ਚੰਡੀਗੜ੍ਹ, 1 ਮਾਰਚ 2020 -ਆਮ ਆਦਮੀ ਪਾਰਟੀ ਐਮ ਪੀ ਅਤੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਨਵਜੋਤ ਸਿੱਧੂ ਨੂੰ ਆਪ ਵਿਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ . ਅੱਜ ਇਥੇ ਮੀਡੀਆ ਕਰਮੀਆਂ ਨੂੰ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਸਿੱਧੂ ਨੂੰ ਅਜਿਹੀ ਪੇਸ਼ਕਸ਼ ਕੀਤੀ ਸੀ . ਦਿੱਲੀ ਵਿਧਾਨ ਸਭਾ ਚੋਣਾਂ ਦੇ ਤਾਜ਼ਾ ਨਤੀਜਿਆਂ ਤੋਂ ਬਾਅਦ ਅੱਜ ਅਹਿਲੀ ਵਾਰ ਇੰਨੀ ਸਿੱਧੀ ਆਫ਼ਰ ਭਗਵੰਤ ਮਾਨ ਨੇ ਸਿੱਧੂ ਨੂੰ ਕੀਤੀ . ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਭਗਵੰਤ ਮਾਨ ਨੇ ਕਿਹਾਂ ਕਿ ਉਹ ਪਹਿਲਾਂ ਵੀ ਚਾਹੁੰਦੇ ਸਨ ਤੇ ਅੱਜ ਵੀ ਚਾਹੁੰਦੇ ਨੇ ਕਿ ਨਵਜੋਤ ਸਿੱਧੂ ਉਨ੍ਹਾਂ ਦੀ ਪਾਰਟੀ 'ਚ ਸ਼ਾਮਲ ਹੋ ਜਾਣ।
ਮਾਨ ਨੇ ਕਿਹਾ ਕਿ ਮੈ ਨਵਜੋਤ ਸਿੱਧੂ ਨੂੰ ਇਮਾਨਦਾਰ ਲੀਡਰ ਮੰਨਦਾ ਹਾਂ। ਉਨ੍ਹਾਂ ਕਿਹਾ ਕਿ, 'ਮੈ ਸਿੱਧੂ ਦਾ ਕ੍ਰਿਕਟ ਦੇ ਸਮੇਂ ਤੋਂ ਹੀ ਫੈਨ ਹਾਂ ਅਤੇ ਅੱਜ ਵੀ ਸਿੱਧੂ ਦਾ ਫੈਨ ਹਾਂ। ਸਿੱਧੂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦੀ ਪੇਸ਼ਕਸ਼ ਵੀ ਕਰ ਚੁੱਕਾ ਹਾਂ ਅਤੇ ਜੇ ਨਵਜੋਤ ਸਿੱਧੂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੁੰਦੇ ਹਨ ਤਾਂ ਮੈ ਸਭ ਤੋਂ ਪਹਿਲਾ ਉਨ੍ਹਾਂ ਦਾ ਸਵਾਗਤ ਕਰਾਂਗਾ।
ਭਾਜਪਾ ਦੇ ਯੂਥ ਆਗੂ ਗੁਰਤੇਜ ਪਨੂੰ ਸਮੇਤ ਸੈਂਕੜੇ ਸਾਥੀਆਂ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ, ਭਗਵੰਤ ਮਾਨ ਨੇ ਕੀਤਾ ਸਵਾਗਤ
ਚੰਡੀਗੜ੍ਹ, 1 ਮਾਰਚ 2020
