ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 16 ਸਤੰਬਰ 2020 - ਸ਼੍ਰੋਮਣੀ ਗੁ: ਕਮੇਟੀ ਵਲੋਂ 328 ਪਾਵਨ ਸਰੂਪ ਗੁੰਮ ਹੋਣ ਦੇ ਮਾਮਲੇ ਵਿੱਚ ਦੋਸ਼ੀ ਨਾਮਜਦ ਕੀਤੇ ਗਏ ਸਾਬਕਾ ਸੁਪਰਵਾਈਜਰ ਕੰਵਲਜੀਤ ਸਿੰਘ ਪੁੱਤਰ ਰਜਿੰਦਰ ਸਿੰਘ ਨੇ ਅੱਜ ਇਥੇ ਇਕ ਪੱਤਰਕਾਰ ਸੰਮੇਲਨ 'ਚ ਲਿਖਤੀ ਰੂਪ ਵਿੱਚ ਇਕ ਪੱਤਰ ਦੇਦਿਆ ਇਸ ਲਈ ਸਾਬਕਾ ਸਕੱਤਰ ਸਮੇਤ ਕਈ ਹੋਰਨਾਂ ਨੂੰ ਜੁੰਮੇਵਾਰ ਦੱਸਦਿਆਂ ਕਿਹਾ ਕਿ ਉਨ੍ਹਾਂ ਵਲੋਂ ਭੇਜੀਆ ਜਾਂਦੀਆ ਪਰਚੀਆਂ ਦੇ ਅਧਾਰ ਤੇ ਹੀ ਸਰੂਪ ਸਤਿਕਾਰ ਸੰਗਤਾਂ ਨੂੰ ਦਿੱਤੇ ਸਨ, ਪਰ ਉਹ ਪਰਚੀਆ ਰਿਕਾਰਡ ਵਿੱਚ ਦਰਜ ਨਹੀਂ ਹੁੰਦੀਆਂ ਸਨ।
ਕੰਵਲਜੀਤ ਸਿੰਘ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਉਹ ਅੱਜ ਤੱਕ ਇਸ ਗੱਲ ਤੋਂ ਅਨਜਾਣ ਹੈ ਕਿ ਉਹ ਸਰੂਪ ਕਿਸੇ ਗੁਰਦੁਆਰਾ ਸਾਹਿਬ ਵਿਖੇ ਜਾਂਦੇ ਸਨ ਜਾਂ ਫਿਰ ਸੰਗਤਾਂ ਉਨ੍ਹਾਂ ਨੂੰ ਘਰ ਵਿੱਚ ਰੱਖਦੀਆ ਸਨ। ਕੰਵਲਜੀਤ ਸਿੰਘ ਨੇ ਇਹ ਵੀ ਕਿਹਾ ਕਿ ਸਾਲ 2016 ਵਿੱਚ ਗੁ: ਰਾਮਸਰ ਵਿਖੇ ਅਚਾਨਕ ਅੱਗ ਲੱਗਣ ਨਾਲ ਜਿਹੜੇ 80 ਪਾਵਨ ਸਰੂਪ ਅਗਨ ਭੇਟ ਹੋਏ ਸਨ। ਉਨ੍ਹਾਂ ਤੋਂ ਵੀ ਉਸ ਨੂੰ ਦੂਰ ਰੱਖਿਆ ਗਿਆ ਸੀ। ਕੰਵਲਜੀਤ ਸਿੰਘ ਨੇ ਮੰਗ ਕੀਤੀ ਕਿ ਇਸ ਬਾਰੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ, ਜਿਸ ਵਿੱਚ ਉਸ ਵਲੋਂ ਪੂਰੇ ਵੇਰੇਵੇ ਸਹਿਤ ਉਨ੍ਹਾਂ ਅਧਿਕਾਰੀਆ ਦੇ ਨਾਮ ਸਬੂਤਾਂ ਸਮੇਤ ਦਿੱਤੇ ਜਾਣਗੇ, ਜਿਨ੍ਹਾਂ ਦੀ ਪਰਚੀਆ ਤੇ ਇਹ ਇਹ ਸਰੂਪ ਦਿੱਤੇ ਜਾਂਦੇ ਸਨ।