''ਝੋਨੇ ਦੀ ਖਰੀਦ ਮਾਮਲਾ: ਆਪਸੀ ਤੋਹਮਤਬਾਜ਼ੀ ਨਾਲ ਡੰਗ ਟਪਾ ਰਹੀਆਂ ਹਨ ਸਰਕਾਰਾਂ''
ਅਸ਼ੋਕ ਵਰਮਾ
ਬਠਿੰਡਾ, 24 ਅਕਤੂਬਰ 2024: ਝੋਨੇ ਦੀ ਖਰੀਦ ਸੁਰੂ ਕਰਵਾਉਣ ਅਤੇ ਮੰਡੀਆਂ ਚੋਂ ਚੁਕਾਈ ਲਈ ਜਿਲਾ ਬਠਿੰਡਾ ਵੱਲੋਂ ਚੱਲ ਰਹੇ ਮੋਰਚਿਆਂ ਚ ਇਕੱਠਾਂ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ,ਹਰਜਿੰਦਰ ਸਿੰਘ ਬੱਗੀ,ਬਸੰਤ ਸਿੰਘ ਕੋਠਾਗੁਰੂ, ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ, ਹਰਿੰਦਰ ਬਿੰਦੂ, ਅਤੇ ਮਾਲਣ ਕੌਰ ਕੋਠਾਗੁਰੂ ਨੇ ਕਿਹਾ ਕਿ ਕਿਸਾਨ ਤਿੰਨ ਹਫਤਿਆਂ ਤੋਂ ਮੰਡੀਆਂ ਵਿੱਚ ਰੁਲ ਰਹੇ ਹਨ ਪਰ ਪੰਜਾਬ ਅਤੇ ਕੇਂਦਰ ਦੀ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਇੱਕ ਦੂਜੇ ਤੇ ਤੋਹਮਤਾਂ ਲਾ ਰਹੀਆਂ ਹਨ। ਉਹਨਾਂ ਕਿਹਾ ਕਿ ਸਾਰੀਆਂ ਹੀ ਵੋਟ ਪਾਰਟੀਆਂ ਵੱਲੋਂ ਕਿਸਾਨਾਂ ਦੀ ਸਮੱਸਿਆ ਵੱਲ ਧਿਆਨ ਦੇਣ ਬਜਾਏ ਜਿਮਨੀ ਚੋਣਾਂ ਵੱਲ ਵੱਧ ਧਿਆਨ ਦਿੱਤਾ ਜਾ ਰਿਹਾ ਹੈ। ਇੱਕ ਦੂਜੇ ਤੇ ਦੋਸ਼ ਲਾ ਕੇ ਆਪਣੇ ਆਪ ਨੂੰ ਬਰੀ ਕਰ ਰਹੀਆਂ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਦਿੱਲੀ ਕਿਸਾਨ ਮੋਰਚੇ ਦਾ ਬਦਲਾ ਲੈਣ ਦੀ ਭਾਵਨਾ ਨਾਲ ਸਮੱਸਿਆਵਾਂ ਹੱਲ ਨਹੀਂ ਕਰ ਰਹੀ ਉਥੇ ਪੰਜਾਬ ਸਰਕਾਰ ਨੇ ਵੀ ਸੈਲਰ ਮਾਲਕਾਂ ਨੂੰ ਹਦਾਇਤ ਕਰਨ ਤੋਂ ਪਾਸਾ ਵੱਟਿਆ ਹੋਇਆ ਹੈ।