ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੇਫੋਰਨੀਆਂ), 9 ਸਤੰਬਰ, 2020: ਅਮਰੀਕੀ ਰਵਾਇਤ ਮੁਤਾਬਿਕ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਦੇ ਉਮੀਦਵਾਰਾਂ ਦੌਰਾਨ ਜਨਤਕ ਬਹਿਸਾਂ ਹੁੰਦੀਆਂ ਆ ਰਹੀਆਂ ਹਨ। ਜਿਸ ਤੋਂ ਵੋਟਰ ਉਮੀਦਵਾਰਾਂ ਦੀ ਯੋਗਤਾ ਦੀ ਖਰਖ ਕਰਕੇ ਵੋਟ ਪਾਉਣ ਲਈ ਆਪਣਾ ਮਨ ਬਣਾਉਂਦੇ ਹਨ। ਇਸੇ ਕੜੀ ਤਹਿਤ ਅਮਰੀਕੀ ਉਪ-ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਤੇ ਅਮਰੀਕਾ ਦੇ ਮੌਜੂਦਾ ਉਪ-ਰਾਸ਼ਟਰਪਤੀ ਮਾਈਕ ਪੈਂਸ ਵਿਚ ਚੋਣਾਂ ਨੂੰ ਲੈ ਕੇ ਪਹਿਲੀ ਤੇ ਆਖ਼ਰੀ ਇਕੋ-ਇਕ ਲਾਈਵ ਟੀ.ਵੀ. ਬਹਿਸ ਪਿੱਛਲੇ ਦਿਨੀਂ ਸਾਲਟ ਲੇਕ ਸਿਟੀ ਵਿਖੇ ਹੋਈ, ਜਿਥੇ ਦੋਵੇਂ ਉਮੀਦਵਾਰ ਸਟੇਜ 'ਤੇ 12 ਫੁੱਟ ਤੋਂ ਵੱਧ ਦੂਰੀ 'ਤੇ ਬੈਠੇ ਸਨ |
ਉੱਪ-ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟ ਅਤੇ ਰਿਪਬਲਿਕਨ ਊਮੀਦਵਾਰਾਂ ਵਿਚਾਲੇ ਬਹਿਸ ਦੌਰਾਨ ਕੋਵਿਡ-19, ਚੀਨ, ਜਲਵਾਯੂ ਤਬਦੀਲੀ, ਸੁਪਰੀਮ ਕੋਰਟ ਨਾਮਜ਼ਦਗੀ ਅਤੇ ਨਸਲੀ ਮੁੱਦੇ ਭਾਰੂ ਰਹੇ। ਉਪ-ਰਾਸ਼ਟਰਪਤੀ ਮਾਈਕ ਪੈਂਸ (61) ਅਤੇ ਸੈਨੇਟਰ ਕਮਲਾ ਹੈਰਿਸ (55) ਵਿਚਾਲੇ ਨਾ-ਮਾਤਰ ਟੋਕਾ-ਟੋਕੀ ਹੋਈ ਅਤੇ ਘੱਟ ਹੀ ਤਣਾਅਪੂਰਨ ਪਲ ਬਣੇ। ਇੰਡੀਆਨਾ ਵਾਸੀ ਪੈਂਸ ਨੇ ਬਹਿਸ ਦੌਰਾਨ ਪਿਛਲੇ ਚਾਰ ਵ੍ਹਰਿਆਂ ਦੌਰਾਨ ਕੀਤੇ ਕੰਮਾਂ 'ਤੇ ਜ਼ੋਰਦਾਰ ਢੰਗ ਨਾਲ ਟਰੰਪ ਪ੍ਰਸ਼ਾਸਨ ਦਾ ਬਚਾਅ ਕੀਤਾ। ਕੁਝ ਪ੍ਰਸ਼ਨਾਂ 'ਤੇ ਉਨ੍ਹਾਂ ਆਪਣੀ ਵਿਰੋਧੀ ਉਮੀਦਵਾਰ ਨੂੰ ਸਫ਼ਲਤਾਪੂਰਵਕ ਚੁਣੌਤੀ ਦਿੱਤੀ, ਜਿਵੇਂ ਨਵੀਂ ਗ੍ਰੀਨ ਸੰਧੀ ਅਤੇ ਸੁਪਰੀਮ ਕੋਰਟ ਆਦਿ, ਇਨ੍ਹਾਂ ਮੁੱਦਿਆਂ 'ਤੇ ਹੈਰਿਸ ਨਿਰਉਤਰ ਸੀ।
