 ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ ਜਦਕਿ ਇੱਕ ਦੇ ਟੈਸਟ ਦਾ ਨਤੀਜਾ ਆਉਣਾ ਹਾਲੇ ਬਾਕੀ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੱਲ ਸ਼ਾਮ ਤੱਕ ਦੀ ਪ੍ਰਾਪਤ ਹੋਈ ਸੂਚੀ ਅਨੁਸਾਰ 678 ਵਿਦੇਸ਼ੋਂ ਪਰਤੇ ਹਨ ਅਤੇ ਵੱਡੀ ਪੱਧਰ 'ਤੇ ਕਾਰਜਸ਼ੀਲ ਪ੍ਰਸਾਸਨਿਕ ਟੀਮਾਂ ਦੁਆਰਾ ਘਰ ਘਰ ਦੇ ਸਰਵੇਖਣ ਦੌਰਾਨ ਇਨ੍ਹਾਂ ਨਾਗਰਿਕਾਂ ਦੀ ਪਛਾਣ ਕਰਕੇ ਘਰਾਂ ਅਤੇ ਵੱਖ ਵੱਖ ਸੰਸਥਾਵਾਂ ਵਿੱਚ ਇਕਾਂਤਵਾਸ (ਹੋਮ ਕੁਆਰੰਟਿਨ) ਪ੍ਰਕਿਰਿਆ ਅਧੀਨ ਲਿਆਂਦਾ ਜਾ ਚੁੱਕਾ ਹੈ ਜਿਨ੍ਹਾਂ ਵਿੱਚੋਂ ਕਰੀਬ 300 ਵਿਅਕਤੀ 14 ਦਿਨਾਂ ਦੀ ਇਕਾਂਤਵਾਸ ਪ੍ਰਕਿਰਿਆ ਪੂਰੀ ਕਰ ਚੁੱਕੇ ਹਨ ਜਦਕਿ 159 ਇਕਾਂਤਵਾਸ ਵਿੱਚ ਹਨ।
ਉਨ੍ਹਾਂ ਦੱਸਿਆ ਕਿ ਕਰਫਿਊ ਅਣਮਿੱਥੇ ਸਮੇਂ ਲਈ ਲਗਾਇਆ ਗਿਆ ਹੈ ਅਤੇ ਅਜਿਹੀ ਕੋਈ ਛੋਟ ਨਹੀਂ ਦਿੱਤੀ ਗਈ ਜਿਸ ਨਾਲ ਲੋਕ ਫਿਰ ਤੋਂ ਸੜਕਾਂ ਜਾਂ ਦੁਕਾਨਾਂ 'ਤੇ ਆ ਜਾਣ ਅਤੇ ਕੋਰੋਨਾ ਵਾਇਰਸ ਦੇ ਪ੍ਰਭਾਵ ਦਾ ਡਰ ਵਧ ਜਾਵੇ। ਉਨ੍ਹਾਂ ਕਿਹਾ ਕਿ ਜ਼ਰੂਰੀ ਵਸਤਾਂ ਦੀ ਨਿਯਮਤ ਸਪਲਾਈ ਨੂੰ ਯਕੀਨੀ ਬਣਾਉਣ ਲਈ ਦੋਧੀਆਂ ਨੂੰ ਸਵੇਰੇ 8 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ। ਸ਼੍ਰੀ ਥੋਰੀ ਨੇ ਕਿਹਾ ਕਿ ਬਜ਼ਾਰਾਂ ਵਿੱਚ ਭੀੜ ਨੂੰ ਖ਼ਤਮ ਕਰਨ ਲਈ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਹਦਾਇਤ ਕੀਤੀ ਹੈ ਕਿ ਮੰਡੀ ਵਿੱਚ ਸਵੇਰ ਸਮੇਂ ਸਬਜ਼ੀ ਖਰੀਦਣ ਵਾਲਿਆਂ ਦਾ ਇਕੱਠ ਨਾ ਹੋਵੇ ਇਸ ਲਈ ਡੋਰ ਟੂ ਡੋਰ ਸਪਲਾਈ ਕੀਤੀ ਜਾਵੇ। ਇਸ ਤੋਂ ਇਲਾਵਾ ਹਰੇਕ ਸ਼ਹਿਰ ਵਿੱਚ ਟਰੈਕਟਰ ਟਰਾਲੀ ਚਲਾਏ ਜਾਣ ਜੋ ਲੋਕਾਂ ਨੂੰ ਰਾਸ਼ਨ ਦਾ ਸਾਮਾਨ ਅਤੇ ਸਬਜ਼ੀਆਂ ਸਪਲਾਈ ਕਰਨਗੇ।
ਉਨ੍ਹਾਂ ਕਿਹਾ ਕਿ ਰੋਜ਼ਾਨਾ ਦੇ ਪੱਧਰ 'ਤੇ ਲਗਾਤਾਰ ਸਮੀਖਿਆ ਹੋ ਰਹੀ ਹੈ ਅਤੇ ਇਸ ਸਬੰਧ ਵਿੱਚ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਹੋਵੇਗੀ।
ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਸੌ ਫੀਸਦੀ ਘਰਾਂ ਵਿੱਚ ਇਸ ਸਬੰਧੀ ਜਾਗਰੂਕਤਾ ਪੈਦਾ ਕਰਨ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਹੈ ਅਤੇ 10-10 ਪਿੰਡਾਂ ਦੇ ਉਪਰ ਇੱਕ ਸੈਕਟਰ ਅਫ਼ਸਰ ਅਤੇ ਇੱਕ ਏ.ਐਸ.ਆਈ ਪੱਧਰ ਦੇ ਅਧਿਕਾਰੀ 'ਤੇ ਆਧਾਰਿਤ ਕੁਲ 115 ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ 600 ਗ੍ਰਾਮ ਪੰਚਾਇਤਾਂ ਵਿੱਚ ਪਟਵਾਰੀ, ਪੰਚਾਇਤ ਸਕੱਤਰਾਂ, ਖੁਸ਼ਹਾਲੀ ਦੇ ਰਾਖਿਆਂ ਆਦਿ 'ਤੇ ਆਧਾਰਿਤ ਅਮਲੇ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਕੱਲ੍ਹ ਤੋਂ ਸਿਹਤ ਵਿਭਾਗ ਤੋਂ ਹੋਮ ਕੁਆਰੰਟਿਨ ਸਬੰਧੀ ਕਾਰਜਾਂ ਦੀ ਜਿੰਮੇਵਾਰੀ ਪ੍ਰਾਪਤ ਕਰ ਲਈ ਜਾਵੇਗੀ ਅਤੇ ਜੇਕਰ ਕੋਈ ਵੀ ਵਿਦੇਸ਼ੋਂ ਪਰਤਿਆ ਨਾਗਰਿਕ ਹੋਮ ਕੁਆਰੰਟਿਨ ਸਬੰਧੀ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 188 ਤਹਿਤ ਕੇਸ ਦਰਜ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਵੀ ਸੰਗਰੂਰ ਵਿਖੇ ਕੋਵਿਡ-19 ਦੀਆਂ ਹਦਾਇਤਾਂ ਸਬੰਧੀ ਉਲੰਘਣਾ ਕਰਨ ਵਾਲੇ 9 ਵਿਅਕਤੀਆਂ ਵਿਰੁੱਧ ਪੁਲਿਸ ਕੇਸ ਦਰਜ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 200 ਆਈਸੋਲੇਸ਼ਨ ਵਾਰਡ ਸਥਾਪਤ ਕੀਤੇ ਗਏ ਹਨ ਅਤੇ ਲਗਾਤਾਰ ਧਰਮਸ਼ਾਲਾਵਾਂ ਜਾਂ ਅਜਿਹੀਆਂ ਹੀ ਹੋਰ ਥਾਵਾਂ ਦੀ ਚੋਣ ਲਈ ਟੀਮਾਂ ਸਰਗਰਮ ਹਨ ਅਤੇ ਰੋਜ਼ਾਨਾ 200 ਬਿਸਤਰਿਆਂ ਦੇ ਆਧਾਰ 'ਤੇ ਸਥਾਨਾਂ ਦੀ ਚੋਣ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਿੱਧਾ ਉਚ ਅਧਿਕਾਰੀਆਂ ਨਾਲ ਰਾਬਤਾ ਰੱਖਦੇ ਹੋਏ ਅਨੁਮਾਨਤ ਜ਼ਰੂਰਤ ਮੁਤਾਬਕ ਮਾਸਕ, ਸੈਨੇਟਾਈਜ਼ਰ, ਪੀ.ਪੀ ਕਿੱਟਾਂ ਆਦਿ ਮੰਗਵਾਇਆ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਸਵੈ ਸਹਾਇਤਾ ਸਮੂਹਾਂ ਦੇ ਰਾਹੀਂ ਲੋਕਲ ਪੱਧਰ 'ਤੇ 15 ਹਜ਼ਾਰ ਮਾਸਕ ਤਿਆਰ ਕਰਵਾਏ ਜਾ ਰਹੇ ਹਨ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਸੈਨੇਟਾਈਜ਼ਰ ਦੀ ਹੋੜ ਵਿੱਚ ਨਾ ਆਇਆ ਜਾਵੇ ਬਲਕਿ ਸਾਬਣ ਪਾਣੀ ਦੀ ਵਰਤੋਂ ਵੀ ਬਿਹਤਰ ਸਾਬਤ ਹੋ ਰਹੀ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਡੋਰ ਟੂ ਡੋਰ ਸਰਵਿਸ ਹਾਸਲ ਕਰਨ ਵਾਲੇ ਸਮਾਨ ਦੇ ਲੈਣ ਦੇਣ ਸਮੇਂ ਆਪਣੇ ਹੱਥਾਂ ਨੂੰ ਜ਼ਰੂਰ ਧੋਣ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਦੌਰਾਨ ਬਜ਼ੁਰਗਾਂ ਦੀ ਖਾਸ ਖਿਆਲ ਰੱਖਿਆ ਜਾਵੇ ਅਤੇ ਖੰਘ, ਜ਼ੁਕਾਮ ਆਦਿ ਜਿਹਾ ਕੋਈ ਵੀ ਗੰਭੀਰ ਲੱਛਣ ਪਾਏ ਜਾਣ 'ਤੇ ਪਰਿਵਾਰਕ ਪੱਧਰ 'ਤੇ ਸਾਵਧਾਨੀਆਂ ਵਰਤੀਆਂ ਜਾਣ ਅਤੇ ਜੇ ਹੋ ਸਕੇ ਤਾਂ ਘੱਟੋ ਘੱਟ ਇੱਕ ਮੀਟਰ ਤੱਕ ਦੀ ਦੂਰੀ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਅਗਲਾ ਇੱਕ ਤੋਂ ਦੋ ਹਫ਼ਤੇ ਤੱਕ ਦਾ ਸਮਾਂ ਕਾਫ਼ੀ ਨਾਜ਼ੁਕ ਹੈ ਅਤੇ ਜਿੰਨਾ ਨਿਯੰਤਰਣ ਕੀਤਾ ਜਾ ਸਕੇ ਉਨ੍ਹਾਂ ਬਿਹਤਰ ਹੈ। ਉਨ੍ਹਾਂ ਕਿਹਾ ਕਿ ਗਰੀਬ ਤਬਕੇ ਤੱਕ ਜ਼ਰੂਰੀ ਵਸਤਾਂ ਪਹੁੰਚਾਉਣ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਨਰੇਗਾ ਦੇ ਕਰੀਬ 67 ਹਜ਼ਾਰ ਜਾਬ ਹੋਲਡਰਾਂ ਨੂੰ ਅਤੇ ਕਿਰਤ ਵਿਭਾਗ ਨਾਲ ਰਜਿਸਟਰਡ ਕਰੀਬ 28 ਹਜ਼ਾਰ ਕਿਰਤੀ ਕਾਮਿਆਂ ਸਬੰਧੀ ਡਾਟਾ ਵੀ ਪ੍ਰਾਪਤ ਕੀਤਾ ਗਿਆ ਹੈ ਜਿਸ ਸਬੰਧੀ ਸਰਕਾਰ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਸ਼੍ਰੀ ਥੋਰੀ ਨੇ ਦੱਸਿਆ ਕਿ ਰੋਟੇਸ਼ਨ ਦੇ ਆਧਾਰ 'ਤੇ ਹਰੇਕ ਸ਼ਹਿਰ ਵਿੱਚ 2-2 ਕੈਮਿਸਟ ਦੁਕਾਨਾਂ ਖੋਲ੍ਹਣ ਦੇ ਆਦੇਸ਼ ਦਿੱਤੇ ਗਏ ਹਨ ਜਿਥੋਂ ਲੋਕ ਐਮਰਜੈਂਸੀ ਦੇ ਪੱਧਰ 'ਤੇ ਦਵਾਈਆਂ ਹਾਸਲ ਕਰ ਸਕਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਕਰਫਿਊ ਦੌਰਾਨ ਬੇਵਜ੍ਹਾ ਬਾਹਰ ਨਿਕਲਣ ਤੋਂ ਗੁਰੇਜ਼ ਕੀਤਾ ਜਾਵੇ। ਸ਼੍ਰੀ ਥੋਰੀ ਨੇ ਕਿਹਾ ਕਿ ਪੈਟਰੋਲ ਪੰਪਾਂ ਦੇ ਮਾਲਕਾਂ ਲਈ ਵੀ ਪੰਪ ਖੋਲ੍ਹਣ ਸਬੰਧੀ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਪੁਲਿਸ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਬੇਹੱਦ ਘਾਤਕ ਹੈ ਅਤੇ ਇਸ ਤੋਂ ਸਾਵਧਾਨੀ ਰੱਖਣੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਰਫਿਊ ਦੀ ਸਥਿਤੀ ਵਿੱਚ ਸਰਕਾਰ ਦੇ ਆਦੇਸ਼ਾਂ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਵੇ। ਸ਼੍ਰੀ ਥੋਰੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਜਾਂ ਕਰਫਿਊ ਸਬੰਧੀ ਕੋਈ ਵੀ ਜਾਣਕਾਰੀ ਹਾਸਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 01672-232304 'ਤੇ ਸੰਪਰਕ ਕੀਤਾ ਜਾ ਸਕਦਾ ਹੈ।