ਖੇਤ ਮਜ਼ਦੂਰਾਂ ਵੱਲੋਂ ਕਿਸਾਨਾਂ ਤੇ ਜ਼ਬਰ ਢਾਹੁਣ ਅਤੇ ਧੱਕੇ ਨਾਲ ਜ਼ਮੀਨਾਂ ਐਕਵਾਇਰ ਕਰਨ ਦੀ ਨਿਖੇਧੀ
ਅਸ਼ੋਕ ਵਰਮਾ
ਬਠਿੰਡਾ,22 ਨਵੰਬਰ 2024: ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਪ੍ਰੈਸ ਬਿਆਨ ਰਾਹੀਂ 21 ਨਵੰਬਰ ਬਠਿੰਡਾ ਜ਼ਿਲ੍ਹੇ ਦੇ ਤਿੰਨ ਪਿੰਡਾਂ ਦੀ ਜਮੀਨ ਕਿਸਾਨਾਂ ਨੂੰ ਬਿਨਾਂ ਮੁਆਵਜ਼ਾ ਦਿੱਤਿਆਂ ਧੱਕੇ ਨਾਲ ਅਕਵਾਇਰ ਕਰਨ ਤੇ ਅੱਜ ਆਪਣੀ ਜ਼ਮੀਨ ਵੱਲ ਜਾ ਰਹੇ ਕਿਸਾਨ ਕਾਫ਼ਲਿਆਂ ਤੇ ਲਾਠੀਚਾਰਜ ਕਰਨ ਤੇ ਅੱਥਰੂ ਗੈਸ ਦੇ ਗੋਲੇ਼ ਦਾਗਣ ਵਾਲੀ ਜਾਬਰ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਹੈ। ਮਜ਼ਦੂਰ ਆਗੂਆਂ ਨੇ ਆਖਿਆ ਕਿ ਇਸ ਕਾਰਵਾਈ ਨਾਲ ਭਗਵੰਤ ਮਾਨ ਸਰਕਾਰ ਦਾ ਕਿਸਾਨ ਤੇ ਲੋਕ ਵਿਰੋਧੀ ਚਿਹਰਾ ਇੱਕ ਵਾਰ ਫਿਰ ਨੰਗਾ ਹੋ ਗਿਆ ਹੈ। ਉਹਨਾਂ ਆਖਿਆ ਕਿ ਭਗਵੰਤ ਮਾਨ ਅਤੇ ਆਪ ਸਰਕਾਰ ਕਿਸਾਨਾਂ ਦੀ ਸਹਿਮਤੀ ਬਿਨਾਂ ਜ਼ਮੀਨਾਂ ਐਕਵਾਇਰ ਨਾਂ ਕਰਨ ਦੇ ਐਲਾਨਾਂ ਤੋਂ ਭੱਜ ਕੇ ਕਾਰਪੋਰੇਟ ਘਰਾਣਿਆਂ ਦੀ ਸੇਵਾ ਵਿੱਚ ਭੁਗਤ ਰਹੇ ਹਨ।
ਉਹਨਾਂ ਆਖਿਆ ਕਿ ਬਦਲਾਅ ਦਾ ਝਾਂਸਾ ਦੇ ਕੇ ਸੱਤਾ 'ਚ ਆਈ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਜਿਮਨੀ ਚੋਣਾਂ ਲੰਘਣ ਸਾਰ ਕਿਸਾਨਾਂ ਦੀਆਂ ਜਮੀਨਾਂ 'ਤੇ ਭਾਰੀ ਪੁਲਿਸ ਬਲ ਨਾਲ ਧਾਵਾ ਬੋਲਣਾ ਉਸ ਦੀ ਪੰਜਾਬ ਤੇ ਲੋਕ ਵਿਰੋਧੀ ਨੀਤੀ ਦਾ ਹਿੱਸਾ ਹੈ। ਉਹਨਾਂ ਆਖਿਆ ਕਿ ਭਾਰਤ ਮਾਲਾ ਵਰਗੇ ਪ੍ਰੋਜੈਕਟਾਂ ਨੂੰ ਉਸਾਰਨ ਰਾਹੀਂ ਵਿਕਾਸ ਦੇ ਮਾਰੇ ਜਾ ਰਹੇ ਦਮਗਜ਼ੇ ਦਰਅਸਲ ਅੰਗਰੇਜ਼ਾਂ ਵਾਲੀ ਉਸੇ ਨੀਤੀ ਦਾ ਹਿੱਸਾ ਹੈ, ਜੀਹਦੇ ਤਹਿਤ ਉਹਨਾਂ ਵੱਲੋਂ ਭਾਰਤ ਨੂੰ ਗੁਲਾਮ ਬਣਾ ਕੇ ਇੱਥੋਂ ਦੇ ਕੱਚੇ ਮਾਲ ਤੇ ਹੋਰ ਕੁਦਰਤੀ ਸੋਮਿਆਂ ਨੂੰ ਲੁੱਟ ਕੇ ਬਰਤਾਨੀਆ ਭੇਜਣ ਅਤੇ ਉਥੋਂ ਭਾਫ ਇੰਜਣਾਂ ਤੇ ਹੋਰ ਤਕਨੀਕ ਨਾਲ ਵਸਤਾਂ ਤਿਆਰ ਕਰਕੇ ਭਾਰਤ 'ਚ ਲਿਆ ਕੇ ਭਾਰਤੀ ਲ਼ੋਕਾਂ ਨੂੰ ਲੁੱਟਣ ਖਾਤਰ ਨਹਿਰਾਂ,ਰੇਲਾਂ, ਸੜਕਾਂ ਤੇ ਟੈਲੀਫੋਨ, ਵਗੈਰਾ ਦਾ ਜਾਲ ਵਿਛਾਉਣ ਨੂੰ ਵੀ ਵਿਕਾਸ ਦਾ ਨਾਂ ਦਿੱਤਾ ਜਾਂਦਾ ਸੀ। ਉਹਨਾਂ ਆਖਿਆ ਕਿ ਜੇਕਰ ਉਸ ਸਮੇਂ ਦੇ ਵਿਕਾਸ ਮਾਡਲ ਨੂੰ ਅਸੀਂ ਗੁਲਾਮੀ ਤੇ ਲੁੱਟ ਆਖਦੇ ਹਾਂ ਤਾਂ ਫਿਰ ਅੱਜ ਕਾਰਪਰੇਟ ਘਰਾਣਿਆਂ ਦੀਆਂ ਵਪਾਰਕ ਲੋੜਾਂ ਨੂੰ ਮੁੱਖ ਰੱਖਦਿਆਂ ਇਥੋਂ ਦੀਆਂ ਜਮੀਨਾਂ ਧੱਕੇ ਨਾਲ ਐਕਵਾਇਰ ਕਰਨ ਨੂੰ ਵਿਕਾਸ ਨਹੀਂ ਵਿਨਾਸ਼ ਹੀ ਆਖਿਆ ਜਾ ਸਕਦਾ ਹੈ।