ਉਪ-ਰਾਸ਼ਟਰਪਤੀ ਬਹਿਸ ਦੀ ਸਟੇਜ 'ਤੇ ਚੜ੍ਹਨ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਕਮਲਾ ਹੈਰਿਸ ਨੇ ਆਪਣੇ ਵਿਰੋਧੀ ਨੂੰ ਮੁਸਕਰਾ ਕੇ ਜਵਾਬ ਦਿੰਦਿਆਂ ਅੰਕੜਿਆਂ ਤੇ ਤੱਥਾਂ ਦੇ ਹਵਾਲੇ ਦਿੱਤੇ। ਹੈਰਿਸ ਨੇ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਦੇ ਮਾਮਲੇ 'ਤੇ ਟਰੰਪ ਪ੍ਰਸ਼ਾਸਨ ਦੀ ਨਿੰਦਾ ਕਰਦਿਆਂ ਇਸ ਨੂੰ ਅਮਰੀਕਾ ਦੇ ਇਤਿਹਾਸ ਵਿੱਚ ਕਿਸੇ ਰਾਸ਼ਟਰਪਤੀ ਪ੍ਰਸ਼ਾਸਨ ਦੀ 'ਸਭ ਤੋਂ ਵੱਡੀ ਅਸਫਲਤਾ' ਦੱਸਿਆ। ਇਸ 'ਤੇ ਪੈਂਸ ਨੇ ਕਿਹਾ ਕਿ ਟਰੰਪ ਦੀ ਯੋਜਨਾ ਨੇ ਹਜ਼ਾਰਾਂ ਅਮਰੀਕੀਆਂ ਦੀਆਂ ਜਾਨਾਂ ਬਚਾਈਆਂ ਹਨ। ਹੈਰਿਸ ਨੇ ਰਾਸ਼ਟਰਪਤੀ ਟਰੰਪ 'ਤੇ ਮੁਲਕ ਦੇ 'ਦੋਸਤਾਂ ਨਾਲ ਧੋਖਾ ਕਰਨ ਅਤੇ ਤਾਨਾਸ਼ਾਹਾਂ ਨੂੰ ਗਲੇ ਲਾਉਣ ਦੇ ਦੋਸ਼ ਲਾਏ। ਉਨ੍ਹਾਂ ਟਰੰਪ ਪ੍ਰਸ਼ਾਸਨ ਦੀ ਵਿਦੇਸ਼ ਨੀਤੀ ਪ੍ਰਤੀ ਇਕਤਰਫ਼ਾ ਪਹੁੰਚ 'ਤੇ ਹਮਲੇ ਕੀਤੇ, ਜਿਸ ਦੇ ਸਿੱਟੇ ਵਜੋਂ ਅਮਰੀਕਾ ਇਰਾਨ ਪਰਮਾਣੂ ਸੰਧੀ ਤੋਂ ਬਾਹਰ ਹੋਇਆ ਅਤੇ ਦੇਸ਼ ਘੱਟ ਸੁਰੱਖਿਅਤ ਹੋਇਆ। ਜਵਾਬ 'ਚ ਪੈਂਸ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਆਪਣੇ ਮਿੱਤਰ ਮੁਲਕਾਂ ਨਾਲ ਡਟ ਕੇ ਖੜ੍ਹਿਆ ਅਤੇ ਜਿਨ੍ਹਾਂ ਮੁਲਕਾਂ ਤੋਂ ਖ਼ਤਰਾ ਹੈ, ਉਨ੍ਹਾਂ ਵਿਰੁੱਧ ਡਟਿਆ ਹੈ।
ਪੈਂਸ ਨੇ ਦੋਸ਼ ਲਾਏ ਕਿ ਬਾਇਡਨ ਤੇ ਹੈਰਿਸ ਟੈਕਸ ਵਧਾਉਣਾ ਚਾਹੁੰਦੇ ਹਨ ਅਤੇ ਊਹ 2 ਖ਼ਰਬ ਅਮਰੀਕੀ ਡਾਲਰ ਦੀ ਨਵੀਂ ਗ੍ਰੀਨ ਸੰਧੀ ਹੇਠ ਅਰਥਚਾਰੇ ਨੂੰ ਦਬਾਉਣਾ ਚਾਹੁੰਦੇ ਹਨ। ਹੈਰਿਸ ਨੇ ਨਵੀਂ ਗ੍ਰੀਨ ਸੰਧੀ ਮੁੱਦੇ 'ਤੇ ਪ੍ਰਸ਼ਨ ਹਟਾ ਦਿੱਤੇ ਪ੍ਰੰਤੂ ਉਨ੍ਹਾਂ ਇਹ ਕਿਹਾ ਕਿ ਸੱਤਾ ਵਿੱਚ ਆਉਣ 'ਤੇ ਬਾਇਡਨ ਵਲੋਂ ਕਦੇ ਵੀ ਟੈਕਸ ਨਹੀਂ ਵਧਾਏ ਜਾਣਗੇ। ਹੈਰਿਸ ਨੇ ਜ਼ੋਰ ਦੇ ਕੇ ਕਿਹਾ ਕਿ ਟਰੰਪ ਪ੍ਰਸ਼ਾਸਨ ਦੀ ਅਗਵਾਈ ਹੇਠ ਅਮਰੀਕਾ ਨੇ ਚੀਨ ਨਾਲ ਆਪਣਾ ਵਪਾਰ ਗੁਆ ਲਿਆ। ਉਨ੍ਹਾਂ ਕਿਹਾ ਕਿ ਅਮਰੀਕਾ ਚੀਨ ਤੋਂ ਵਪਾਰ ਜੰਗ ਹਾਰ ਗਿਆ ਹੈ, ਜਿਸ ਕਾਰਨ ਅਮਰੀਕਾ ਦੀਆਂ ਤਿੰਨ ਲੱਖ ਨੌਕਰੀਆਂ ਚਲੀਆਂ ਗਈਆਂ। ਜਵਾਬ ਵਿੱਚ ਪੈਂਸ ਨੇ ਕਿਹਾ ਕਿ ਬਾਇਡਨ ਕਈ ਦਹਾਕਿਆਂ ਤੋਂ ਚੀਨ ਨੂੰ ਉਤਸ਼ਾਹਿਤ ਕਰ ਰਿਹਾ ਹੈ। ਹੈਰਿਸ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਵਲੋਂ ਜਲਵਾਯੂ ਤਬਦੀਲੀ 'ਤੇ ਪੈਰਿਸ ਸੰਧੀ ਵਿੱਚ ਸ਼ਾਮਲ ਹੋਇਆ ਜਾਵੇਗਾ।
ਉਪ ਰਾਸ਼ਟਰਪਤੀ ਦੀ ਚੋਣ ਲਈ ਅਮਰੀਕਾ ਵਿਚ ਬੁੱਧਵਾਰ ਨੂੰ ਰਿਪਬਲਿਕਨ ਉਮੀਦਵਾਰ ਮਾਈਕ ਪੈਂਸ ਅਤੇ ਡੈਮੋਕਰੇਟਿਕ ਉਮੀਦਵਾਰ ਕਮਲਾ ਹੈਰਿਸ ਵਿਚਾਲੇ ਬਹਿਸ ਦੌਰਾਨ ਪੈਂਸ ਦੇ ਸਿਰ 'ਤੇ ਮੱਖੀ ਆ ਕੇ ਬੈਠ ਗਈ। ਇਹ ਨਜ਼ਾਰਾ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਮੱਖੀ ਦੋ ਮਿੰਟ ਤੋਂ ਵੀ ਜ਼ਿਆਦਾ ਸਮੇਂ ਲਈ ਬੈਠੀ ਰਹੀ ਤੇ ਇਸ ਦੌਰਾਨ ਪੈਂਸ ਨੇ ਕਈ ਵਾਰ ਉਸ ਨੂੰ ਊਡਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੀ। ਇਹ ਘਟਨਾ ਸੋਸ਼ਲ ਮੀਡੀਆ 'ਤੇ ਛਾ ਗਈ। ਇਹ ਘਟਨਾ ਉਸ ਸਮੇਂ ਵਾਪਰੀ ਹੈ ਜਦੋਂ ਬਹਿਸ ਦੌਰਾਨ ਕਰੋਨਾ ਵਾਇਰਸ ਦੇ ਰੋਥਕਥਾਮ ਬਾਰੇ ਦਾਅਵੇ ਕੀਤੇ ਜਾ ਰਹੇ ਸਨ ਪਰ ਇਸ ਸਮੇਂ ਮੱਖੀ ਦੀ ਘੁਸਪੈਠ ਨੂੰ ਕੋਈ ਨਹੀਂ ਰੋਕ ਸਕਿਆ। ਸੋਸ਼ਲ ਮੀਡੀਆ 'ਤੇ ਮੱਖੀ ਵੱਡੀ ਸਟਾਰ ਬਣ ਗਈ। ਲੋਕ ਸੋਸ਼ਲ ਮੀਡੀਆ 'ਤੇ ਅਜੀਬੋ ਗਰੀਬ ਟਿੱਪਣੀਆਂ ਕਰ ਰਹੇ ਹਨ।