ਬਠਿੰਡਾ ਮਲੋਟ ਰੋਡ ਤੇ ਟੋਲ ਪਲਾਜਾ ਬੱਲੂਆਣਾ, ਬਠਿੰਡਾ ਅੰਮਿ੍ਤਸਰ ਰੋਡ ਤੇ ਟੋਲ ਪਲਾਜਾ ਜੀਦਾ, ਬਠਿੰਡਾ ਬਰਨਾਲਾ ਰੋਡ ਤੇ ਟੋਲ ਪਲਾਜਾ ਲਹਿਰਾ ਬੇਗਾ ਅਤੇ ਰਾਮਾ ਰਾਮਪੁਰਾ ਰੋਡ ਤੇ ਟੋਲ ਪਲਾਜਾ ਸੇਖਪੁਰਾ ਟੋਲ ਅੱਜ ਸੱਤਵੇਂ ਦਿਨ ਫ੍ਰੀ ਕੀਤੇ ਹੋਏ ਹਨ ਅਤੇ ਆਮ ਆਦਮੀ ਪਾਰਟੀ ਦੇ ਮਾਸਟਰ ਜਗਸੀਰ ਸਿੰਘ ਹਲਕਾ ਭੁੱਚੋ,ਬਲਕਾਰ ਸਿੰਘ ਹਲਕਾ ਰਾਮਪੁਰਾ, ਸੁਖਵੀਰ ਸਿੰਘ ਮਾਈਸਰਖਾਨਾ ਹਲਕਾ ਮੌੜ, ਬਲਜਿੰਦਰ ਕੌਰ ਹਲਕਾ ਤਲਵੰਡੀ ਅਤੇ ਜਗਦੀਪ ਸਿੰਘ ਨਕਈ ਰਾਮਪੁਰਾ ਭਾਜਪਾ ਆਗੂ ਦੇ ਘਰਾਂ ਅੱਗੇ ਛੇਵੇਂ ਦਿਨ ਵੀ ਲਗਾਤਾਰ ਦਿਨ ਰਾਤ ਦੇ ਮੋਰਚੇ ਜਾਰੀ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਪਿੰਡਾਂ ਦੀਆਂ ਮੰਡੀਆਂ ਵਿੱਚ ਜਾ ਕੇ ਰਿਪੋਰਟਾਂ ਇਕੱਠੀਆਂ ਕੀਤੀਆਂ ਜਿੱਥੋਂ ਕਿਸਾਨਾਂ ਨੇ ਜਾਣਕਾਰੀ ਦਿੱਤੀ ਕਿ ਹਾਲੇ ਤੱਕ ਪਿੰਡਾਂ ਵਾਲੀਆਂ ਮੰਡੀਆਂ ਵਿੱਚ ਖਰੀਦ ਏਜੰਸੀਆਂ ਦੇ ਇੰਸਪੈਕਟਰ ਸ਼ਾਮਿਲ ਹੀ ਨਹੀਂ ਹੋਏ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਦੀ ਸਰਕਾਰ ਝੋਨੇ ਦੀ ਖਰੀਦ ਨਾਲ ਸਬੰਧਤ ਮਸਲੇ ਹੱਲ ਨਾ ਕਰਕੇ ਕਿਸਾਨਾਂ ਅਤੇ ਦਾਣਾ ਮੰਡੀਆਂ ਦੇ ਮਜ਼ਦੂਰਾਂ ਨੂੰ ਮੰਡੀਆਂ ਵਿੱਚ ਪ੍ਰੇਸ਼ਾਨ ਕਰ ਰਹੀ ਹੈ। ਕਿਸਾਨ ਆਗੂਆਂ ਨੇ ਸਮੂਹ ਕਿਸਾਨਾਂ ਮਜ਼ਦੂਰਾਂ ਨੂੰ ਸੁਚੇਤ ਕਰਦਿਆਂ ਕਿ ਜੋ ਇਕਾ ਦੁੱਕਾ ਮੰਡੀਆਂ ਵਿੱਚ ਖਰੀਦ ਦਾ ਕੰਮ ਸ਼ੁਰੂ ਕੀਤਾ ਹੈ ਇਹ ਆਰਜੀ ਅਤੇ ਲੋਕਾਂ ਦੇ ਘੋਲ ਨੂੰ ਮੱਠਾ ਪਾਉਣ ਲਈ ਹੈ ਇਸ ਲਈ ਸਰਕਾਰ ਦੀ ਇਸ ਚਾਲ ਨੂੰ ਸਮਝਦਿਆਂ ਹੋਇਆਂ ਉਨਾਂ ਅਪੀਲ ਕੀਤੀ ਕਿ ਚੱਲ ਰਹੇ ਮੋਰਚਿਆਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਤਾਂ ਜੋ ਝੋਨੇ ਦੀ ਸਰਕਾਰੀ ਖਰੀਦ ਤੇ ਝੋਨਾ ਖਰੀਦਣ ਅਤੇ ਮੰਡੀਆਂ ਚੋਂ ਚੁਕਾਉਣ ਲਈ ਸਰਕਾਰ ਨੂੰ ਮਜਬੂਰ ਕਰੀਏ।