ਜਲੰਧਰ: ਉਤਪਾਦਨ ਅਤੇ ਵੰਡ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਏ ਡੀ ਸੀ ਵੱਲੋਂ ਆਕਸੀਜਨ ਪਲਾਂਟ ਦਾ ਦੌਰਾ
- ਮਸ਼ੀਨਰੀ ਵਿੱਚ ਕਿਸੇ ਵੀ ਤਰ੍ਹਾਂ ਦੀ ਖ਼ਰਾਬੀ ਨਾਲ ਸਮੇਂ ਸਿਰ ਨਜਿੱਠਣ ਲਈ ਪਲਾਂਟ ਮਾਲਕਾਂ ਨੂੰ ਅਹਿਮ ਸਪੇਅਰ ਪਾਰਟਸ ਅਤੇ ਮਕੈਨਿਕ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼
ਜਲੰਧਰ, 4 ਮਈ 2021 - ਆਕਸੀਜਨ ਜਨਰੇਸ਼ਨ ਅਤੇ ਹਸਪਤਾਲਾਂ ਵਿੱਚ ਇਸ ਦੀ ਵੰਡ ਨੂੰ ਹੋਰ ਸੁਚਾਰੂ ਬਣਾਉਣ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਸ਼ੇਸ਼ ਸਾਰੰਗਲ ਵੱਲੋਂ ਅੱਜ ਜੰਡੂ ਸਿੰਘਾ ਵਿਖੇ ਸਥਿਤ ਇੰਡੀਅਨ ਏਅਰ ਪ੍ਰੋਡਕਸ਼ਨ ਦੇ ਆਕਸੀਜਨ ਪਲਾਂਟ ਦਾ ਦੌਰਾ ਕੀਤਾ ਗਿਆ।
ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਸਪਤਾਲਾਂ ਵਿੱਚ ਓ 2 ਦੀ ਘਾਟ ਨਾਲ ਨਜਿੱਠਣ ਲਈ ਬਹੁਤ ਸਾਰੇ ਉਪਰਾਲੇ ਕੀਤੇ ਗਏ ਹਨ ਅਤੇ ਸਮੁੱਚੇ ਅਧਿਕਾਰੀਆਂ ਵੱਲੋਂ ਆਕਸੀਜਨ ਪਲਾਂਟਾਂ ਦੇ ਬਾਕਾਇਦਾ ਦੌਰਾ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਪਲਾਂਟਾਂ ਦੇ ਮਾਲਕਾਂ ਨੂੰ ਆਕਸੀਜਨ ਦੇ ਉਤਪਾਦਨ ਅਤੇ ਵੰਡ ਦੇ ਸੰਬੰਧ ਵਿੱਚ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣ ਕਰਨ ਲਈ ਕਿਹਾ ਗਿਆ ਹੈ ਕਿਉਂ ਜੋ ਡਾਕਟਰੀ ਸੰਸਥਾਵਾਂ ਤੋਂ ਇਲਾਵਾ ਹੋਰ ਸਾਰੀਆਂ ਸਪਲਾਈਆਂ ਨੂੰ ਕੁਝ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਪਲਾਂਟ ਦੇ ਪ੍ਰਬੰਧਕਾਂ ਨੂੰ ਪਲਾਂਟ ਦੀ ਮਸ਼ੀਨਰੀ ਲਈ ਸਪੇਅਰ ਪਾਰਟਸ ਅਤੇ ਮਕੈਨਿਕਾਂ ਦੀ ਚੌਵੀ ਘੰਟੇ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਜਦੋਂ ਵੀ ਮਸ਼ੀਨਰੀ ਕੋਈ ਖਰਾਬੀ ਆਉਂਦੀ ਹੈ ਤਾਂ ਉਸ ਨਾਲ ਸਮੇਂ ਸਿਰ ਨਜਿੱਠਿਆ ਜਾ ਸਕੇ। ਏ.ਡੀ.ਸੀ. ਨੇ ਇਸ ਕੀਮਤੀ ਗੈਸ ਦੀ ਵਧ ਰਹੀ ਮੰਗ ਨੂੰ ਪੂਰਾ ਕਰਨ ਲਈ ਆਕਸੀਜਨ ਦੇ ਨਿਰਵਿਘਨ ਉਤਪਾਦਨ ਅਤੇ ਸਪਲਾਈ 'ਤੇ ਜ਼ੋਰ ਦਿੱਤਾ। ਉਨ੍ਹਾਂ ਡਿਪਟੀ ਮੈਡੀਕਲ ਕਮਿਸ਼ਨਰ ਵੱਲੋਂ ਰੋਜ਼ਾਨਾ ਜਾਰੀ ਕੀਤੀ ਜਾਂਦੀ ਸ਼ੀਟ ਅਨੁਸਾਰ ਸਿਹਤ ਸੰਭਾਲ ਸੰਸਥਾਵਾਂ ਨੂੰ ਆਕਸੀਜਨ ਸਪਲਾਈ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਜੀਵਨ ਰੱਖਿਅਕ ਗੈਸ ਦੀ ਹਰੇਕ ਬੂੰਦ ਕੋਵਿਡ -19 ਦੇ ਮਰੀਜ਼ਾਂ ਲਈ ਬਹੁਤ ਕੀਮਤੀ ਹੈ।
ਸਾਰੰਗਲ ਨੇ ਮਹਾਂਮਾਰੀ ਦੌਰਾਨ ਬਿਹਤਰੀਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੀ ਜ਼ਿਲ੍ਹਾ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੋਵਿਡ ਸਬੰਧੀ ਢੁੱਕਵੇਂ ਵਿਵਹਾਰ ਦੀ ਸਖ਼ਤੀ ਨਾਲ ਪਾਲਣਾ ਕਰਨ। ਉਨ੍ਹਾਂ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਟੀਕਾਕਰਨ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਉਤਪਾਦਨ ਅਤੇ ਵੰਡ, ਸਿਲੰਡਰ ਮੁੜ ਭਰਨ ਸਮੇਤ ਆਕਸੀਜਨ ਪਲਾਂਟ ਵਿਖੇ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ ਦਾ ਜਾਇਜ਼ਾ ਵੀ ਲਿਆ।