ਅਸ਼ੋਕ ਵਰਮਾ
ਬਠਿੰਡਾ, 24 ਮਾਰਚ 2020 - ਬਠਿੰਡਾ ਪੁਲਿਸ ਨੇ ਅੱਜ ਸ਼ਹਿਰ ਵਿੱਚ ਕਰਫਿਊ ਦੀ ਉਲੰਘਣਾ ਕਰਨ ਵਾਲੇ ਦਰਜਨਾਂ ਨੌਜਵਾਨਾਂ ਨੂੰ ਕੁਟਾਪਾ ਚਾੜਿਆ। ਪੁਲਿਸ ਦੀਆਂ ਮਹਿਲਾ ਕਾਂਸਟੇਬਲਾਂ ਨੇ ਅੱਜ ਕਰਫਿਊ ਦੇ ਹੁਕਮਾਂ ਤੋਂ ਆਕੀ ਔਰਤਾਂ ਦੀ ਵੀ ਚੰਗੀ ਲਾਹ ਪਾਹ ਕੀਤੀ। ਇੱਕ ਪਾਸ਼ ਪ੍ਰੀਵਾਰ ਨਾਲ ਸਬੰਧਤ ਦਿਖਾਈ ਦੇਣ ਅਤੇ ਕਾਨੂੰਨ ਦੀਆਂ ਗੱਲਾਂ ਕਰਨ ਵਾਲੀ ਔਰਤ ਨੂੰ ਪੁਲਿਸ ਮੁਲਾਜਮਾਂ ਨੇ ਅਨੁਸ਼ਾਸ਼ਨ ਦਾ ਚੰਗਾ ਪਾਠ ਪੜਾਇਆ। ਜਦੋਂ ਉਸ ਨੂੰ ਧਾਰਾ 188 ਤਹਿਤ ਪੁਲਿਸ ਕੇਸ ਦਰਜ ਅਤੇ ਜੇਲ੍ਹ ਭੇਜਣ ਬਾਰੇ ਦੱਸਿਆ ਤਾਂ ਉਸ ਨੇ ਮੁਆਫੀ ਮੰਗ ਅਤੇ ਅੱਗੇ ਤੋਂ ਤੌਬਾ ਕਰਨ ’ਚ ਹੀ ਭਲਾਈ ਸਮਝੀ। ਮਹਿਲਾ ਪੁਲਿਸ ਮੁਲਾਜਮਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀ ਭਲਾਈ ਲਈ ਸਭ ਕਰ ਰਹੀ ਹੈ ਫਿਰ ਵੀ ਲੋਕ ਸਮਝ ਨਹੀਂ ਰਹੇ ਜੋ ਮਾੜੀ ਗੱਲ ਹੈ। ਸੋਸ਼ਲ ਮੀਡੀਆ ਤੇ ਆਈਆਂ ਵੀਡੀਓ ਲੋਕਾਂ ਵੱਲੋਂ ਕੀਤੀ ਕੋਤਾਹੀ ਦੀ ਗਵਾਹੀ ਭਰ ਰਹੀਆਂ ਹਨ।
ਬਠਿੰਡਾ ਸ਼ਹਿਰ ਦੇ ਘੋੜੇ ਵਾਲਾ ਚੌਂਕ ਕੋਲ ਜਦੋਂ ਕੁਝ ਨੌਜਵਾਨ ਸੜਕਾਂ ਤੇ ਅਵਾਰਾਗਰਦੀ ਕਰਦੇ ਦਿਖਾਈ ਦਿੱਤੇ ਤਾਂ ਪੁਲਿਸ ਮੁਲਾਜਮਾਂ ਨੇ ਉਨ੍ਹਾਂ ਦੇ ਸੜਕ ਤੇ ਕੰਨ ਫੜਾ ਦਿੱਤੇ। ਪੁਲਿਸ ਦੀ ਇਸ ਕੰਨ ਫੜਾਓ ਮੁਹਿੰਮ ਦਾ ਸ਼ਿਕਾਰ ਇੱਥ ਕਾਰ ਚਾਲਕ ਵੀ ਹੋ ਗਿਆ ਜਿਸ ਨੂੰ ਕਾਫੀ ਸਮਾਂ ਸੜਕ ਤੇ ਮੁਰਗਾ ਬਣਨਾ ਪਿਆ। ਕੁੱਝ ਨੌਜਵਾਨ ਹੋਰਨਾਂ ਨੂੰ ਕਰਫਿਊ ’ਚ ਘੁੰਮਣ ਵਾਸਤੇ ਆਖ ਰਹੇ ਸਨ ਤਾਂ ਉਦੋਂ ਪੁਲੀਸ ਨੇ ਨੌਜਵਾਨਾਂ ਦਾ ਪਿੱਛਾ ਕੀਤਾ। ਅੱਜ ਬਹੁਤੇ ਨੌਜਵਾਨ ਮੋਟਰਸਾਈਕਲਾਂ ’ਤੇ ਸਵਾਰ ਸਨ। ਜਦੋਂ ਨੌਜਵਾਨਾਂ ਦਾ ਇੱਥ ਗਰੁੱਪ ਮਾਨਸਾ ਵਾਲੇ ਪੁਲ ਪਾਸਿਓਂ ਦਾਖਲ ਹੋਇਆ ਤਾਂ ਪੁਲੀਸ ਲਲਕਾਰਾ ਮਾਰ ਕੇ ਪਿੱਛੇ ਪੈ ਗਈ। ਨੌਜਵਾਨ ਅੱਗੇ ਭੱਜੇ ਅਤੇ ਪੁਲੀਸ ਮੁਲਾਜ਼ਮਾਂ ਨੇ ਜੋ ਨੌਜਵਾਨ ਕਾਬੂ ਆਇਆ, ਉਸ ਦੀ ਕੁੱਟਮਾਰ ਕੀਤੀ ਜਿੰਨਾਂ ਚੋਂ ਪੁਲਿਸ ਨੂੰ ਅਵਾ ਤਵਾ ਬੋਲਣ ਵਾਲੇ ਨੂੰ ਵੱਧ ਪੁਲੀਸ ਮਾਰ ਝੱਲਣੀ ਪਈ। ਇਵੇਂ ਹੀ ਬੀਬੀ ਵਾਲਾ ਚੌਕ ਅਤੇ ਹੋਰਨਾਂ ਥਾਵਾਂ ਤੋਂ ਦਰਜਨਾਂ ਕਾਰਕੁਨਾਂ ਨੂੰ ਪੁਲੀਸ ਨੇ ਫੜ ਲਿਆ।
ਬਠਿੰਡਾ ਦੇ ਇੱਕ ਇਲਾਕੇ ’ਚ ਇੱਕ ਮੁੱਖ ਥਾਣਾ ਅਫਸਰ ਅਤੇ ਚੌਂਕੀ ਇੰਚਾਰਜ ਸਬ ਇੰਸਪੈਕਟਰ ਨੇ ਕਾਨੂੰਨ ਭੰਗ ਕਰਨ ਵਾਲਿਆਂ ਨੂੰ ਕਬਫਿਊ ਦਾ ਮਤਲਬ ਸਮਝਾਇਆ। ਪੁਲਿਸ ਮੁਲਾਜਮਾਂ ਨੇ ਇੰਨਾਂ ਮੁੰਡਿਆਂ ਤੋਂ ਡੰਡ ਬੈਠਕਾਂ ਕਢਵਾਈਆਂ। ਇੱਕ ਜੀਪ ਸਾਰ ਵੱਲੋਂ ਸਵਾਲ ਜਵਾਬ ਕਰਨ ਅਤੇ ਕਾਰ ਸਵਾਰ ਦੇ ਖੜੇ ਰਹਿਣ ਤੇ ਅਫਸਰਾਂ ਨੇ ਦੋਵਾਂ ਦੀ ਭੁਗਤ ਸਵਾਰ ਦਿੱਤੀ। ਪੁਲਿਸ ਨੂੰ ਦੇਖਣ ਦੇ ਬਾਵਜੂਦ ਖਲੋਤੇ ਬਹਿਣ ਵਾਲੇ ਨੌਜਵਾਨਾਂ ਨੂੰ ਇੱਕ ਸਿਪਾਹੀ ਨੇ ਅਕਲਦਾਨ ਦਿਖਾਇਆ। ਏਦਾਂ ਹੀ ਸਬਜੀ ਮੰਡੀ ’ਚ ਭੀੜ ਕਰਨ ਵਾਲਿਆਂ ਨੂੰ ਖਿੰਡਾਉਣ ਲਈ ਪੁਲਿਸ ਨੂੰ ਡਾਂਗਾਂ ਦੀ ਵਰਤੋਂ ਕਰਨਂ ਪਈ।ਬਠਿੰਡਾ ਜਿਲੇ ਦੇ ਵੱਖ ਵੱਖ ਕਸਬਿਆਂਠ ਚੋਂ ਵੀ ਕਰਫਿਊ ਲਾਗੂ ਕਰਨ ਲੀਂ ਸਖਤੀ ਦੀਆਂ ਖਬਰਾਂ ਹਨ।