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਨਾਲ ਪਿਆਰ ਕਰਨੇ ਵਾਲੇ ਸਮੂਹ ਹਿਤੈਸ਼ੀਆਂ ਨੂੰ ਅਪੀਲ ਕਰਦੇ ਕਿਹਾ ਕਿ ਆਓ ਇੱਕਜੁਟ ਹੋ ਕੇ ਪੰਜਾਬ ਨੂੰ ਫਿਰ ਤੋਂ 'ਨੰਬਰ 1 ਸੂਬਾ' ਬਣਾਈਏ, ਕਿਉਂਕਿ ਕਾਂਗਰਸੀ ਅਤੇ ਅਕਾਲੀ-ਭਾਜਪਾ ਵਰਗੀਆਂ ਰਿਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਨੋਚ-ਨੋਚ ਕੇ ਖਾ ਲਿਆ ਹੈ। ਅੱਜ ਪੰਜਾਬ 'ਚ ਹਰ ਜੰਮਦੇ ਬੱਚੇ ਸਿਰ 70 ਹਜਾਰ ਰੁਪਏ ਤੋਂ ਵੱਧ ਦਾ ਕਰਜ਼ਾ ਹੁੰਦਾ ਹੈ। ਉਥੇ ਪੰਜਾਬ ਢਾਈ ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾਈ ਹੋ ਚੁੱਕਿਆ ਹੈ।
ਐਤਵਾਰ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਭਾਜਪਾ ਦੇ ਯੂਥ ਆਗੂ ਗੁਰਤੇਜ ਪਨੂੰ ਨੂੰ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਰਸਮੀ ਤੌਰ 'ਤੇ ਸ਼ਾਮਲ ਕਰਨ ਮੌਕੇ ਭਗਵੰਤ ਮਾਨ ਪੱਤਰਕਾਰਾਂ ਦੇ ਰੂ-ਬ-ਰੂ ਸਨ। ਸ਼ਾਮਲ ਹੋਣ ਵਾਲਿਆਂ ਵਿਚ ਹਨੀ ਬਾਜਵਾ, ਤੀਰਥ ਚਾਹਲ, ਰਵੀ ਪਠਾਨਕੋਟ, ਅਨੁਮੀਤ ਚੱਠਾ, ਬਨੀ ਸਿੱਧੂ, ਧੀਰਜ ਗੁੁਪਤਾ ਆਦਿ ਦੇ ਨਾਮ ਹਨ।
ਭਗਵੰਤ ਮਾਨ ਨੇ ਕਿਹਾ ਕਿ ਅਕਾਲੀ, ਕਾਂਗਰਸੀਆਂ ਦੀਆਂ ਭ੍ਰਿਸ਼ਟ ਅਤੇ ਮਾਫੀਆ ਸਰਕਾਰਾਂ ਨੇ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ ਕਿ ਪੰਜਾਬ ਦਾ ਭਵਿੱਖ ਕਹੇ ਜਾਣ ਵਾਲੇ ਪੜ੍ਹੇ-ਲਿਖੇ ਨੌਜਵਾਨ ਆਪਣੇ ਹੱਥਾਂ 'ਚ ਡਿਗਰੀਆਂ ਲੈ ਕੇ ਸੜਕਾਂ 'ਤੇ ਆਪਣੇ ਹੱਕਾਂ ਲਈ ਲੜ ਰਹੇ ਹਨ ਅਤੇ ਰਿਵਾਇਤੀ ਪਾਰਟੀਆਂ ਉਨ੍ਹਾਂ ਨੂੰ ਹੱਕ ਦੇਣ ਦੀ ਬਜਾਏ ਲਾਠੀਆਂ ਨਾਲ ਮਾਰਕੁਟ ਰਹੀ ਹੈ। ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੂੰ ਚੁੱਕੀ ਸੀ ਕਿ ਉਹ 4 ਹਫਤਿਆਂ ਦੇ ਵਿਚ ਨਸ਼ਾ ਤਸਕਰਾਂ ਨੂੰ ਕਾਬੂ ਕਰ ਲੈਣਗੇ ਪਰੰਤੂ ਅਫਸੋਸ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ, ਉਨ੍ਹਾਂ ਕਿਹਾ ਕਿ ਨੌਜਵਾਨ ਤਾਂ ਹੁਣ ਹਾਥੀਆਂ ਨੂੰ ਬੇਹੋਸ਼ ਕਰਨ ਵਾਲੀ ਦਵਾਈਆਂ ਦਾ ਇਸਤੇਮਾਲ ਕਰਨ ਲੱਗ ਪਏ ਹਨ ਅਤੇ ਇਸ ਦਵਾਈ ਦੀ ਓਵਰਡੋਜ ਨਾਲ ਉਹ ਮੌਤ ਦੇ ਮੂੰਹ ਵੱਲ ਜਾ ਰਹੇ ਹਨ।
ਭਗਵੰਤ ਮਾਨ ਨੇ ਕਿਹਾ, ''ਵੱਡੇ ਬਾਦਲ ਕਹਿ ਰਹੇ ਹਨ ਪੰਜਾਬ ਦੀ ਸੇਵਾ ਲਈ ਮੈਨੂੰ ਇਕ ਮੌਕੇ ਹੋਰ ਦੇ ਦਿਓ ਮੈਂ ਕਹਿਣਾ ਚਾਹੁੰਦਾ ਹਾਂ ਵੱਡੇ ਬਾਦਲ ਸਾਹਿਬ ਤੁਹਾਡੀ ਉਮਰ ਹੁਣ ਸੇਵਾ ਕਰਵਾਉਣ ਦੀ ਹੈ, ਪੰਜਾਬ ਦੀ ਯੂਥ ਨੂੰ ਮੌਕਾ ਦਿਓ ਪੰਜਾਬ ਦੀ ਸੇਵਾ ਲਈ।''
ਪੱਤਰਕਾਰ ਵੱਲੋਂ ਨਵਜੋਤ ਸਿੱਧੂ ਦੇ ਸੰਬੰਧ ਵਿਚ ਪੁੱਛੇ ਸਵਾਲਾਂ ਦਾ ਜਵਾਬ ਦਿੰਦੇ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ 'ਆਪ' 'ਚ ਆਉਂਦੇ ਹਨ ਤਾਂ ਸਭ ਤੋਂ ਪਹਿਲਾਂ ਉਹ ਉਨ੍ਹਾਂ ਦਾ ਪਾਰਟੀ ਵਿਚ ਸਵਾਗਤ ਕਰਨਗੇ। ਇਸਦੇ ਨਾਲ ਹੀ ਮਾਨ ਨੇ ਕਿਹਾ ਕਿ ਪੰਜਾਬ ਦੇ ਮੁੱਦੇ ਨਵਜੋਤ ਸਿੰਘ ਸਿੰਧੂ, ਭਗਵੰਤ ਮਾਨ, ਸੁਖਪਾਲ ਖਹਿਰਾ ਨਹੀਂ ਹਨ, ਪੰਜਾਬ ਦੇ ਅਸਲ ਮੱਦੇ ਕਿਸਾਨ ਖੁਦਕੁਸ਼ੀਆਂ, ਨਸ਼ੇ ਦੀ ਦਲਦਲ ਵਿਚ ਧਸਦਾ ਜਾ ਰਿਹਾ ਨੌਜਵਾਨ, ਬੇਰੁਜਗਾਰੀ ਆਦਿ ਹਨ।
ਭਗਵੰਤ ਮਾਨ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਬਜਟ ਨੂੰ ਲੋਕ ਵਿਰੋਧੀ ਅਤੇ ਪੰਜਾਬ ਵਿਰੋਧੀ ਕਰਾਰ ਦਿੰਦੇ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਖ਼ਾਲੀ ਖ਼ਜ਼ਾਨੇ 'ਚੋਂ ਇੱਕ ਵਾਰ ਫਿਰ ਖੋਖਲਾ ਬਜਟ ਪੇਸ਼ ਕੀਤਾ ਹੈ। ਮਨਪ੍ਰੀਤ ਸਿੰਘ ਬਾਦਲ ਨੇ ਕੈਪਟਨ ਸਰਕਾਰ 'ਚ ਚੌਥੀ ਵਾਰ ਖੋਖਲਾ ਬਜਟ ਪੇਸ਼ ਕਰਕੇ ਸੂਬੇ ਦੇ ਹਰੇਕ ਵਰਗ ਨੂੰ ਘੋਰ ਨਿਰਾਸ਼ਾ 'ਚ ਸੁੱਟ ਦਿੱਤਾ ਹੈ। ਮਾਨ ਨੇ ਕਿਹਾ ਕਿ ਪੰਜਾਬ ਦੇ ਵਿੱਤੀ ਹਾਲਾਤ ਸੁਧਰਨ ਦੀ ਥਾਂ ਨਿੱਘਰਦੇ ਹੀ ਜਾ ਰਹੀ ਹੈ ਅਤੇ ਪੰਜਾਬ 22,8906 ਕਰੋੜ ਰੁਪਏ ਦਾ ਕਰਜ਼ਾਈ ਹੋ ਚੁੱਕਾ ਹੈ, ਜੋ ਨਵੇਂ ਵਿੱਤੀ ਵਰ੍ਹੇ 2020-21 ਦੇ ਅੰਤ ਤੱਕ 248236 ਕਰੋੜ ਨੂੰ ਪਾਰ ਕਾਰ ਜਾਵੇਗਾ। ਮਾਨ ਨੇ ਚੁਟਕੀ ਲੈਂਦਿਆਂ ਕਿਹਾ ਕਿ ਪੰਜਾਬ ਦਾ ਬਜਟ ਘੱਟ ਸੀ ਉਰਦੂ ਸ਼ਾਇਰੀ ਜਿਆਦ ਸੀ।
ਭਗਵੰਤ ਮਾਨ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਗੁਰਤੇਜ ਪਨੂੰ ਬੀਜੇਪੀ ਦੇ ਆਗੂ ਅਨੁਰਾਗ ਠਾਕੁਰ ਦੀ ਟੀਮ ਵਿਚ ਕੰਮ ਕਰ ਰਹੇ ਸਨ ਪਰੰਤੂ ਹੁਣ ਗੁਰਤੇਜ ਸਿੰਘ ਪਨੂੰ ਆਮ ਆਦਮੀ ਪਾਰਟੀ ਦੀ ਦਿੱਲੀ ਵਿਖੇ ਕੀਤੇ ਗਏ ਕੰਮਾਂ ਤੋਂ ਪ੍ਰਭਾਵਿਤ ਹੋ ਕਿ ਉਹ 'ਆਪ' ਵਿਚ ਆਪਣੇ ਸੈਂਕੜੇ ਸਾਥੀਆਂ ਸਮੇਤ ਪਾਰਟੀ ਵਿਚ ਸ਼ਾਮਲ ਹੋ ਗਏ ਹਨ। 'ਆਪ' ਵਿਚ ਸ਼ਾਮਲ ਹੋਏ ਗੁਰਤੇਜ ਸਿੰਘ ਪਨੂੰ ਨੇ ਕਿਹਾ ਕਿ ਸਾਡੇ ਸਾਰੇ ਯੂਥ ਸਾਥੀ ਭਗਵੰਤ ਮਾਨ ਦੀ ਸੋਚ ਨਾਲ ਜੁੜ ਕੇ ਪੰਜਾਬ ਦੇ ਹਿੱਤਾਂ ਲਈ ਦਿਨ ਰਾਤ ਮਿਹਨਤ ਕਰਾਂਗੇ ਅਤੇ ਭਗਵੰਤ ਮਾਨ ਦੀ ਸੋਚ 'ਤੇ ਠੋਕ ਕੇ ਪਹਿਰਾ ਦੇਵਾਂਗੇ। ਪਨੂੰ ਨੇ ਕਿਹਾ ਕਿ ਉਹ ਪੰਜਾਬ ਦੇ ਹਰ ਹਲਕੇ ਵਿਚ ਯੂਥ ਨੂੰ ਆਪਣੇ ਨਾਲ ਜੋੜ ਕੇ ਪੰਜਾਬ ਦੀ ਬਰਬਾਦ ਹੋ ਰਹੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਦੀ ਮੁਹਿੰਮ ਸ਼ੁਰੂ ਕਰਨਗੇ।
ਇਸ ਮੌਕੇ 'ਆਪ' ਦੇ ਕੋਰ ਕਮੇਟੀ ਦੇ ਮੈਂਬਰ ਅਤੇ ਸੂਬਾ ਖਜਾਨਚੀ ਸੁਖਵਿੰਦਰ ਸੁੱਖੀ ਅਤੇ ਬੁਲਾਰਾ ਸਤਵੀਰ ਵਾਲੀਆ ਸਮੇਤ ਹੋਰ ਆਗੂ ਵਿਚ ਮੌਜੂਦ ਸਨ।
ਵੀਡੀਓ ਦੇਖਣ ਲਈ ਇਸ ਲਿੰਕ ਤੇ ਕਲਿੱਕ ਕਰੋ
https://www.facebook.com/BabushahiDotCom/videos/556968834923019/