ਅੱਜ ਬਠਿੰਡਾ ਸ਼ਹਿਰ ਪੂਰੀ ਤਰਾਂ ਬੰਦ ਸੀ ਅਤੇ ਗਲੀਆਂ ਸੁੰਨੀਆਂ ਹੋ ਗਈਆਂ ਸਨ। ਪੁਲਿਸ ਮੁਲਾਜਮਾਂ ਦਾ ਕਹਿਣਾ ਹੈ ਕਿ ਕੁਝ ਨੌਜਵਾਨ ਸ਼ਹਿਰ ਵਿੱਚ ਜਬਰੀ ਬੰਦ ਦੀ ਉਲੰਘਣਾ ਕਰ ਰਹੇ ਸਨ ਅਤੇ ਜਦੋਂ ਉਨਾਂ ਨੇ ਪਿੱਛਾ ਕੀਤਾ ਤਾਂ ਉਹ ਨੌਜਵਾਨ ਭੱਜ ਗਏ ਜਿਸ ਕਰਕੇ ਕੁਟਾਪੇ ਦੀ ਲੋੜ ਹੀ ਨਹੀਂ ਪਈ। ਬਠਿੰਡਾ ਜਿਲੇ ’ਚ ਪ੍ਰਸ਼ਾਸਨ ਨੇ ਧਾਰਾ 144 ਲਾਗੂ ਕੀਤੀ ਹੋਈ ਹੈ। ਇਸ ਤਹਿਤ ਕਿਸੇ ਜਨਤਕ ਜਗਾ ’ਤੇ ਪੰਜ ਜਾਂ ਇਸ ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋ ਸਕਦੇ। ਇਸ ਤੋਂ ਇਲਾਵਾ ਸੜਕ ਤੇ ਆਉਣ ਜਾਣ ਜਾਂ ਘਰਾਂ ਚੋਂ ਨਿਕਲਣ ਦੀ ਇਜਾਜ਼ਤ ਨਹੀਂ ਹੈ।
ਭਗਤਾ ਭਾਈ ’ਚ ਲੋਟਣੀਆਂ ਲਵਾਈਆਂ
ਕਰਫਿਊ ਹੁਕਮਾਂ ਨੂੰ ਟਿੱਚ ਜਾਨਣ ਵਾਲੇ ਲੜਕਿਆਂ ਨੂੰ ਭਗਤਾ ਭਾਈ ਵਿੱਚ ਪੁਲਿਸ ਮੁਲਾਜਮਾਂ ਨੇ ਲੋਟਣੀਆਂ ਲਵਾਈਆਂ। ਇਹ ਮੁੰਡੇ ਵਾਰ ਵਾਰ ਸਮਝਾਏ ਜਾਣ ਤੋਂ ਬਾਅਦ ਵੀ ਘਰਾਂ ਨੂੰ ਜਾਣ ਲਈ ਤਿਆਰ ਨਹੀਂ ਹੋਏ ਤਾਂ ਪੁਲਿਸ ਨੇ ਆਪਣੇ ਢੰਗ ਨਾਲ ਜਲਵਾ ਦਿਖਾ ਦਿੱਤਾ। ਇੰਨਾਂ ਮੁੰਡਿਆਂ ਨੂੰ ਭਵੱਖ ’ਚ ਸੁਧਰਨ ਦੀ ਤਾਕੀਦ ਤੇ ਛੱਡ ਦਿੱਤਾ ਗਿਆ। ਇਯੇ ਸ਼ਹਿਰ ’ਚ ਹੀ ਕੁੱਝ ਥਾਵਾਂ ਤੇ ਮੁਲਾਜਮਾਂ ਨੇ ਘੁੰਮਦੇ ਨੌਜਵਾਨਾਂ ਦੀ ਖਿਚਾਈ ਕੀਤੀ।
ਕਰਫਿਊ ਦੀ ਉਲੰਘਣਾ ਦੀ ਆਗਿਆ ਨਹੀਂ - ਐਸਐਸਪੀ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ ਨਾਨਕ ਸਿੰਘ ਦਾ ਕਹਿਣਾ ਸੀ ਕਿ ਕਬਫਿਊ ਦੀ ਉਲੰਘਣਾ ਕਰਨ ਦੀ ਆਗਿਆ ਨਹੀਂ ਦਿੱਤੀ ਜਾਏਗੀ। ਉਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਅਜਿਹਾ ਕਰਦਾ ਪਾਇਆ ਗਿਆ ਤਾਂ ਪੁਲਿਸ ਕੇਸ ਦਰਜ ਕੀਤੇ ਜਾਣਗੇ।